Logo aplikace Bible
Ikona vyhledávání

ਪਰਕਾਸ਼ 9

9
ਪੰਜਵੀਂ ਤੁਰ੍ਹੀ
1ਫਿਰ ਪੰਜਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਇੱਕ ਤਾਰਾ ਵਿਖਾਈ ਦਿੱਤਾ ਜਿਹੜਾ ਅਕਾਸ਼ ਤੋਂ ਧਰਤੀ 'ਤੇ ਡਿੱਗਿਆ ਸੀ ਅਤੇ ਉਸ ਨੂੰ ਅਥਾਹ ਕੁੰਡ ਦੀ ਕੁੰਜੀ ਦਿੱਤੀ ਗਈ। 2ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਉਸ ਕੁੰਡ ਵਿੱਚੋਂ ਧੂੰਆਂ ਉੱਠਿਆ ਜਿਵੇਂ ਬਹੁਤ ਵੱਡੀ ਭੱਠੀ ਵਿੱਚੋਂ ਉੱਠਦਾ ਹੈ ਅਤੇ ਉਸ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਹਵਾ ਕਾਲੇ ਹੋ ਗਏ। 3ਫਿਰ ਉਸ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੀਆਂ ਨਿੱਕਲ ਆਈਆਂ ਅਤੇ ਉਨ੍ਹਾਂ ਨੂੰ ਧਰਤੀ ਦੇ ਬਿੱਛੂਆਂ ਜਿਹੀ ਸ਼ਕਤੀ ਦਿੱਤੀ ਗਈ। 4ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਧਰਤੀ ਦੇ ਘਾਹ ਨੂੰ, ਨਾ ਕਿਸੇ ਹਰੇ ਪੌਦੇ ਨੂੰ ਅਤੇ ਨਾ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਕੇਵਲ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਹੈ। 5ਉਨ੍ਹਾਂ ਨੂੰ ਇਹ ਆਗਿਆ ਨਹੀਂ ਦਿੱਤੀ ਗਈ ਕਿ ਉਹ ਮਨੁੱਖਾਂ ਨੂੰ ਜਾਨੋਂ ਮਾਰਨ, ਪਰ ਇਹ ਕਿ ਉਨ੍ਹਾਂ ਨੂੰ ਪੰਜਾਂ ਮਹੀਨਿਆਂ ਤੱਕ ਦਰਦ ਦੇਣ ਅਤੇ ਉਨ੍ਹਾਂ ਦੁਆਰਾ ਦਿੱਤਾ ਦਰਦ ਅਜਿਹਾ ਸੀ ਜਿਵੇਂ ਬਿੱਛੂ ਦੇ ਡੰਗ ਮਾਰਨ 'ਤੇ ਮਨੁੱਖ ਨੂੰ ਹੁੰਦਾ ਹੈ। 6ਉਨ੍ਹਾਂ ਦਿਨਾਂ ਵਿੱਚ ਲੋਕ ਮੌਤ ਨੂੰ ਲੱਭਣਗੇ, ਪਰ ਉਹ ਨਹੀਂ ਮਿਲੇਗੀ; ਉਹ ਮਰਨਾ ਚਾਹੁਣਗੇ, ਪਰ ਮੌਤ ਉਨ੍ਹਾਂ ਤੋਂ ਦੂਰ ਭੱਜੇਗੀ।
7ਉਨ੍ਹਾਂ ਟਿੱਡੀਆਂ ਦਾ ਰੂਪ ਯੁੱਧ ਲਈ ਤਿਆਰ ਕੀਤੇ ਹੋਏ ਘੋੜਿਆਂ ਵਰਗਾ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਸੋਨੇ ਦੇ ਤਾਜ ਸਨ ਅਤੇ ਉਨ੍ਹਾਂ ਦੇ ਮੂੰਹ ਮਨੁੱਖਾਂ ਦੇ ਮੂੰਹ ਜਿਹੇ ਸਨ। 8ਉਨ੍ਹਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਅਤੇ ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ। 9ਉਨ੍ਹਾਂ ਦੇ ਸੀਨੇ-ਬੰਦ ਲੋਹੇ ਦੇ ਸੀਨੇ-ਬੰਦਾਂ ਜਿਹੇ ਸਨ ਅਤੇ ਉਨ੍ਹਾਂ ਦੇ ਖੰਭਾਂ ਦੀ ਅਵਾਜ਼ ਇਸ ਤਰ੍ਹਾਂ ਸੀ ਜਿਵੇਂ ਬਹੁਤ ਸਾਰੇ ਘੋੜਿਆਂ ਵਾਲੇ ਰੱਥ ਯੁੱਧ ਲਈ ਦੌੜਦੇ ਜਾ ਰਹੇ ਹੋਣ। 10ਉਨ੍ਹਾਂ ਦੀਆਂ ਪੂਛਾਂ ਬਿੱਛੂਆਂ ਵਾਂਗ ਡੰਗ ਵਾਲੀਆਂ ਸਨ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਪੰਜਾਂ ਮਹੀਨਿਆਂ ਤੱਕ ਮਨੁੱਖਾਂ ਨੂੰ ਕਸ਼ਟ ਪਹੁੰਚਾਉਣ ਦੀ ਸ਼ਕਤੀ ਸੀ। 11ਅਥਾਹ ਕੁੰਡ ਦਾ ਦੂਤ ਉਨ੍ਹਾਂ ਦਾ ਰਾਜਾ ਸੀ; ਉਸ ਦਾ ਨਾਮ ਇਬਰਾਨੀ ਵਿੱਚ ਅਬੱਦੋਨ ਅਤੇ ਯੂਨਾਨੀ ਵਿੱਚ ਅਪੁੱਲੂਓਨ ਹੈ।
12ਪਹਿਲੀ ਬਿਪਤਾ ਖ਼ਤਮ ਹੋ ਗਈ ਹੈ; ਵੇਖੋ, ਇਸ ਤੋਂ ਬਾਅਦ ਦੋ ਹੋਰ ਬਿਪਤਾਵਾਂ ਆਉਣ ਵਾਲੀਆਂ ਹਨ।
ਛੇਵੀਂ ਤੁਰ੍ਹੀ
13ਫਿਰ ਛੇਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਪਰਮੇਸ਼ਰ ਦੇ ਸਾਹਮਣੇ ਰੱਖੀ ਹੋਈ ਸੋਨੇ ਦੀ ਵੇਦੀ ਦੇ ਚਾਰਾਂ ਸਿੰਗਾਂ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ। 14ਉਸ ਨੇ ਛੇਵੇਂ ਸਵਰਗਦੂਤ ਨੂੰ ਜਿਸ ਕੋਲ ਤੁਰ੍ਹੀ ਸੀ, ਕਿਹਾ, “ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦੇ ਜਿਹੜੇ ਉਸ ਵੱਡੀ ਨਦੀ ਫ਼ਰਾਤ ਕੋਲ ਬੱਝੇ ਹੋਏ ਹਨ।” 15ਤਦ ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦਿੱਤਾ ਗਿਆ ਜਿਨ੍ਹਾਂ ਨੂੰ ਉਸ ਘੜੀ, ਦਿਨ, ਮਹੀਨੇ ਅਤੇ ਸਾਲ ਦੇ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਹ ਮਨੁੱਖਾਂ ਦੇ ਇੱਕ ਤਿਹਾਈ ਹਿੱਸੇ ਨੂੰ ਮਾਰ ਸੁੱਟਣ। 16ਘੋੜਸਵਾਰ ਫ਼ੌਜਾਂ ਦੀ ਗਿਣਤੀ ਵੀਹ ਕਰੋੜ ਸੀ; ਮੈਂ ਉਨ੍ਹਾਂ ਦੀ ਗਿਣਤੀ ਸੁਣੀ।
17ਮੈਨੂੰ ਦਰਸ਼ਨ ਵਿੱਚ ਘੋੜੇ ਅਤੇ ਉਨ੍ਹਾਂ ਦੇ ਸਵਾਰ ਇਸ ਤਰ੍ਹਾਂ ਵਿਖਾਈ ਦਿੱਤੇ: ਉਨ੍ਹਾਂ ਦੇ ਸੀਨੇ-ਬੰਦ ਅੱਗ ਵਰਗੇ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਵਰਗੇ ਪੀਲੇ ਸਨ ਅਤੇ ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਸੀ। 18ਇਨ੍ਹਾਂ ਤਿੰਨਾਂ ਮਹਾਂਮਾਰੀਆਂ ਅਰਥਾਤ ਅੱਗ, ਧੂੰਏਂ ਅਤੇ ਗੰਧਕ ਨਾਲ ਜੋ ਉਨ੍ਹਾਂ ਦੇ ਮੂੰਹ ਵਿੱਚੋਂ ਨਿੱਕਲ ਰਹੀ ਸੀ, ਮਨੁੱਖਾਂ ਦਾ ਇੱਕ ਤਿਹਾਈ ਹਿੱਸਾ ਮਾਰਿਆ ਗਿਆ। 19ਉਨ੍ਹਾਂ ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਹੈ, ਕਿਉਂਕਿ ਉਨ੍ਹਾਂ ਦੀਆਂ ਪੂਛਾਂ ਸੱਪਾਂ ਜਿਹੀਆਂ ਹਨ ਅਤੇ ਪੂਛਾਂ ਦੇ ਸਿਰ ਵੀ ਹਨ; ਇਨ੍ਹਾਂ ਨਾਲ ਹੀ ਉਹ ਨੁਕਸਾਨ ਪਹੁੰਚਾਉਂਦੇ ਹਨ।
20ਬਾਕੀ ਬਚੇ ਹੋਏ ਲੋਕਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਰੇ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ। ਉਹ ਦੁਸ਼ਟ ਆਤਮਾਵਾਂ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਨਾ ਹਟੇ ਜੋ ਨਾ ਵੇਖ ਸਕਦੀਆਂ, ਨਾ ਸੁਣ ਸਕਦੀਆਂ ਅਤੇ ਨਾ ਚੱਲ ਸਕਦੀਆਂ ਹਨ। 21ਉਨ੍ਹਾਂ ਨੇ ਨਾ ਆਪਣੇ ਹੱਤਿਆ ਦੇ ਕੰਮਾਂ ਤੋਂ, ਨਾ ਜਾਦੂ-ਟੂਣਿਆਂ ਤੋਂ, ਨਾ ਵਿਭਚਾਰਾਂ ਤੋਂ ਅਤੇ ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।

Právě zvoleno:

ਪਰਕਾਸ਼ 9: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas