ਪਰਕਾਸ਼ 7
7
ਮੋਹਰ ਲੱਗੇ ਹੋਏ ਇੱਕ ਲੱਖ ਚੁਤਾਲੀ ਹਜ਼ਾਰ ਇਸਰਾਏਲੀ
1ਇਸ ਤੋਂ ਬਾਅਦ ਮੈਂ ਚਾਰ ਸਵਰਗਦੂਤਾਂ ਨੂੰ ਧਰਤੀ ਦੇ ਚਾਰੇ ਕੋਨਿਆਂ ਉੱਤੇ ਖੜ੍ਹੇ ਵੇਖਿਆ ਅਤੇ ਉਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਫੜਿਆ ਹੋਇਆ ਸੀ ਤਾਂਕਿ ਨਾ ਧਰਤੀ ਉੱਤੇ, ਨਾ ਸਮੁੰਦਰ ਉੱਤੇ ਅਤੇ ਨਾ ਕਿਸੇ ਦਰਖ਼ਤ ਉੱਤੇ ਹਵਾ ਚੱਲੇ।
2ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਚੜ੍ਹਦੇ ਪਾਸਿਓਂ ਉੱਠਦੇ ਵੇਖਿਆ ਜਿਸ ਦੇ ਕੋਲ ਜੀਉਂਦੇ ਪਰਮੇਸ਼ਰ ਦੀ ਮੋਹਰ ਸੀ। ਉਸ ਨੇ ਉਨ੍ਹਾਂ ਚਾਰੇ ਸਵਰਗਦੂਤਾਂ ਨੂੰ ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, 3“ਜਦੋਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੋਹਰ ਨਹੀਂ ਲਾ ਦਿੰਦੇ, ਉਦੋਂ ਤੱਕ ਤੁਸੀਂ ਨਾ ਧਰਤੀ, ਨਾ ਸਮੁੰਦਰ ਅਤੇ ਨਾ ਹੀ ਦਰਖ਼ਤਾਂ ਦਾ ਕੋਈ ਨੁਕਸਾਨ ਕਰਿਓ।”
4ਫਿਰ ਜਿਨ੍ਹਾਂ ਉੱਤੇ ਮੋਹਰ ਲਾਈ ਗਈ ਸੀ ਮੈਂ ਉਨ੍ਹਾਂ ਦੀ ਗਿਣਤੀ ਸੁਣੀ; ਇਹ ਮੋਹਰ ਲੱਗੇ ਹੋਏ ਇੱਕ ਲੱਖ ਚੁਤਾਲੀ ਹਜ਼ਾਰ ਸਨ ਜਿਹੜੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਸਨ। 5ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲਾਈ ਗਈ; ਰਊਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; 6ਅਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਨਫ਼ਤਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; 7ਸ਼ਿਮਓਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; 8ਜ਼ਬੂਲੂਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲਾਈ ਗਈ।
ਵੱਡੇ ਕਸ਼ਟ ਵਿੱਚੋਂ ਆਈ ਭੀੜ
9ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਹਰੇਕ ਕੌਮ, ਗੋਤ, ਜਾਤੀ ਅਤੇ ਭਾਸ਼ਾ ਵਿੱਚੋਂ ਲੋਕਾਂ ਦੀ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸੀ ਸਕਦਾ, ਸਿੰਘਾਸਣ ਦੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਸੀ; ਉਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਸਨ। 10ਉਨ੍ਹਾਂ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ:
ਮੁਕਤੀ ਸਾਡੇ ਪਰਮੇਸ਼ਰ ਤੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ
ਅਤੇ ਲੇਲੇ ਤੋਂ ਹੈ।
11ਸਾਰੇ ਸਵਰਗਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰੇ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਸਿੰਘਾਸਣ ਦੇ ਸਾਹਮਣੇ ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕੀਤੀ ਅਤੇ ਕਿਹਾ:
12ਆਮੀਨ! ਉਸਤਤ, ਮਹਿਮਾ, ਬੁੱਧ, ਧੰਨਵਾਦ, ਆਦਰ,
ਸ਼ਕਤੀ ਅਤੇ ਸਮਰੱਥਾ ਯੁਗੋ-ਯੁਗ ਸਾਡੇ ਪਰਮੇਸ਼ਰ ਦੀ ਰਹੇ। ਆਮੀਨ!
13ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਸਫ਼ੇਦ ਵਸਤਰ ਪਹਿਨੇ ਹੋਏ ਲੋਕ ਕੌਣ ਹਨ ਅਤੇ ਕਿੱਥੋਂ ਆਏ ਹਨ?” 14ਮੈਂ ਉਸ ਨੂੰ ਕਿਹਾ, “ਹੇ ਮੇਰੇ ਪ੍ਰਭੂ, ਤੂੰ ਹੀ ਜਾਣਦਾ ਹੈਂ।” ਤਦ ਉਸ ਨੇ ਮੈਨੂੰ ਕਿਹਾ, “ਇਹ ਉਹ ਹਨ ਜਿਹੜੇ ਵੱਡੇ ਕਸ਼ਟ ਵਿੱਚੋਂ ਦੀ ਨਿੱਕਲ ਕੇ ਆਏ ਹਨ ਅਤੇ ਇਨ੍ਹਾਂ ਨੇ ਆਪਣੇ ਵਸਤਰਾਂ ਨੂੰ ਲੇਲੇ ਦੇ ਲਹੂ ਨਾਲ ਧੋ ਕੇ ਸਫ਼ੇਦ ਕੀਤਾ ਹੈ। 15ਇਸੇ ਕਾਰਨ ਇਹ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ ਅਤੇ ਰਾਤ-ਦਿਨ ਉਸ ਦੀ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਨ੍ਹਾਂ ਉੱਤੇ ਆਪਣੀ ਛਾਇਆ ਕਰੇਗਾ#7:15 ਮੂਲ ਸ਼ਬਦ ਅਰਥ: ਉਨ੍ਹਾਂ ਉੱਤੇ ਆਪਣਾ ਤੰਬੂ ਤਾਣੇਗਾ। 16ਉਹ ਅੱਗੇ ਤੋਂ ਨਾ ਭੁੱਖੇ ਅਤੇ ਨਾ ਪਿਆਸੇ ਹੋਣਗੇ ਅਤੇ ਨਾ ਸੂਰਜ ਅਤੇ ਨਾ ਕਿਸੇ ਤਰ੍ਹਾਂ ਦੀ ਲੂ ਉਨ੍ਹਾਂ ਨੂੰ ਸਾੜੇਗੀ, 17ਕਿਉਂਕਿ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ ਉਨ੍ਹਾਂ ਦੀ ਚਰਵਾਹੀ ਕਰੇਗਾ ਅਤੇ ਉਨ੍ਹਾਂ ਨੂੰ ਜੀਉਂਦੇ ਪਾਣੀਆਂ ਦੇ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ।”
Právě zvoleno:
ਪਰਕਾਸ਼ 7: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative