Logo aplikace Bible
Ikona vyhledávání

ਪਰਕਾਸ਼ 20

20
ਸ਼ੈਤਾਨ ਦਾ ਬੰਨ੍ਹਿਆ ਜਾਣਾ
1ਫਿਰ ਮੈਂ ਇੱਕ ਸਵਰਗਦੂਤ ਨੂੰ ਅਕਾਸ਼ ਤੋਂ ਉੱਤਰਦੇ ਵੇਖਿਆ ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ। 2ਉਸ ਨੇ ਅਜਗਰ ਅਰਥਾਤ ਉਸ ਪ੍ਰਾਚੀਨ ਸੱਪ ਨੂੰ ਫੜਿਆ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ ਅਤੇ ਉਸ ਨੂੰ ਇੱਕ ਹਜ਼ਾਰ ਸਾਲ ਲਈ ਬੰਨ੍ਹ ਦਿੱਤਾ। 3ਉਹ ਨੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਕੇ ਅਥਾਹ ਕੁੰਡ ਨੂੰ ਬੰਦ ਕਰ ਦਿੱਤਾ ਅਤੇ ਇਸ ਉੱਤੇ ਮੋਹਰ ਲਾ ਦਿੱਤੀ ਤਾਂਕਿ ਜਦੋਂ ਤੱਕ ਹਜ਼ਾਰ ਸਾਲ ਪੂਰੇ ਨਾ ਹੋ ਜਾਣ, ਉਹ ਫਿਰ ਕਦੇ ਕੌਮਾਂ ਨੂੰ ਭਰਮਾ ਨਾ ਸਕੇ। ਇਸ ਤੋਂ ਬਾਅਦ ਉਸ ਨੂੰ ਥੋੜ੍ਹੇ ਸਮੇਂ ਲਈ ਛੱਡਿਆ ਜਾਣਾ ਜ਼ਰੂਰੀ ਹੈ।
ਮਸੀਹ ਦੇ ਨਾਲ ਰਾਜ
4ਫਿਰ ਮੈਂ ਤਖ਼ਤ ਵੇਖੇ ਅਤੇ ਜਿਹੜੇ ਉਨ੍ਹਾਂ ਉੱਤੇ ਬੈਠੇ ਸਨ ਉਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ। ਮੈਂ ਉਨ੍ਹਾਂ ਲੋਕਾਂ ਦੀਆਂ ਆਤਮਾਵਾਂ ਨੂੰ ਵੀ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਵੱਢੇ ਗਏ ਸਨ। ਉਨ੍ਹਾਂ ਨੇ ਉਸ ਪਸ਼ੂ ਦੀ ਅਤੇ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਆਪਣੇ ਮੱਥੇ ਉੱਤੇ ਅਤੇ ਨਾ ਆਪਣੇ ਹੱਥ ਉੱਤੇ ਮੋਹਰ ਲਵਾਈ ਸੀ; ਉਹ ਜੀਉਂਦੇ ਹੋ ਗਏ ਅਤੇ ਮਸੀਹ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕੀਤਾ। 5ਜਦੋਂ ਤੱਕ ਹਜ਼ਾਰ ਸਾਲ ਪੂਰੇ ਨਾ ਹੋ ਗਏ, ਬਾਕੀ ਦੇ ਮੁਰਦੇ ਜੀਉਂਦੇ ਨਾ ਹੋਏ। ਇਹ ਪਹਿਲਾ ਪੁਨਰ-ਉਥਾਨ ਹੈ। 6ਧੰਨ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲੇ ਪੁਨਰ-ਉਥਾਨ ਵਿੱਚ ਸ਼ਾਮਲ ਹੈ! ਉਨ੍ਹਾਂ ਉੱਤੇ ਦੂਜੀ ਮੌਤ ਦਾ ਕੋਈ ਅਧਿਕਾਰ ਨਹੀਂ ਹੈ, ਸਗੋਂ ਉਹ ਪਰਮੇਸ਼ਰ ਦੇ ਅਤੇ ਮਸੀਹ ਦੇ ਯਾਜਕ ਹੋਣਗੇ ਅਤੇ ਉਸ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕਰਨਗੇ।
ਸ਼ੈਤਾਨ ਦਾ ਨਾਸ
7ਜਦੋਂ ਹਜ਼ਾਰ ਸਾਲ ਪੂਰੇ ਹੋ ਜਾਣਗੇ ਤਾਂ ਸ਼ੈਤਾਨ ਦੇ ਬੰਧਨ ਖੋਲ੍ਹ ਦਿੱਤੇ ਜਾਣਗੇ 8ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਅਰਥਾਤ ਗੋਗ ਅਤੇ ਮਗੋਗ ਵਿੱਚ ਵੱਸਦੀਆਂ ਕੌਮਾਂ ਨੂੰ ਭਰਮਾਉਣ ਲਈ ਜਾਵੇਗਾ ਤਾਂਕਿ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇ; ਉਨ੍ਹਾਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਹੈ। 9ਉਨ੍ਹਾਂ ਸਾਰੀ ਧਰਤੀ ਉੱਤੇ ਹਮਲਾ ਕਰਕੇ ਸੰਤਾਂ#20:9 ਅਰਥਾਤ ਪਵਿੱਤਰ ਲੋਕਾਂ ਦੀ ਛਾਉਣੀ ਅਤੇ ਉਸ ਪਿਆਰੀ ਨਗਰੀ ਨੂੰ ਘੇਰ ਲਿਆ। ਤਦ ਸਵਰਗ ਤੋਂ ਅੱਗ ਉੱਤਰੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ। 10ਫਿਰ ਸ਼ੈਤਾਨ ਨੂੰ ਜਿਸ ਨੇ ਉਨ੍ਹਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਹ ਪਸ਼ੂ ਅਤੇ ਝੂਠਾ ਨਬੀ ਹੈ; ਉਹ ਉੱਥੇ ਯੁਗੋ-ਯੁਗ ਰਾਤ-ਦਿਨ ਕਸ਼ਟ ਭੋਗਣਗੇ।
ਨਿਆਂ ਦਾ ਵੱਡਾ ਚਿੱਟਾ ਸਿੰਘਾਸਣ
11ਫਿਰ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਉਸ ਨੂੰ ਵੇਖਿਆ ਅਤੇ ਧਰਤੀ ਅਤੇ ਅਕਾਸ਼ ਉਸ ਦੇ ਸਾਹਮਣਿਓਂ ਭੱਜ ਗਏ ਅਤੇ ਉਨ੍ਹਾਂ ਲਈ ਕੋਈ ਥਾਂ ਨਾ ਲੱਭਾ। 12ਫਿਰ ਮੈਂ ਛੋਟੇ-ਵੱਡੇ ਸਭ ਮੁਰਦਿਆਂ ਨੂੰ ਸਿੰਘਾਸਣ#20:12 ਕੁਝ ਹਸਤਲੇਖਾਂ ਵਿੱਚ “ਸਿੰਘਾਸਣ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਦੇ ਸਾਹਮਣੇ ਖੜ੍ਹੇ ਵੇਖਿਆ ਅਤੇ ਪੁਸਤਕਾਂ ਖੋਲ੍ਹੀਆਂ ਗਈਆਂ। ਤਦ ਇੱਕ ਹੋਰ ਪੁਸਤਕ ਖੋਲ੍ਹੀ ਗਈ ਜਿਹੜੀ ਜੀਵਨ ਦੀ ਪੁਸਤਕ ਹੈ ਅਤੇ ਮੁਰਦਿਆਂ ਦਾ ਨਿਆਂ ਉਨ੍ਹਾਂ ਦੇ ਕੰਮਾਂ ਦੇ ਅਧਾਰ 'ਤੇ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਕੀਤਾ ਗਿਆ। 13ਸਮੁੰਦਰ ਨੇ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਸ ਵਿੱਚ ਸਨ, ਮੋੜ ਦਿੱਤਾ ਅਤੇ ਮੌਤ ਅਤੇ ਪਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਨ੍ਹਾਂ ਵਿੱਚ ਸਨ, ਮੋੜ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਦਾ ਨਿਆਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। 14ਤਦ ਮੌਤ ਅਤੇ ਪਤਾਲ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ; ਅੱਗ ਦੀ ਇਹ ਝੀਲ ਦੂਜੀ ਮੌਤ ਹੈ। 15ਜਿਸ ਦਾ ਨਾਮ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਾ ਮਿਲਿਆ, ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।

Právě zvoleno:

ਪਰਕਾਸ਼ 20: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas