ਯਾਕੂਬ 5
5
ਧਨਵਾਨਾਂ ਨੂੰ ਚਿਤਾਵਨੀ
1ਹੁਣ ਹੇ ਧਨਵਾਨੋ, ਸੁਣੋ! ਉਨ੍ਹਾਂ ਬਿਪਤਾਵਾਂ ਕਰਕੇ ਰੋਵੋ ਅਤੇ ਵਿਰਲਾਪ ਕਰੋ ਜਿਹੜੀਆਂ ਤੁਹਾਡੇ 'ਤੇ ਆਉਣ ਵਾਲੀਆਂ ਹਨ। 2ਤੁਹਾਡਾ ਧਨ-ਦੌਲਤ ਸੜ ਗਿਆ ਹੈ ਅਤੇ ਤੁਹਾਡੇ ਵਸਤਰਾਂ ਨੂੰ ਕੀੜੇ ਖਾ ਗਏ ਹਨ। 3ਤੁਹਾਡਾ ਸੋਨਾ ਅਤੇ ਚਾਂਦੀ ਕਾਲਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਕਾਲਖ ਤੁਹਾਡੇ ਵਿਰੁੱਧ ਇੱਕ ਗਵਾਹੀ ਹੋਵੇਗੀ ਅਤੇ ਇਹ ਤੁਹਾਡੇ ਸਰੀਰ ਨੂੰ ਅੱਗ ਵਾਂਗ ਖਾ ਜਾਵੇਗੀ। ਤੁਸੀਂ ਆਖਰੀ ਦਿਨਾਂ ਵਿੱਚ ਧਨ ਇਕੱਠਾ ਕੀਤਾ ਹੈ। 4ਵੇਖੋ, ਤੁਹਾਡੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਜੋ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ, ਪੁਕਾਰਦੀ ਹੈ ਅਤੇ ਵਾਢਿਆਂ ਦੀ ਪੁਕਾਰ ਸੈਨਾ ਦੇ ਪ੍ਰਭੂ ਦੇ ਕੰਨਾਂ ਤੱਕ ਪਹੁੰਚੀ ਹੈ। 5ਤੁਸੀਂ ਧਰਤੀ ਉੱਤੇ ਐਸ਼ਪ੍ਰਸਤੀ ਕੀਤੀ ਅਤੇ ਭੋਗ-ਵਿਲਾਸ ਦਾ ਜੀਵਨ ਬਿਤਾਇਆ। ਤੁਸੀਂ ਆਪਣੇ ਦਿਲਾਂ ਨੂੰ ਘਾਤ ਕੀਤੇ ਜਾਣ ਦੇ ਦਿਨ ਲਈ ਮੋਟਾ-ਤਾਜ਼ਾ ਕੀਤਾ ਹੈ। 6ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ ਮਾਰ ਸੁੱਟਿਆ; ਉਹ ਤੁਹਾਡਾ ਵਿਰੋਧ ਨਹੀਂ ਕਰਦਾ।
ਪ੍ਰਭੂ ਦੀ ਆਮਦ ਦੀ ਉਡੀਕ
7ਇਸ ਲਈ ਹੇ ਭਾਈਓ, ਪ੍ਰਭੂ ਦੀ ਆਮਦ ਤੱਕ ਧੀਰਜ ਰੱਖੋ। ਵੇਖੋ, ਕਿਸਾਨ ਧਰਤੀ ਦੀ ਵਡਮੁੱਲੀ ਉਪਜ ਦੇ ਲਈ ਪਹਿਲਾ ਅਤੇ ਆਖਰੀ ਮੀਂਹ ਪੈਣ ਤੱਕ ਬੜੇ ਧੀਰਜ ਨਾਲ ਉਡੀਕ ਕਰਦਾ ਹੈ; 8ਤੁਸੀਂ ਵੀ ਧੀਰਜ ਰੱਖੋ। ਆਪਣੇ ਦਿਲਾਂ ਨੂੰ ਦ੍ਰਿੜ੍ਹ ਕਰੋ, ਕਿਉਂਕਿ ਪ੍ਰਭੂ ਦੀ ਆਮਦ ਨੇੜੇ ਹੈ। 9ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਬੁੜਬੁੜਾਓ ਨਾ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੋਸ਼ੀ ਠਹਿਰਾਏ ਜਾਓ; ਵੇਖੋ, ਨਿਆਂਕਾਰ ਦਰਵਾਜ਼ੇ 'ਤੇ ਖੜ੍ਹਾ ਹੈ। 10ਹੇ ਭਾਈਓ, ਉਨ੍ਹਾਂ ਨਬੀਆਂ ਨੂੰ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲਦੇ ਸਨ, ਧੀਰਜ ਰੱਖਣ ਅਤੇ ਦੁੱਖ ਸਹਿਣ ਦਾ ਨਮੂਨਾ ਸਮਝੋ। 11ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਕਹਿੰਦੇ ਹਾਂ ਜਿਨ੍ਹਾਂ ਨੇ ਧੀਰਜ ਰੱਖਿਆ। ਤੁਸੀਂ ਅੱਯੂਬ ਦੇ ਧੀਰਜ ਬਾਰੇ ਸੁਣਿਆ ਹੈ ਅਤੇ ਪ੍ਰਭੂ ਵੱਲੋਂ ਉਸ ਨੂੰ ਮਿਲੇ ਪ੍ਰਤਿਫਲ ਨੂੰ ਵੀ ਵੇਖਿਆ ਹੈ ਕਿ ਪ੍ਰਭੂ ਦਇਆਵਾਨ ਅਤੇ ਤਰਸ ਨਾਲ ਭਰਪੂਰ ਹੈ।
ਸੌਂਹ ਨਾ ਖਾਣੀ
12ਹੇ ਮੇਰੇ ਭਾਈਓ, ਸਭ ਤੋਂ ਵੱਡੀ ਗੱਲ ਇਹ ਕਿ ਸੌਂਹ ਨਾ ਖਾਣੀ; ਨਾ ਸਵਰਗ ਦੀ, ਨਾ ਧਰਤੀ ਦੀ ਅਤੇ ਨਾ ਹੀ ਕਿਸੇ ਹੋਰ ਵਸਤੂ ਦੀ। ਪਰ ਤੁਹਾਡੀ “ਹਾਂ” ਦੀ “ਹਾਂ” ਅਤੇ “ਨਾਂਹ” ਦੀ “ਨਾਂਹ” ਹੋਵੇ, ਤਾਂਕਿ ਅਜਿਹਾ ਨਾ ਹੋਵੇ ਕਿ ਤੁਸੀਂ ਸਜ਼ਾ ਦੇ ਹੇਠ ਆ ਜਾਓ।
ਵਿਸ਼ਵਾਸ ਦੀ ਪ੍ਰਾਰਥਨਾ
13ਕੀ ਤੁਹਾਡੇ ਵਿੱਚੋਂ ਕੋਈ ਦੁਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਕੀ ਕੋਈ ਪ੍ਰਸੰਨ ਹੈ? ਤਾਂ ਉਹ ਭਜਨ ਗਾਵੇ। 14ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਯਾ ਦੇ ਬਜ਼ੁਰਗਾਂ#5:14 ਅਰਥਾਤ ਆਗੂਆਂ ਨੂੰ ਸੱਦੇ ਅਤੇ ਉਹ ਪ੍ਰਭੂ ਦੇ ਨਾਮ ਵਿੱਚ ਉਸ ਉੱਤੇ ਤੇਲ ਮਲ ਕੇ ਪ੍ਰਾਰਥਨਾ ਕਰਨ। 15ਵਿਸ਼ਵਾਸ ਦੀ ਪ੍ਰਾਰਥਨਾ ਉਸ ਬਿਮਾਰ ਨੂੰ ਚੰਗਾ ਕਰੇਗੀ ਤੇ ਪ੍ਰਭੂ ਉਸ ਨੂੰ ਉਠਾ ਖੜ੍ਹਾ ਕਰੇਗਾ ਅਤੇ ਜੇ ਉਸ ਨੇ ਪਾਪ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ। 16ਇਸ ਲਈ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਚੰਗੇ ਕੀਤੇ ਜਾਓ। ਧਰਮੀ ਵਿਅਕਤੀ ਦੀ ਪ੍ਰਾਰਥਨਾ ਨਾਲ ਬਹੁਤ ਕੁਝ ਹੋ ਸਕਦਾ ਹੈ। 17ਏਲੀਯਾਹ ਵੀ ਸਾਡੇ ਵਰਗਾ ਹੀ ਇੱਕ ਮਨੁੱਖ ਸੀ ਤੇ ਉਸ ਨੇ ਮਨ ਤੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ ਅਤੇ ਸਾਢੇ ਤਿੰਨ ਸਾਲ ਧਰਤੀ ਉੱਤੇ ਮੀਂਹ ਨਾ ਪਿਆ। 18ਜਦੋਂ ਉਸ ਨੇ ਫੇਰ ਪ੍ਰਾਰਥਨਾ ਕੀਤੀ ਤਾਂ ਅਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੀ ਉਪਜ ਪੈਦਾ ਕੀਤੀ।
19ਹੇ ਮੇਰੇ ਭਾਈਓ, ਜੇ ਤੁਹਾਡੇ ਵਿੱਚੋਂ ਕੋਈ ਸੱਚ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ, 20ਤਾਂ ਉਹ ਜਾਣ ਲਵੇ ਕਿ ਜਿਹੜਾ ਰਾਹ ਤੋਂ ਭਟਕੇ ਹੋਏ ਪਾਪੀ ਨੂੰ ਮੋੜ ਲਿਆਉਂਦਾ ਹੈ ਉਹ ਉਸ ਦੇ ਪ੍ਰਾਣ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤ ਸਾਰੇ ਪਾਪਾਂ ਨੂੰ ਢੱਕ ਦੇਵੇਗਾ।
Právě zvoleno:
ਯਾਕੂਬ 5: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative