ਇਬਰਾਨੀਆਂ 9
9
ਸੰਸਾਰਕ ਪਵਿੱਤਰ ਸਥਾਨ
1ਇਸ ਲਈ ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਸੀ। 2ਕਿਉਂਕਿ ਇੱਕ ਤੰਬੂ ਸਥਾਪਤ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਹੁੰਦੀਆਂ ਸਨ; ਇਹ ਪਵਿੱਤਰ ਸਥਾਨ ਕਹਾਉਂਦਾ ਸੀ। 3ਦੂਜੇ ਪਰਦੇ ਦੇ ਅੰਦਰ ਤੰਬੂ ਦਾ ਉਹ ਹਿੱਸਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ, 4ਜਿੱਥੇ ਧੂਫ਼ ਧੁਖਾਉਣ ਦੀ ਸੁਨਹਿਰੀ ਵੇਦੀ ਅਤੇ ਨੇਮ ਦਾ ਸੰਦੂਕ ਸੀ ਜੋ ਚਾਰੇ ਪਾਸਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ। ਇਸ ਵਿੱਚ ਸੋਨੇ ਦਾ ਇੱਕ ਮਰਤਬਾਨ ਸੀ ਜਿਸ ਵਿੱਚ ਮੰਨਾ, ਹਾਰੂਨ ਦੀ ਪੁੰਗਰੀ ਹੋਈ ਸੋਟੀ ਅਤੇ ਨੇਮ ਦੀਆਂ ਪੱਟੀਆਂ ਸਨ। 5ਸੰਦੂਕ ਦੇ ਉੱਤੇ ਤੇਜ ਦੇ ਕਰੂਬ ਸਨ ਜਿਨ੍ਹਾਂ ਨੇ ਪ੍ਰਾਸਚਿਤ ਦੇ ਸਥਾਨ ਨੂੰ ਢਕਿਆ ਹੋਇਆ ਸੀ; ਇਨ੍ਹਾਂ ਵਸਤਾਂ ਬਾਰੇ ਇੱਕ-ਇੱਕ ਕਰਕੇ ਦੱਸਣਾ ਸੰਭਵ ਨਹੀਂ ਹੈ।
6ਇਨ੍ਹਾਂ ਵਸਤਾਂ ਦੇ ਇਸ ਤਰ੍ਹਾਂ ਰੱਖੇ ਜਾਣ ਤੋਂ ਬਾਅਦ ਯਾਜਕ ਹਮੇਸ਼ਾ ਤੰਬੂ ਦੇ ਪਹਿਲੇ ਹਿੱਸੇ ਵਿੱਚ ਜਾ ਕੇ ਸੇਵਾ ਦੇ ਕੰਮ ਨੂੰ ਪੂਰਾ ਕਰਦੇ ਸਨ। 7ਪਰ ਤੰਬੂ ਦੇ ਦੂਜੇ ਹਿੱਸੇ ਅੰਦਰ ਕੇਵਲ ਮਹਾਂਯਾਜਕ ਹੀ ਸਾਲ ਵਿੱਚ ਇੱਕ ਵਾਰ ਪ੍ਰਵੇਸ਼ ਕਰਦਾ ਸੀ ਅਤੇ ਉਹ ਬਿਨਾਂ ਲਹੂ ਦੇ ਨਹੀਂ ਜਾਂਦਾ ਸੀ, ਜਿਸ ਨੂੰ ਉਹ ਆਪਣੇ ਲਈ ਅਤੇ ਲੋਕਾਂ ਵੱਲੋਂ ਅਣਜਾਣੇ ਵਿੱਚ ਕੀਤੇ ਪਾਪਾਂ ਲਈ ਚੜ੍ਹਾਉਂਦਾ ਸੀ। 8ਇਸ ਤੋਂ ਪਵਿੱਤਰ ਆਤਮਾ ਇਹ ਦਰਸਾਉਂਦਾ ਹੈ ਕਿ ਜਦੋਂ ਤੱਕ ਤੰਬੂ ਦਾ ਪਹਿਲਾ ਹਿੱਸਾ ਕਾਇਮ ਸੀ ਉਦੋਂ ਤੱਕ ਅੱਤ ਪਵਿੱਤਰ ਸਥਾਨ ਦੇ ਅੰਦਰ ਜਾਣ ਦਾ ਰਾਹ ਪਰਗਟ ਨਹੀਂ ਹੋਇਆ ਸੀ। 9ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਅਜਿਹੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਹਨ ਜਿਹੜੇ ਸੇਵਾ ਕਰਨ ਵਾਲੇ ਦੇ ਵਿਵੇਕ ਨੂੰ ਪੂਰੀ ਤਰ੍ਹਾਂ ਸਿੱਧ ਨਹੀਂ ਕਰ ਸਕਦੇ। 10ਕਿਉਂਕਿ ਇਹ ਕੇਵਲ ਖਾਣ-ਪੀਣ ਅਤੇ ਵੱਖ-ਵੱਖ ਇਸ਼ਨਾਨਾਂ ਨਾਲ ਸੰਬੰਧਤ ਉਹ ਮਨੁੱਖੀ ਨਿਯਮ ਹਨ ਜਿਹੜੇ ਸੁਧਾਰ ਦੇ ਸਮੇਂ ਤੱਕ ਲਈ ਦਿੱਤੇ ਗਏ ਹਨ।
ਮਸੀਹ ਦੇ ਲਹੂ ਦੁਆਰਾ ਛੁਟਕਾਰਾ
11ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦੇ ਮਹਾਂਯਾਜਕ ਦੇ ਰੂਪ ਵਿੱਚ ਪਰਗਟ ਹੋਇਆ ਤਾਂ ਉਸ ਨੇ ਹੋਰ ਵੀ ਸ੍ਰੇਸ਼ਠ ਅਤੇ ਸਿੱਧ ਤੰਬੂ ਰਾਹੀਂ ਪ੍ਰਵੇਸ਼ ਕੀਤਾ ਜੋ ਹੱਥਾਂ ਦਾ ਨਹੀਂ ਬਣਿਆ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ। 12ਉਸ ਨੇ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੁਆਰਾ ਨਹੀਂ, ਬਲਕਿ ਆਪਣੇ ਲਹੂ ਦੁਆਰਾ ਇੱਕੋ ਵਾਰ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਕੇ ਸਾਡੇ ਲਈ ਸਦੀਪਕ ਛੁਟਕਾਰੇ ਨੂੰ ਪ੍ਰਾਪਤ ਕੀਤਾ। 13ਕਿਉਂਕਿ ਜੇ ਉਨ੍ਹਾਂ ਉੱਤੇ ਜਿਹੜੇ ਅਸ਼ੁੱਧ ਹਨ, ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਦਾ ਛਿੜਕਣਾ ਉਨ੍ਹਾਂ ਨੂੰ ਸਰੀਰ ਦੀ ਸ਼ੁੱਧਤਾ ਲਈ ਪਵਿੱਤਰ ਕਰਦਾ ਹੈ 14ਤਾਂ ਮਸੀਹ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਾਹਮਣੇ ਦੋਸ਼ ਰਹਿਤ ਬਲੀਦਾਨ ਦੇ ਰੂਪ ਵਿੱਚ ਭੇਟ ਚੜ੍ਹਾਇਆ, ਉਸ ਦਾ ਲਹੂ ਸਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਕਿੰਨਾ ਵਧੀਕ ਸ਼ੁੱਧ ਕਰੇਗਾ ਤਾਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਸੇਵਾ ਕਰੀਏ।
15ਇਸ ਕਾਰਨ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਪਹਿਲੇ ਨੇਮ ਦੇ ਅਧੀਨ ਕੀਤੇ ਗਏ ਅਪਰਾਧਾਂ ਤੋਂ ਛੁਟਕਾਰੇ ਲਈ ਇੱਕ ਮੌਤ ਹੋਈ ਤਾਂਕਿ ਜਿਹੜੇ ਬੁਲਾਏ ਜਾਂਦੇ ਹਨ ਉਹ ਸਦੀਪਕ ਮਿਰਾਸ ਦੇ ਵਾਇਦੇ ਨੂੰ ਪ੍ਰਾਪਤ ਕਰਨ। 16ਕਿਉਂਕਿ ਜਿੱਥੇ ਵਸੀਅਤਨਾਮਾ ਹੈ ਉੱਥੇ ਇਸ ਦੇ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਵੀ ਜ਼ਰੂਰੀ ਹੈ। 17ਵਸੀਅਤਨਾਮਾ ਤਾਂ ਮੌਤ ਤੋਂ ਬਾਅਦ ਹੀ ਪੱਕਾ ਹੁੰਦਾ ਹੈ। ਜਦੋਂ ਤੱਕ ਇਸ ਦਾ ਬਣਾਉਣ ਵਾਲਾ ਜੀਉਂਦਾ ਹੈ ਉਦੋਂ ਤੱਕ ਇਹ ਪੱਕਾ ਨਹੀਂ ਹੁੰਦਾ। 18ਇਸੇ ਕਾਰਨ ਪਹਿਲਾ ਨੇਮ ਵੀ ਲਹੂ ਤੋਂ ਬਿਨਾਂ ਸਥਾਪਤ ਨਹੀਂ ਕੀਤਾ ਗਿਆ। 19ਜਦੋਂ ਮੂਸਾ ਸਭਨਾਂ ਲੋਕਾਂ ਨੂੰ ਬਿਵਸਥਾ ਦਾ ਹਰੇਕ ਹੁਕਮ ਸੁਣਾ ਹਟਿਆ ਤਾਂ ਉਸ ਨੇ ਵੱਛਿਆਂ ਅਤੇ ਬੱਕਰਿਆਂ ਦੇ ਲਹੂ ਨੂੰ ਪਾਣੀ ਦੇ ਨਾਲ ਲੈ ਕੇ ਇਸ ਨੂੰ ਲਾਲ ਉੱਨ ਅਤੇ ਜ਼ੂਫੇ ਨਾਲ ਉਸ ਪੁਸਤਕ ਉੱਤੇ ਅਤੇ ਸਭਨਾਂ ਲੋਕਾਂ ਉੱਤੇ ਛਿੜਕਿਆ 20ਅਤੇ ਕਿਹਾ,“ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਹੁਕਮ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ।”#ਕੂਚ 24:8 21ਇਸੇ ਤਰ੍ਹਾਂ ਉਸ ਨੇ ਤੰਬੂ ਅਤੇ ਸੇਵਾ ਦੀਆਂ ਸਾਰੀਆਂ ਵਸਤਾਂ ਉੱਤੇ ਵੀ ਲਹੂ ਛਿੜਕਿਆ। 22ਬਿਵਸਥਾ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫ਼ੀ ਹੈ ਹੀ ਨਹੀਂ।
23ਇਸ ਲਈ ਜ਼ਰੂਰੀ ਸੀ ਕਿ ਸਵਰਗੀ ਵਸਤਾਂ ਦੇ ਨਮੂਨੇ ਇਨ੍ਹਾਂ ਬਲੀਦਾਨਾਂ ਦੁਆਰਾ ਸ਼ੁੱਧ ਕੀਤੇ ਜਾਂਦੇ, ਪਰ ਸਵਰਗੀ ਵਸਤਾਂ ਇਨ੍ਹਾਂ ਨਾਲੋਂ ਵੀ ਉੱਤਮ ਬਲੀਦਾਨਾਂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ। 24ਕਿਉਂਕਿ ਮਸੀਹ ਨੇ ਹੱਥਾਂ ਦੇ ਬਣਾਏ ਹੋਏ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਨਹੀਂ ਕੀਤਾ ਜੋ ਕਿ ਅਸਲ ਵਸਤਾਂ ਦੀ ਨਕਲ ਸੀ, ਬਲਕਿ ਸਿੱਧਾ ਸਵਰਗ ਵਿੱਚ ਪ੍ਰਵੇਸ਼ ਕੀਤਾ ਤਾਂਕਿ ਹੁਣ ਸਾਡੀ ਖਾਤਰ ਪਰਮੇਸ਼ਰ ਦੇ ਸਨਮੁੱਖ ਪਰਗਟ ਹੋਵੇ। 25ਇਸ ਲਈ ਨਹੀਂ ਕਿ ਉਹ ਆਪਣੇ ਆਪ ਨੂੰ ਬਾਰ-ਬਾਰ ਬਲੀਦਾਨ ਚੜ੍ਹਾਵੇ ਜਿਵੇਂ ਮਹਾਂਯਾਜਕ ਹਰ ਸਾਲ ਆਪਣਾ ਨਹੀਂ ਸਗੋਂ ਕਿਸੇ ਹੋਰ ਦਾ ਲਹੂ ਲੈ ਕੇ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਸੀ, 26ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਮੁੱਢ ਤੋਂ ਬਾਰ-ਬਾਰ ਦੁੱਖ ਝੱਲਣਾ ਪੈਂਦਾ; ਪਰ ਹੁਣ ਉਹ ਯੁਗਾਂ ਦੇ ਅੰਤ ਵਿੱਚ ਇੱਕੋ ਵਾਰ ਪਰਗਟ ਹੋਇਆ ਤਾਂਕਿ ਆਪਣੇ ਬਲੀਦਾਨ ਦੇ ਦੁਆਰਾ ਪਾਪ ਨੂੰ ਮਿਟਾਵੇ। 27ਜਿਵੇਂ ਮਨੁੱਖਾਂ ਦੇ ਲਈ ਇੱਕ ਵਾਰ ਮਰਨਾ ਠਹਿਰਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਨਿਆਂ ਹੁੰਦਾ ਹੈ 28ਉਸੇ ਤਰ੍ਹਾਂ ਮਸੀਹ ਵੀ ਇੱਕੋ ਵਾਰ ਬਲੀਦਾਨ ਹੋਇਆ ਤਾਂਕਿ ਬਹੁਤਿਆਂ ਦੇ ਪਾਪਾਂ ਨੂੰ ਚੁੱਕ ਲੈ ਜਾਵੇ; ਹੁਣ ਦੂਜੀ ਵਾਰ ਉਹ ਪਾਪ ਚੁੱਕਣ ਲਈ ਨਹੀਂ, ਸਗੋਂ ਉਨ੍ਹਾਂ ਲਈ ਪਰਗਟ ਹੋਵੇਗਾ ਜਿਹੜੇ ਮੁਕਤੀ ਲਈ ਉਸ ਦੀ ਉਡੀਕ ਕਰ ਰਹੇ ਹਨ।
Právě zvoleno:
ਇਬਰਾਨੀਆਂ 9: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative