ਇਬਰਾਨੀਆਂ 12
12
ਧੀਰਜ ਸਹਿਤ ਦੌੜਨਾ
1ਇਸ ਲਈ ਜਦੋਂ ਕਿ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ ਅਸੀਂ ਹਰੇਕ ਬੋਝ ਅਤੇ ਉਸ ਪਾਪ ਨੂੰ ਜੋ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ, ਦੂਰ ਕਰਕੇ ਧੀਰਜ ਸਹਿਤ ਉਸ ਦੌੜ ਵਿੱਚ ਦੌੜੀਏ ਜੋ ਸਾਡੇ ਸਾਹਮਣੇ ਰੱਖੀ ਹੋਈ ਹੈ 2ਅਤੇ ਸਾਡੇ ਵਿਸ਼ਵਾਸ ਦੇ ਕਰਤਾ ਅਤੇ ਸਿੱਧ ਕਰਨ ਵਾਲੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਸ ਨੇ ਉਸ ਅਨੰਦ ਦੀ ਖਾਤਰ ਜੋ ਉਸ ਦੇ ਸਾਹਮਣੇ ਰੱਖਿਆ ਹੋਇਆ ਸੀ, ਸ਼ਰਮਿੰਦਗੀ ਦੀ ਚਿੰਤਾ ਕੀਤੇ ਬਿਨਾਂ ਸਲੀਬ ਦੇ ਦੁੱਖ ਨੂੰ ਸਹਿ ਲਿਆ ਅਤੇ ਪਰਮੇਸ਼ਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਇਆ।
ਪਰਮੇਸ਼ਰ ਪਿਤਾ ਵੱਲੋਂ ਤਾੜਨਾ
3ਇਸ ਲਈ ਯਿਸੂ ਉੱਤੇ ਧਿਆਨ ਦਿਓ ਜਿਸ ਨੇ ਆਪਣੇ ਵਿਰੁੱਧ ਪਾਪੀਆਂ ਦੇ ਅਜਿਹੇ ਵਿਰੋਧ ਨੂੰ ਸਹਿ ਲਿਆ ਕਿ ਤੁਸੀਂ ਮਨਾਂ ਵਿੱਚ ਨਿਰਾਸ਼ ਹੋ ਕੇ ਹੌਸਲਾ ਨਾ ਹਾਰ ਜਾਓ। 4ਪਾਪ ਵਿਰੁੱਧ ਲੜਦਿਆਂ ਤੁਸੀਂ ਐਨਾ ਸੰਘਰਸ਼ ਨਹੀਂ ਕੀਤਾ ਕਿ ਤੁਹਾਨੂੰ ਲਹੂ ਵਹਾਉਣਾ ਪਿਆ ਹੋਵੇ। 5ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜੋ ਤੁਹਾਨੂੰ ਪੁੱਤਰ ਕਹਿ ਕੇ ਸੰਬੋਧਤ ਕਰਦਾ ਹੈ:
ਹੇ ਮੇਰੇ ਪੁੱਤਰ, ਪ੍ਰਭੂ ਦੀ ਤਾੜਨਾ ਨੂੰ ਤੁੱਛ ਨਾ ਜਾਣ
ਅਤੇ ਜਦੋਂ ਉਹ ਤੈਨੂੰ ਝਿੜਕੇ ਤਾਂ ਨਿਰਾਸ਼ ਨਾ ਹੋ।
6 ਕਿਉਂਕਿ ਪ੍ਰਭੂ ਜਿਸ ਨੂੰ ਪਿਆਰ ਕਰਦਾ ਹੈ ਉਸ ਨੂੰ ਤਾੜਦਾ ਵੀ ਹੈ
ਅਤੇ ਜਿਸ ਨੂੰ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਉਸ ਨੂੰ ਕੋਰੜੇ ਵੀ ਮਾਰਦਾ ਹੈ। #
ਕਹਾਉਤਾਂ 3:11-12
7ਤੁਸੀਂ ਇਸ ਕਸ਼ਟ ਨੂੰ ਤਾੜਨਾ ਸਮਝ ਕੇ ਸਹਿ ਲਵੋ; ਪਰਮੇਸ਼ਰ ਤੁਹਾਨੂੰ ਪੁੱਤਰ ਜਾਣ ਕੇ ਤੁਹਾਡੇ ਨਾਲ ਵਿਹਾਰ ਕਰਦਾ ਹੈ। ਕਿਉਂਕਿ ਉਹ ਕਿਹੜਾ ਪੁੱਤਰ ਹੈ ਜਿਸ ਦਾ ਪਿਤਾ ਉਸ ਦੀ ਤਾੜਨਾ ਨਹੀਂ ਕਰਦਾ? 8ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜਿਸ ਦੇ ਸਾਂਝੀਦਾਰ ਸਾਰੇ ਹੁੰਦੇ ਹਨ, ਤਾਂ ਤੁਸੀਂ ਪੁੱਤਰ ਨਹੀਂ ਬਲਕਿ ਨਜਾਇਜ਼ ਔਲਾਦ ਹੋ। 9ਇਸ ਤੋਂ ਇਲਾਵਾ ਜਦੋਂ ਸਾਡੇ ਸਰੀਰਕ ਪਿਤਾ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕੀਤਾ, ਤਾਂ ਕੀ ਸਾਨੂੰ ਆਤਮਾਵਾਂ ਦੇ ਪਿਤਾ ਦੇ ਹੋਰ ਜ਼ਿਆਦਾ ਅਧੀਨ ਨਹੀਂ ਹੋਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ? 10ਕਿਉਂਕਿ ਉਹ ਤਾਂ ਆਪਣੀ ਸਮਝ ਦੇ ਅਨੁਸਾਰ ਕੁਝ ਸਮੇਂ ਲਈ ਸਾਡੀ ਤਾੜਨਾ ਕਰਦੇ ਸਨ, ਪਰ ਪਰਮੇਸ਼ਰ ਸਾਡੇ ਲਾਭ ਲਈ ਕਰਦਾ ਹੈ ਤਾਂਕਿ ਅਸੀਂ ਉਸ ਦੀ ਪਵਿੱਤਰਤਾ ਵਿੱਚ ਸਾਂਝੀ ਹੋਈਏ। 11ਹਰ ਤਰ੍ਹਾਂ ਦੀ ਤਾੜਨਾ ਉਸ ਸਮੇਂ ਤਾਂ ਚੰਗੀ ਨਹੀਂ ਲੱਗਦੀ ਸਗੋਂ ਦੁੱਖਦਾਈ ਹੀ ਲੱਗਦੀ ਹੈ, ਪਰ ਜਿਹੜੇ ਇਸ ਦੇ ਦੁਆਰਾ ਪਰਿਪੱਕ ਹੋ ਗਏ ਹਨ, ਅੱਗੇ ਚੱਲ ਕੇ ਉਨ੍ਹਾਂ ਨੂੰ ਧਾਰਮਿਕਤਾ ਦਾ ਸ਼ਾਂਤੀਦਾਇਕ ਫਲ ਦਿੰਦੀ ਹੈ।
12ਇਸ ਲਈ ਢਿੱਲੇ ਪੈ ਗਏ ਹੱਥਾਂ ਅਤੇ ਭਿੜਦੇ ਗੋਡਿਆਂ ਨੂੰ ਤਕੜੇ ਕਰੋ#ਯਸਾਯਾਹ 35:3 13ਅਤੇ ਆਪਣੇ ਪੈਰਾਂ ਲਈ ਰਾਹਾਂ ਨੂੰ ਪੱਧਰੇ ਬਣਾਓ#ਕਹਾਉਤਾਂ 4:26 ਤਾਂਕਿ ਜਿਹੜਾ ਲੰਗੜਾ ਹੈ ਉਸ ਦੇ ਜੋੜ ਨਾ ਖਿਸਕਣ, ਬਲਕਿ ਉਹ ਚੰਗਾ ਕੀਤਾ ਜਾਵੇ।
ਪਰਮੇਸ਼ਰ ਦੀ ਕਿਰਪਾ ਦਾ ਇਨਕਾਰ ਕਰਨ ਵਿਰੁੱਧ ਚਿਤਾਵਨੀ
14ਹਰੇਕ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾ ਵਿੱਚ ਬਣੇ ਰਹਿਣ ਦਾ ਯਤਨ ਕਰੋ ਜਿਸ ਦੇ ਬਿਨਾਂ ਕੋਈ ਪ੍ਰਭੂ ਨੂੰ ਨਹੀਂ ਵੇਖੇਗਾ। 15ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹਿ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਕੁੜੱਤਣ ਦੀ ਕੋਈ ਜੜ੍ਹ ਫੁੱਟ ਕੇ ਤੁਹਾਡੇ ਲਈ ਦੁੱਖ ਦਾ ਕਾਰਨ ਬਣੇ ਅਤੇ ਇਸ ਦੇ ਦੁਆਰਾ ਬਹੁਤ ਸਾਰੇ ਅਸ਼ੁੱਧ ਹੋ ਜਾਣ; 16ਅਤੇ ਨਾ ਹੀ ਤੁਹਾਡੇ ਵਿਚਕਾਰ ਕੋਈ ਜ਼ਨਾਹਕਾਰ ਜਾਂ ਏਸਾਓ ਵਾਂਗ ਅਧਰਮੀ ਹੋਵੇ ਜਿਸ ਨੇ ਇੱਕ ਵੇਲੇ ਦੀ ਰੋਟੀ ਲਈ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। 17ਤੁਸੀਂ ਜਾਣਦੇ ਹੋ ਕਿ ਜਦੋਂ ਉਸ ਨੇ ਬਾਅਦ ਵਿੱਚ ਉਸ ਬਰਕਤ ਦਾ ਵਾਰਸ ਬਣਨਾ ਚਾਹਿਆ ਤਾਂ ਅਯੋਗ ਗਿਣਿਆ ਗਿਆ, ਕਿਉਂਕਿ ਉਸ ਨੂੰ ਪਛਤਾਵੇ ਦਾ ਮੌਕਾ ਨਾ ਮਿਲਿਆ ਭਾਵੇਂ ਉਸ ਨੇ ਹੰਝੂ ਵਹਾ-ਵਹਾ ਕੇ ਇਸ ਨੂੰ ਭਾਲਿਆ।
18ਤੁਸੀਂ ਅਜਿਹੇ ਪਹਾੜ ਕੋਲ ਨਹੀਂ ਆਏ ਜਿਸ ਨੂੰ ਛੂਹਿਆ ਜਾ ਸਕੇ, ਨਾ ਬਲਦੀ ਹੋਈ ਅੱਗ ਕੋਲ, ਨਾ ਹਨੇਰੇ, ਨਾ ਕਾਲੀ ਘਟਾ, ਨਾ ਹਨੇਰੀ-ਤੂਫਾਨ, 19ਨਾ ਤੁਰ੍ਹੀ ਦੇ ਸ਼ਬਦ ਅਤੇ ਨਾ ਸ਼ਬਦਾਂ ਦੀ ਅਵਾਜ਼ ਕੋਲ ਜਿਸ ਦੇ ਸੁਣਨ ਵਾਲਿਆਂ ਨੇ ਬੇਨਤੀ ਕੀਤੀ ਕਿ ਸਾਨੂੰ ਕੋਈ ਹੋਰ ਸ਼ਬਦ ਨਾ ਕਿਹਾ ਜਾਵੇ। 20ਕਿਉਂਕਿ ਉਹ ਇਸ ਹੁਕਮ ਨੂੰ ਨਾ ਸਹਿ ਸਕੇ:“ਜੇ ਕੋਈ ਜਾਨਵਰ ਵੀ ਇਸ ਪਹਾੜ ਨੂੰ ਛੂਹੇ ਤਾਂ ਉਹ ਪਥਰਾਓ ਕਰ ਕੇ ਮਾਰਿਆ ਜਾਵੇ#12:20 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਾਂ ਨੇਜੇ ਨਾਲ ਵਿੰਨ੍ਹ ਦਿੱਤਾ ਜਾਵੇ” ਲਿਖਿਆ ਹੈ।।”#ਕੂਚ 19:12-13 21ਉਹ ਦ੍ਰਿਸ਼ ਐਨਾ ਭਿਆਨਕ ਸੀ ਕਿ ਮੂਸਾ ਨੇ ਕਿਹਾ,“ਮੈਂ ਬਹੁਤ ਡਰਦਾ ਅਤੇ ਕੰਬਦਾ ਹਾਂ।”#ਬਿਵਸਥਾ 9:19 22ਪਰ ਤੁਸੀਂ ਸੀਯੋਨ ਪਹਾੜ ਅਤੇ ਜੀਉਂਦੇ ਪਰਮੇਸ਼ਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਅਣਗਿਣਤ ਸਵਰਗਦੂਤਾਂ ਕੋਲ, 23ਅਤੇ ਉਨ੍ਹਾਂ ਜੇਠਿਆਂ ਦੀ ਸਭਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ, ਸਭਨਾਂ ਦੇ ਨਿਆਂਕਾਰ ਪਰਮੇਸ਼ਰ ਕੋਲ, ਸਿੱਧ ਕੀਤੇ ਹੋਏ ਧਰਮੀ ਲੋਕਾਂ ਦੀਆਂ ਆਤਮਾਵਾਂ ਕੋਲ, 24ਨਵੇਂ ਨੇਮ ਦੇ ਵਿਚੋਲਾ ਯਿਸੂ ਕੋਲ ਅਤੇ ਛਿੜਕਾਓ ਦੇ ਉਸ ਲਹੂ ਦੇ ਕੋਲ ਆਏ ਹੋ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਹਿੰਦਾ ਹੈ।
25ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਦਾ ਇਨਕਾਰ ਨਾ ਕਰੋ; ਕਿਉਂਕਿ ਜੇ ਉਹ ਧਰਤੀ ਉੱਤੇ ਚਿਤਾਵਨੀ ਦੇਣ ਵਾਲੇ ਦਾ ਇਨਕਾਰ ਕਰਕੇ ਨਾ ਬਚ ਸਕੇ ਤਾਂ ਅਸੀਂ ਸਵਰਗ ਤੋਂ ਚਿਤਾਵਨੀ ਦੇਣ ਵਾਲੇ ਤੋਂ ਬੇਮੁੱਖ ਹੋ ਕੇ ਕਿਵੇਂ ਬਚ ਸਕਾਂਗੇ? 26ਉਸ ਦੀ ਅਵਾਜ਼ ਨੇ ਉਸ ਸਮੇਂ ਧਰਤੀ ਨੂੰ ਹਿਲਾ ਦਿੱਤਾ, ਪਰ ਹੁਣ ਉਸ ਨੇ ਇਹ ਵਾਇਦਾ ਕੀਤਾ ਹੈ:“ਇੱਕ ਵਾਰ ਫੇਰ ਮੈਂ ਨਾ ਕੇਵਲ ਧਰਤੀ ਨੂੰ, ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ।”#ਹੱਜਈ 2:6 27ਹੁਣ ਇਹ ਕਥਨ “ਇੱਕ ਵਾਰ ਫਿਰ” ਦਰਸਾਉਂਦਾ ਹੈ ਕਿ ਹਿਲਾਈਆਂ ਜਾ ਸਕਣ ਵਾਲੀਆਂ ਅਰਥਾਤ ਸਿਰਜੀਆਂ ਗਈਆਂ ਵਸਤਾਂ ਹਟਾਈਆਂ ਜਾਣਗੀਆਂ ਤਾਂਕਿ ਜੋ ਹਿਲਾਈਆਂ ਨਹੀਂ ਜਾ ਸਕਦੀਆਂ ਉਹ ਕਾਇਮ ਰਹਿਣ।
28ਇਸ ਲਈ ਜਦੋਂ ਅਸੀਂ ਉਹ ਰਾਜ ਪ੍ਰਾਪਤ ਕਰਨ ਵਾਲੇ ਹਾਂ ਜੋ ਹਿਲਾਇਆ ਨਹੀਂ ਜਾ ਸਕਦਾ ਤਾਂ ਆਓ ਅਸੀਂ ਧੰਨਵਾਦੀ ਬਣੇ ਰਹੀਏ ਅਤੇ ਇਸ ਦੇ ਦੁਆਰਾ ਭੈ ਅਤੇ ਸ਼ਰਧਾ ਨਾਲ ਪਰਮੇਸ਼ਰ ਦੀ ਅਜਿਹੀ ਅਰਾਧਨਾ ਕਰੀਏ ਜੋ ਉਸ ਨੂੰ ਗ੍ਰਹਿਣਯੋਗ ਹੋਵੇ; 29ਕਿਉਂਕਿ ਸਾਡਾ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਹੈ।#ਬਿਵਸਥਾ 4:24; 9:3
Právě zvoleno:
ਇਬਰਾਨੀਆਂ 12: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative