Logo aplikace Bible
Ikona vyhledávání

ਗਲਾਤੀਆਂ 5

5
ਮਸੀਹ ਵਿੱਚ ਅਜ਼ਾਦੀ
1ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਤੋ। 2ਵੇਖੋ, ਮੈਂ ਪੌਲੁਸ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਉਂਦੇ ਹੋ ਤਾਂ ਤੁਹਾਨੂੰ ਮਸੀਹ ਤੋਂ ਕੁਝ ਲਾਭ ਨਹੀਂ ਹੋਵੇਗਾ। 3ਸਗੋਂ ਮੈਂ ਹਰੇਕ ਮਨੁੱਖ ਨੂੰ ਜਿਹੜਾ ਸੁੰਨਤ ਕਰਾਉਂਦਾ ਹੈ ਫੇਰ ਤੋਂ ਜਤਾਉਂਦਾ ਹਾਂ ਕਿ ਉਹ ਸਾਰੀ ਬਿਵਸਥਾ ਨੂੰ ਪੂਰਾ ਕਰਨ ਲਈ ਪਾਬੰਦ ਹੈ। 4ਤੁਸੀਂ ਜਿਹੜੇ ਬਿਵਸਥਾ ਦੇ ਰਾਹੀਂ ਧਰਮੀ ਠਹਿਰਨਾ ਚਾਹੁੰਦੇ ਹੋ ਮਸੀਹ ਤੋਂ ਦੂਰ ਹੋ ਅਤੇ ਕਿਰਪਾ ਤੋਂ ਡਿੱਗ ਗਏ ਹੋ। 5ਕਿਉਂਕਿ ਅਸੀਂ ਆਤਮਾ ਦੇ ਦੁਆਰਾ ਵਿਸ਼ਵਾਸ ਨਾਲ ਉਸ ਧਾਰਮਿਕਤਾ ਦੀ ਉਡੀਕ ਕਰਦੇ ਹਾਂ ਜਿਸ ਦੀ ਸਾਨੂੰ ਆਸ ਹੈ। 6ਕਿਉਂ ਜੋ ਮਸੀਹ ਯਿਸੂ ਵਿੱਚ ਨਾ ਸੁੰਨਤ ਦਾ ਕੋਈ ਮਹੱਤਵ ਹੈ ਨਾ ਅਸੁੰਨਤ ਦਾ, ਪਰ ਕੇਵਲ ਉਸ ਵਿਸ਼ਵਾਸ ਦਾ ਜਿਹੜਾ ਪ੍ਰੇਮ ਦੇ ਦੁਆਰਾ ਕੰਮ ਕਰਦਾ ਹੈ।
7ਤੁਸੀਂ ਤਾਂ ਚੰਗੀ ਤਰ੍ਹਾਂ ਦੌੜ ਰਹੇ ਸੀ, ਫਿਰ ਕਿਸ ਨੇ ਤੁਹਾਨੂੰ ਸਚਾਈ ਨੂੰ ਮੰਨਣ ਤੋਂ ਰੋਕ ਦਿੱਤਾ? 8ਇਹ ਸਿੱਖਿਆ ਤੁਹਾਡੇ ਬੁਲਾਉਣ ਵਾਲੇ ਦੀ ਵੱਲੋਂ ਨਹੀਂ ਹੈ। 9ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ। 10ਮੈਨੂੰ ਪ੍ਰਭੂ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਹੋਰਨਾਂ ਗੱਲਾਂ 'ਤੇ ਮਨ ਨਹੀਂ ਲਾਓਗੇ, ਪਰ ਜਿਹੜਾ ਤੁਹਾਨੂੰ ਉਲਝਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ, ਸਜ਼ਾ ਭੋਗੇਗਾ। 11ਪਰ ਹੇ ਭਾਈਓ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਕਿਉਂ ਸਤਾਇਆ ਜਾਂਦਾ ਹਾਂ? ਫਿਰ ਤਾਂ ਸਲੀਬ ਦੀ ਠੋਕਰ ਖ਼ਤਮ ਹੋ ਗਈ। 12ਕਾਸ਼ ਕਿ ਜਿਹੜੇ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਆਪਣਾ ਅੰਗ ਹੀ ਵੱਢ ਲੈਂਦੇ! 13ਕਿਉਂਕਿ ਹੇ ਭਾਈਓ, ਤੁਸੀਂ ਅਜ਼ਾਦੀ ਲਈ ਬੁਲਾਏ ਗਏ ਹੋ; ਇਸ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ, ਸਗੋਂ ਪ੍ਰੇਮ ਨਾਲ ਇੱਕ ਦੂਜੇ ਦੀ ਸੇਵਾ ਕਰੋ। 14ਕਿਉਂਕਿ ਸਾਰੀ ਬਿਵਸਥਾ ਇਸ ਇੱਕੋ ਗੱਲ ਵਿੱਚ ਪੂਰੀ ਹੋ ਜਾਂਦੀ ਹੈ:“ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”#ਲੇਵੀਆਂ 19:18 15ਪਰ ਜੇ ਤੁਸੀਂ ਇੱਕ ਦੂਜੇ ਨੂੰ ਹੀ ਵੱਢ-ਖਾਣ ਪੈਂਦੇ ਹੋ, ਤਾਂ ਸਾਵਧਾਨ ਰਹੋ ਕਿ ਕਿਤੇ ਅਜਿਹਾ ਨਾ ਹੋਵੇ ਜੋ ਇੱਕ ਦੂਜੇ ਦੁਆਰਾ ਹੀ ਨਾਸ ਕੀਤੇ ਜਾਓ।
ਆਤਮਾ ਦੇ ਅਨੁਸਾਰ ਚੱਲੋ
16ਪਰ ਮੈਂ ਕਹਿੰਦਾ ਹਾਂ ਕਿ ਆਤਮਾ ਦੇ ਦੁਆਰਾ ਚੱਲੋ ਤਾਂ ਤੁਸੀਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਿਆਂ ਨਾ ਕਰੋਗੇ, 17ਕਿਉਂਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਇੱਛਾ ਕਰਦਾ ਹੈ, ਕਿਉਂ ਜੋ ਇਹ ਇੱਕ ਦੂਜੇ ਦੇ ਵਿਰੋਧੀ ਹਨ, ਤਾਂਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਨਾ ਕਰ ਸਕੋ। 18ਪਰ ਜੇ ਤੁਸੀਂ ਆਤਮਾ ਦੁਆਰਾ ਚੱਲਦੇ ਹੋ ਤਾਂ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ। 19ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ ਜੋ ਇਹ ਹਨ: ਵਿਭਚਾਰ#5:19 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਨਸੀ ਅਨੈਤਿਕਤਾ, ਵਿਭਚਾਰ,” ਲਿਖਿਆ ਹੈ।, ਅਸ਼ੁੱਧਤਾ, ਲੁੱਚਪੁਣਾ, 20ਮੂਰਤੀ-ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਕ੍ਰੋਧ, ਸੁਆਰਥ, ਫੁੱਟਾਂ, ਧੜੇਬਾਜ਼ੀਆਂ, 21ਖਾਰ,#5:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੱਤਿਆ,” ਲਿਖਿਆ ਹੈ। ਮਤਵਾਲਾਪਣ, ਬਦਮਸਤੀਆਂ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅਗੇਤਾ ਹੀ ਕਹਿ ਦਿੰਦਾ ਹਾਂ, ਜਿਵੇਂ ਕਿ ਪਹਿਲਾਂ ਵੀ ਕਿਹਾ ਸੀ, ਕਿ ਅਜਿਹੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ।
22ਪਰ ਆਤਮਾ ਦਾ ਫਲ ਹੈ: ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫ਼ਾਦਾਰੀ, 23ਨਿਮਰਤਾ ਅਤੇ ਸੰਜਮ। ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ। 24ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਇਸ ਦੀਆਂ ਕਾਮਨਾਵਾਂ ਅਤੇ ਲਾਲਸਾਵਾਂ ਸਹਿਤ ਸਲੀਬ 'ਤੇ ਚੜ੍ਹਾ ਦਿੱਤਾ ਹੈ। 25ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਅਨੁਸਾਰ ਚੱਲੀਏ ਵੀ। 26ਅਸੀਂ ਹੰਕਾਰੀ ਬਣ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਈਰਖਾ ਕਰੀਏ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas