1 ਥੱਸਲੁਨੀਕੀਆਂ 4
4
ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ
1ਇਸ ਲਈ ਅੰਤ ਵਿੱਚ ਹੇ ਭਾਈਓ, ਅਸੀਂ ਤੁਹਾਨੂੰ ਪ੍ਰਭੂ ਯਿਸੂ ਵਿੱਚ ਬੇਨਤੀ ਕਰਦੇ ਅਤੇ ਉਤਸ਼ਾਹਿਤ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਤੋਂ ਸਿੱਖਿਆ ਜੋ ਕਿਵੇਂ ਜੀਉਣਾ ਅਤੇ ਕਿਵੇਂ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਜੋ ਕਿ ਤੁਸੀਂ ਕਰ ਵੀ ਰਹੇ ਹੋ, ਇਹ ਹੋਰ ਵੀ ਵਧੀਕ ਕਰਦੇ ਜਾਓ। 2ਕਿਉਂਕਿ ਤੁਸੀਂ ਉਨ੍ਹਾਂ ਹਿਦਾਇਤਾਂ ਨੂੰ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੀ ਵੱਲੋਂ ਦਿੱਤੀਆਂ। 3ਕਿਉਂ ਜੋ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ, ਤਾਂਕਿ ਤੁਸੀਂ ਵਿਭਚਾਰ ਤੋਂ ਦੂਰ ਰਹੋ। 4ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਸਰੀਰ#4:4 ਮੂਲ ਸ਼ਬਦ: ਬਰਤਨ ਨੂੰ ਪਵਿੱਤਰਤਾ ਅਤੇ ਆਦਰ ਸਹਿਤ ਵੱਸ ਵਿੱਚ ਰੱਖਣਾ ਜਾਣਦਾ ਹੋਵੇ, 5ਪਰਾਈਆਂ ਕੌਮਾਂ ਦੇ ਵਾਂਗ ਕਾਮਨਾ ਦੇ ਵੱਸ ਨਹੀਂ, ਜਿਹੜੀਆਂ ਪਰਮੇਸ਼ਰ ਨੂੰ ਨਹੀਂ ਜਾਣਦੀਆਂ। 6ਇਸ ਗੱਲ ਵਿੱਚ ਕੋਈ ਆਪਣੇ ਭਾਈ ਦੇ ਵਿਰੁੱਧ ਵਾਧਾ ਨਾ ਕਰੇ ਅਤੇ ਨਾ ਉਸ ਨਾਲ ਧੋਖਾ ਕਰੇ; ਪ੍ਰਭੂ ਇਨ੍ਹਾਂ ਸਾਰੀਆਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਅਤੇ ਚਿਤਾਵਨੀ ਦਿੱਤੀ ਸੀ। 7ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ, ਸਗੋਂ ਪਵਿੱਤਰਤਾ ਲਈ ਬੁਲਾਇਆ ਹੈ। 8ਇਸ ਲਈ ਜਿਹੜਾ ਇਸ ਗੱਲ ਨੂੰ ਨਕਾਰਦਾ ਹੈ ਉਹ ਮਨੁੱਖ ਨੂੰ ਨਹੀਂ, ਸਗੋਂ ਪਰਮੇਸ਼ਰ ਨੂੰ ਨਕਾਰਦਾ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦਾ ਹੈ#4:8 ਕੁਝ ਹਸਤਲੇਖਾਂ ਵਿੱਚ “ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦਾ ਹੈ” ਦੇ ਸਥਾਨ 'ਤੇ “ਜਿਸ ਨੇ ਸਾਨੂੰ ਆਪਣਾ ਪਵਿੱਤਰ ਆਤਮਾ ਵੀ ਦਿੱਤਾ ਹੈ” ਲਿਖਿਆ ਹੈ।।
ਭਰੱਪਣ ਦਾ ਪ੍ਰੇਮ
9ਹੁਣ ਮੈਨੂੰ ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ, ਕਿਉਂਕਿ ਇੱਕ ਦੂਜੇ ਨਾਲ ਪ੍ਰੇਮ ਰੱਖਣਾ ਤੁਹਾਨੂੰ ਪਰਮੇਸ਼ਰ ਨੇ ਹੀ ਸਿਖਾਇਆ ਹੈ। 10ਬਲਕਿ, ਤੁਸੀਂ ਮਕਦੂਨਿਯਾ ਦੇ ਸਾਰੇ ਭਾਈਆਂ ਦੇ ਪ੍ਰਤੀ ਇਸੇ ਤਰ੍ਹਾਂ ਕਰਦੇ ਵੀ ਹੋ। ਪਰ ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ। 11ਸ਼ਾਂਤ ਜੀਵਨ ਜੀਉਣ ਦਾ ਭਰਪੂਰ ਯਤਨ ਕਰੋ, ਆਪੋ-ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ, ਜਿਵੇਂ ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ, 12ਤਾਂਕਿ ਤੁਸੀਂ ਬਾਹਰ ਵਾਲਿਆਂ ਦੇ ਸਾਹਮਣੇ ਸਹੀ ਜੀਵਨ ਜੀ ਸਕੋ ਅਤੇ ਤੁਹਾਨੂੰ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ#4:12 ਜਾਂ “ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ”।
ਮਸੀਹ ਦੀ ਆਮਦ
13ਹੇ ਭਾਈਓ, ਅਸੀਂ ਨਹੀਂ ਚਾਹੁੰਦੇ#4:13 ਕੁਝ ਹਸਤਲੇਖਾਂ ਵਿੱਚ “ਅਸੀਂ ਨਹੀਂ ਚਾਹੁੰਦੇ” ਦੇ ਸਥਾਨ 'ਤੇ “ਮੈਂ ਨਹੀਂ ਚਾਹੁੰਦਾ” ਲਿਖਿਆ ਹੈ। ਕਿ ਤੁਸੀਂ ਉਨ੍ਹਾਂ ਦੇ ਵਿਖੇ ਜਿਹੜੇ ਸੌਂ ਗਏ ਹਨ, ਅਣਜਾਣ ਰਹੋ ਤਾਂਕਿ ਅਜਿਹਾ ਨਾ ਹੋਵੇ ਕਿ ਤੁਹਾਨੂੰ ਵੀ ਹੋਰਨਾਂ ਆਸਹੀਣ ਮਨੁੱਖਾਂ ਵਾਂਗ ਸੋਗ ਕਰਨਾ ਪਵੇ। 14ਕਿਉਂਕਿ ਜੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਪਰਮੇਸ਼ਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਸ ਦੇ ਨਾਲ ਲਿਆਵੇਗਾ।
15ਅਸੀਂ ਤੁਹਾਨੂੰ ਪ੍ਰਭੂ ਦੇ ਵਚਨ ਦੇ ਅਧਾਰ 'ਤੇ ਕਹਿੰਦੇ ਹਾਂ ਕਿ ਅਸੀਂ ਜਿਹੜੇ ਪ੍ਰਭੂ ਦੀ ਆਮਦ ਤੱਕ ਜੀਉਂਦੇ ਬਚੇ ਰਹਾਂਗੇ, ਉਨ੍ਹਾਂ ਤੋਂ ਜਿਹੜੇ ਸੌਂ ਗਏ ਹਨ ਪਹਿਲਾਂ ਅੱਗੇ ਨਹੀਂ ਜਾਵਾਂਗੇ। 16ਕਿਉਂਕਿ ਪ੍ਰਭੂ ਆਪ ਲਲਕਾਰ ਨਾਲ ਪ੍ਰਧਾਨ ਸਵਰਗਦੂਤ ਦੀ ਅਵਾਜ਼ ਅਤੇ ਪਰਮੇਸ਼ਰ ਦੀ ਤੁਰ੍ਹੀ ਦੀ ਅਵਾਜ਼ ਨਾਲ ਸਵਰਗ ਤੋਂ ਉੱਤਰੇਗਾ ਅਤੇ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ ਉਹ ਪਹਿਲਾਂ ਜੀ ਉੱਠਣਗੇ। 17ਤਦ ਅਸੀਂ ਜਿਹੜੇ ਜੀਉਂਦੇ ਅਤੇ ਬਚੇ ਹੋਵਾਂਗੇ, ਉਨ੍ਹਾਂ ਦੇ ਨਾਲ ਹਵਾ ਵਿੱਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਉੱਤੇ ਉਠਾਏ ਜਾਵਾਂਗੇ; ਇਸ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ। 18ਸੋ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਦਿਲਾਸਾ ਦਿਆ ਕਰੋ।
Právě zvoleno:
1 ਥੱਸਲੁਨੀਕੀਆਂ 4: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative