Logo aplikace Bible
Ikona vyhledávání

1 ਥੱਸਲੁਨੀਕੀਆਂ 2

2
ਪੌਲੁਸ ਦੁਆਰਾ ਖੁਸ਼ਖ਼ਬਰੀ ਦਾ ਪ੍ਰਚਾਰ
1ਹੇ ਭਾਈਓ, ਤੁਸੀਂ ਆਪ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਗਿਆ। 2ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੀ ਵਾਰ ਫਿਲਿੱਪੈ ਵਿੱਚ ਦੁੱਖ ਝੱਲਣ ਅਤੇ ਦੁਰਵਿਹਾਰ ਸਹਿਣ ਤੋਂ ਬਾਅਦ ਅਸੀਂ ਪਰਮੇਸ਼ਰ ਕੋਲੋਂ ਅਜਿਹੀ ਦਲੇਰੀ ਪਾਈ ਕਿ ਭਾਰੀ ਵਿਰੋਧ ਦੇ ਬਾਵਜੂਦ ਵੀ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਈ; 3ਕਿਉਂਕਿ ਸਾਡਾ ਉਪਦੇਸ਼ ਧੋਖੇ ਦਾ ਨਹੀਂ ਅਤੇ ਨਾ ਅਸ਼ੁੱਧਤਾ ਦਾ ਅਤੇ ਨਾ ਹੀ ਭਰਮਾਉਣ ਵਾਲਾ ਹੈ। 4ਸਗੋਂ ਜਿਵੇਂ ਪਰਮੇਸ਼ਰ ਨੇ ਸਾਨੂੰ ਯੋਗ ਸਮਝਿਆ ਕਿ ਸਾਨੂੰ ਖੁਸ਼ਖ਼ਬਰੀ ਦੀ ਜ਼ਿੰਮੇਵਾਰੀ ਸੌਂਪੇ, ਅਸੀਂ ਉਸੇ ਤਰ੍ਹਾਂ ਬੋਲਦੇ ਹਾਂ; ਮਨੁੱਖਾਂ ਨੂੰ ਖੁਸ਼ ਕਰਨ ਲਈ ਨਹੀਂ ਬਲਕਿ ਪਰਮੇਸ਼ਰ ਨੂੰ ਖੁਸ਼ ਕਰਨ ਲਈ ਜਿਹੜਾ ਸਾਡੇ ਦਿਲਾਂ ਨੂੰ ਜਾਂਚਦਾ ਹੈ।
5ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਨਾ ਤਾਂ ਅਸੀਂ ਚਾਪਲੂਸੀ ਦੀਆਂ ਗੱਲਾਂ ਕੀਤੀਆਂ ਅਤੇ ਨਾ ਲੋਭ ਲਈ ਬਹਾਨਾ ਕੀਤਾ; ਪਰਮੇਸ਼ਰ ਗਵਾਹ ਹੈ। 6ਅਸੀਂ ਮਨੁੱਖਾਂ ਤੋਂ ਪ੍ਰਸ਼ੰਸਾ ਨਹੀਂ ਚਾਹੀ; ਨਾ ਤੁਹਾਡੇ ਤੋਂ ਅਤੇ ਨਾ ਦੂਜਿਆਂ ਤੋਂ। 7ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਬੋਝ ਪਾ ਸਕਦੇ ਸੀ, ਪਰ ਅਸੀਂ ਤੁਹਾਡੇ ਵਿਚਕਾਰ ਅਜਿਹੇ ਕੋਮਲ ਬਣੇ, ਜਿਵੇਂ ਇੱਕ ਦੁੱਧ ਪਿਆਉਣ ਵਾਲੀ ਮਾਂ ਕੋਮਲਤਾ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀ ਹੈ। 8ਸੋ ਸਾਡਾ ਤੁਹਾਡੇ ਨਾਲ ਐਨਾ ਮੋਹ ਹੋ ਗਿਆ ਕਿ ਅਸੀਂ ਨਾ ਕੇਵਲ ਤੁਹਾਡੇ ਨਾਲ ਪਰਮੇਸ਼ਰ ਦੀ ਖੁਸ਼ਖ਼ਬਰੀ ਸਾਂਝੀ ਕਰਨ ਵਿੱਚ, ਸਗੋਂ ਆਪਣੇ ਪ੍ਰਾਣ ਦੇਣ ਵਿੱਚ ਵੀ ਖੁਸ਼ ਸੀ, ਕਿਉਂਕਿ ਤੁਸੀਂ ਸਾਡੇ ਪਿਆਰੇ ਬਣ ਗਏ ਸੀ।
9ਹੇ ਭਾਈਓ, ਤੁਹਾਨੂੰ ਸਾਡੀ ਮਿਹਨਤ ਅਤੇ ਕਸ਼ਟ ਤਾਂ ਯਾਦ ਹੀ ਹੋਵੇਗਾ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ। 10ਤੁਸੀਂ ਵੀ ਅਤੇ ਪਰਮੇਸ਼ਰ ਵੀ ਗਵਾਹ ਹੈ ਕਿ ਤੁਹਾਡੇ ਵਿਸ਼ਵਾਸੀਆਂ ਨਾਲ ਸਾਡਾ ਵਿਹਾਰ ਕਿੰਨਾ ਪਵਿੱਤਰ, ਉਚਿਤ ਅਤੇ ਦੋਸ਼ ਰਹਿਤ ਸੀ। 11ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਵਿਹਾਰ ਕਰਦਾ ਹੈ, 12ਉਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਉਪਦੇਸ਼ ਦਿੰਦੇ, ਉਤਸ਼ਾਹਿਤ ਕਰਦੇ ਅਤੇ ਸਮਝਾਉਂਦੇ ਰਹੇ ਕਿ ਪਰਮੇਸ਼ਰ ਦੇ ਯੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ।
13ਇਸੇ ਕਰਕੇ ਅਸੀਂ ਵੀ ਲਗਾਤਾਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਤੁਸੀਂ ਸਾਡੇ ਦੁਆਰਾ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕੀਤਾ ਤਾਂ ਤੁਸੀਂ ਇਸ ਨੂੰ ਮਨੁੱਖਾਂ ਦਾ ਨਹੀਂ, ਸਗੋਂ ਪਰਮੇਸ਼ਰ ਦਾ ਵਚਨ ਜਾਣ ਕੇ ਗ੍ਰਹਿਣ ਕੀਤਾ ਜੋ ਕਿ ਇਹ ਹੈ ਵੀ; ਇਹੋ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰ ਰਿਹਾ ਹੈ। 14ਕਿਉਂਕਿ ਹੇ ਭਾਈਓ, ਤੁਸੀਂ ਮਸੀਹ ਯਿਸੂ ਵਿੱਚ ਪਰਮੇਸ਼ਰ ਦੀਆਂ ਉਨ੍ਹਾਂ ਕਲੀਸਿਆਵਾਂ ਦੀ ਰੀਸ ਕਰਨ ਵਾਲੇ ਬਣੇ ਜੋ ਯਹੂਦਿਯਾ ਵਿੱਚ ਹਨ, ਕਿਉਂ ਜੋ ਤੁਸੀਂ ਵੀ ਆਪਣੇ ਲੋਕਾਂ ਤੋਂ ਉਹੀ ਦੁੱਖ ਪਾਇਆ, ਜਿਹਾ ਉਨ੍ਹਾਂ ਨੇ ਯਹੂਦੀਆਂ ਤੋਂ ਪਾਇਆ ਸੀ। 15ਉਨ੍ਹਾਂ ਯਹੂਦੀਆਂ ਨੇ ਹੀ ਪ੍ਰਭੂ ਯਿਸੂ ਅਤੇ#2:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੇ” ਲਿਖਿਆ ਹੈ। ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ#2:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਨੂੰ” ਦੇ ਸਥਾਨ 'ਤੇ “ਤੁਹਾਨੂੰ” ਲਿਖਿਆ ਹੈ। ਬਹੁਤ ਸਤਾਇਆ। ਉਹ ਪਰਮੇਸ਼ਰ ਨੂੰ ਦੁੱਖ ਦਿੰਦੇ ਹਨ ਅਤੇ ਸਭਨਾਂ ਲੋਕਾਂ ਦੇ ਵਿਰੋਧੀ ਹਨ। 16ਉਹ ਸਾਨੂੰ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਦੇ ਹਨ ਤਾਂਕਿ ਉਹ ਬਚਾਈਆਂ ਨਾ ਜਾਣ; ਇਸੇ ਕਾਰਨ ਉਹ ਆਪਣੇ ਪਾਪਾਂ ਵਿੱਚ ਵਾਧਾ ਕਰਦੇ ਗਏ ਅਤੇ ਪਰਮੇਸ਼ਰ ਦਾ ਕ੍ਰੋਧ ਪੂਰੀ ਤਰ੍ਹਾਂ ਉਨ੍ਹਾਂ ਉੱਤੇ ਆਣ ਪਿਆ ਹੈ।
ਕਲੀਸਿਯਾ ਨੂੰ ਮਿਲਣ ਦੀ ਤਾਂਘ
17ਪਰ ਹੇ ਭਾਈਓ, ਅਸੀਂ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤੇ ਗਏ; ਉਹ ਵੀ ਸਰੀਰਕ ਤੌਰ 'ਤੇ, ਨਾ ਕਿ ਦਿਲ ਤੋਂ। ਇਸ ਲਈ ਅਸੀਂ ਬੜੀ ਇੱਛਾ ਨਾਲ ਤੁਹਾਡਾ ਮੂੰਹ ਵੇਖਣ ਲਈ ਹੋਰ ਵੀ ਜ਼ਿਆਦਾ ਯਤਨ ਕੀਤਾ। 18ਇਸ ਕਰਕੇ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸੀ, ਖਾਸ ਕਰਕੇ ਮੈਂ ਪੌਲੁਸ ਨੇ ਬਾਰ-ਬਾਰ ਤੁਹਾਡੇ ਕੋਲ ਆਉਣ ਦਾ ਯਤਨ ਕੀਤਾ ਪਰ ਸ਼ੈਤਾਨ ਨੇ ਸਾਨੂੰ ਰੋਕੀ ਰੱਖਿਆ। 19ਸਾਡੇ ਪ੍ਰਭੂ ਯਿਸੂ#2:19 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਆਮਦ ਦੇ ਸਮੇਂ ਸਾਡੀ ਆਸ ਜਾਂ ਅਨੰਦ ਜਾਂ ਅਭਿਮਾਨ ਦਾ ਤਾਜ ਹੋਰ ਕੌਣ ਹੈ? ਕੀ ਤੁਸੀਂ ਹੀ ਨਹੀਂ? 20ਕਿਉਂਕਿ ਤੁਸੀਂ ਹੀ ਸਾਡੀ ਵਡਿਆਈ ਅਤੇ ਅਨੰਦ ਹੋ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas