2
ਕੌਮਾਂ ਦੇ ਨਾਲ-ਨਾਲ ਯਹੂਦਾਹ ਅਤੇ ਯੇਰੂਸ਼ਲੇਮ ਦਾ ਨਿਆਂ
ਯਹੂਦਾਹ ਨੂੰ ਤੋਬਾ ਕਰਨ ਦਾ ਹੁਕਮ
1ਹੇ ਨਿਰਲੱਜ ਕੌਮ,
ਆਪਣੇ ਆਪ ਨੂੰ ਇਕੱਠੇ ਕਰੋ, ਹਾਂ ਇਕੱਠੇ ਹੋ ਜਾਓ,
2ਇਸ ਤੋਂ ਪਹਿਲਾਂ ਕਿ ਦੰਡ ਦਾ ਹੁਕਮ ਕਾਇਮ ਹੋਵੇ
ਅਤੇ ਦਿਨ ਤੂੜੀ ਵਾਂਗੂੰ ਲੰਘ ਜਾਵੇ,
ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਭੜਕਿਆ ਹੋਇਆ ਕ੍ਰੋਧ ਤੁਹਾਡੇ ਉੱਤੇ ਆਵੇ,
ਇਸ ਤੋਂ ਪਹਿਲਾਂ ਕਿ ਯਾਹਵੇਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆ ਪਵੇ,
3ਹੇ ਧਰਤੀ ਦੇ ਸਾਰੇ ਨਰਮ ਲੋਕੋ, ਯਾਹਵੇਹ ਨੂੰ ਭਾਲੋ,
ਤੁਸੀਂ ਜਿਹੜੇ ਉਹ ਕਰਦੇ ਹੋ ਜੋ ਉਹ ਹੁਕਮ ਦਿੰਦਾ ਹੈ।
ਧਰਮ ਨੂੰ ਭਾਲੋ, ਨਿਮਰਤਾ ਭਾਲੋ।
ਸ਼ਾਇਦ ਯਾਹਵੇਹ ਦੇ ਕ੍ਰੋਧ ਦੇ ਦਿਨ
ਤੁਹਾਨੂੰ ਪਨਾਹ ਦਿੱਤੀ ਜਾਵੇਗੀ।
ਫਲਿਸਤਿਆ
4ਗਾਜ਼ਾ ਨੂੰ ਛੱਡ ਦਿੱਤਾ ਜਾਵੇਗਾ
ਅਤੇ ਅਸ਼ਕਲੋਨ ਸ਼ਹਿਰ ਤਬਾਹ ਹੋ ਜਾਵੇਗਾ।
ਦੁਪਹਿਰ ਵੇਲੇ ਅਸ਼ਦੋਦ ਨੂੰ ਖਾਲੀ ਕਰ ਦਿੱਤਾ ਜਾਵੇਗਾ,
ਅਤੇ ਏਕਰੋਨ ਨੂੰ ਉਖਾੜ ਸੁੱਟਿਆ ਜਾਵੇਗਾ।
5ਹਾਏ ਤੁਹਾਡੇ ਉੱਤੇ ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹਨ,
ਹੇ ਕਰੇਤੀ ਲੋਕੋ!
ਯਾਹਵੇਹ ਦਾ ਬਚਨ ਤੁਹਾਡੇ ਵਿਰੁੱਧ ਹੈ,
ਕਨਾਨ, ਫ਼ਲਿਸਤੀਆਂ ਦੀ ਧਰਤੀ।
ਉਹ ਆਖਦਾ ਹੈ, “ਮੈਂ ਤੈਨੂੰ ਤਬਾਹ ਕਰ ਦਿਆਂਗਾ,
ਅਤੇ ਕੋਈ ਨਹੀਂ ਬਚੇਗਾ।”
6ਸਮੁੰਦਰ ਦੇ ਕੰਢੇ ਦੀ ਧਰਤੀ ਚਰਾਗਾਹਾਂ ਬਣ ਜਾਵੇਗੀ,
ਆਜੜੀਆਂ ਲਈ ਖੂਹ ਅਤੇ ਇੱਜੜਾਂ ਲਈ ਕਲਮਾਂ ਹੋਣਗੇ।
7ਉਹ ਧਰਤੀ ਯਹੂਦਾਹ ਦੇ ਬਚੇ ਹੋਏ ਲੋਕਾਂ ਦੀ ਹੋਵੇਗੀ।
ਉੱਥੇ ਉਨ੍ਹਾਂ ਨੂੰ ਚਾਰਾ ਮਿਲੇਗਾ।
ਸ਼ਾਮ ਨੂੰ ਉਹ ਅਸ਼ਕਲੋਨ ਦੇ ਘਰਾਂ ਵਿੱਚ ਲੇਟਣਗੇ।
ਯਾਹਵੇਹ ਉਨ੍ਹਾਂ ਦਾ ਪਰਮੇਸ਼ਵਰ ਉਨ੍ਹਾਂ ਦੀ ਦੇਖਭਾਲ ਕਰੇਗਾ;
ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ।
ਮੋਆਬ ਅਤੇ ਅੰਮੋਨ
8“ਮੈਂ ਮੋਆਬ ਦੀ ਬੇਇੱਜ਼ਤੀ
ਅਤੇ ਅੰਮੋਨੀਆਂ ਦੇ ਤਾਅਨੇ ਸੁਣੇ ਹਨ,
ਜਿਨ੍ਹਾਂ ਨੇ ਮੇਰੇ ਲੋਕਾਂ ਦਾ ਅਪਮਾਨ ਕੀਤਾ
ਅਤੇ ਉਨ੍ਹਾਂ ਦੇ ਦੇਸ਼ ਨੂੰ ਖੋਹਣ ਦੀ ਧਮਕੀ ਦਿੱਤੀ।
9ਇਸ ਲਈ, ਸੱਚਮੁੱਚ, ਮੈਨੂੰ ਆਪਣੇ ਜੀਵਨ ਦੀ ਸਹੁੰ,”
ਸਰਬਸ਼ਕਤੀਮਾਨ ਯਾਹਵੇਹ,
ਇਸਰਾਏਲ ਦੇ ਪਰਮੇਸ਼ਵਰ ਦਾ ਵਾਕ ਹੈ,
“ਯਕੀਨਨ ਮੋਆਬ ਸੋਦੋਮ ਵਰਗਾ ਹੋ ਜਾਵੇਗਾ,
ਅੰਮੋਨੀ ਗਾਮੂਰਾਹ ਵਰਗੇ ਹੋ ਜਾਣਗੇ।
ਜੰਗਲੀ ਬੂਟੀ ਅਤੇ ਲੂਣ ਦੇ ਟੋਇਆਂ ਦਾ ਸਥਾਨ ਬਣ ਜਾਣਗੇ,
ਸਦਾ ਲਈ ਉਜਾੜ ਹੋ ਜਾਣਗੇ।
ਮੇਰੀ ਪਰਜਾ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ।
ਮੇਰੀ ਕੌਮ ਦੇ ਬਚੇ ਹੋਏ ਲੋਕ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।”
10ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ,
ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।
11ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ,
ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ।
ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ
ਯਾਹਵੇਹ ਦੀ ਉਪਾਸਨਾ ਕਰਨਗੇ।
ਕੁਸ਼
12“ਹੇ ਕੂਸ਼ੀਓ#2:12 ਕੂਸ਼ੀਓ ਅਰਥਾਤ ਉੱਪਰਲੇ ਨੀਲ ਖੇਤਰ ਦੇ ਲੋਕ, ਤੁਸੀਂ ਵੀ
ਮੇਰੀ ਤਲਵਾਰ ਨਾਲ ਮਾਰੇ ਜਾਵੋਂਗੇ।”
ਅੱਸ਼ੂਰ
13ਉਹ ਉੱਤਰ ਵੱਲ ਆਪਣਾ ਹੱਥ ਵਧਾਵੇਗਾ,
ਅਤੇ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ,
ਨੀਨਵਾਹ ਨੂੰ ਬਿਲਕੁਲ ਉਜਾੜ,
ਅਤੇ ਮਾਰੂਥਲ ਵਾਂਗ ਸੁੱਕਾ ਛੱਡ ਦੇਵੇਗਾ।
14ਵੱਗ ਉਸ ਦੇ ਵਿੱਚ ਲੇਟਣਗੇ,
ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ,
ਗਿਧਾਂ ਅਤੇ ਮਾਰੂਥਲ ਉੱਲੂ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ,
ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜੇਗੀ,
ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ,
ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।
15ਇਹ ਅਨੰਦ ਦਾ ਸ਼ਹਿਰ ਹੈ,
ਜੋ ਸੁਰੱਖਿਆ ਵਿੱਚ ਰਹਿੰਦਾ ਸੀ।
ਉਸਨੇ ਆਪਣੇ ਆਪ ਨੂੰ ਕਿਹਾ,
“ਮੈਂ ਹੀ ਹਾਂ! ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।”
ਉਸਦੀ ਕਿੰਨੀ ਤਬਾਹੀ ਹੋ ਗਈ ਹੈ,
ਜੰਗਲੀ ਜਾਨਵਰਾਂ ਲਈ ਇੱਕ ਖੱਡ!
ਸਾਰੇ ਜਿਹੜੇ ਉਸ ਸ਼ਹਿਰ ਦੇ ਕੋਲ ਦੀ ਲੰਘਦੇ ਹਨ
ਉਸ ਦੇ ਮਖੌਲ ਉਡਾਉਂਦੇ ਹਨ ਅਤੇ ਆਪਣੀਆਂ ਮੁੱਠੀਆਂ ਹਿਲਾ ਦਿੰਦੇ ਹਨ।