1
1ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਦਿਨਾਂ ਵਿੱਚ ਯਾਹਵੇਹ ਦੀ ਬਾਣੀ ਜੋ ਸਫ਼ਨਯਾਹ ਦੇ ਕੋਲ ਆਈ, ਜੋ ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ ਸੀ, ਅਮਰਯਾਹ ਜੋ ਹਿਜ਼ਕੀਯਾਹ ਦਾ ਪੁੱਤਰ ਸੀ:
ਯਾਹਵੇਹ ਦੇ ਦਿਨ ਵਿੱਚ ਸਾਰੀ ਧਰਤੀ ਉੱਤੇ ਨਿਆਂ
2“ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ,”
ਯਾਹਵੇਹ ਦਾ ਵਾਕ ਹੈ।
3“ਮੈਂ ਮਨੁੱਖ ਅਤੇ ਜਾਨਵਰ ਦੋਹਾਂ ਨੂੰ ਹੂੰਝ ਸੁੱਟਾਂਗਾ।
ਮੈਂ ਅਕਾਸ਼ ਦੇ ਪੰਛੀਆਂ ਨੂੰ
ਅਤੇ ਸਮੁੰਦਰ ਵਿੱਚ ਮੱਛੀਆਂ ਨੂੰ ਮਿਟਾ ਦਿਆਂਗਾ।
ਅਤੇ ਮੈਂ ਉਨ੍ਹਾਂ ਮੂਰਤੀਆਂ ਨੂੰ ਤਬਾਹ ਕਰ ਦਿਆਂਗਾ,
ਜੋ ਦੁਸ਼ਟਾਂ ਦੇ ਪਤਨ ਦਾ ਕਾਰਨ ਬਣਦੇ ਹਨ।”
“ਜਦੋਂ ਮੈਂ ਧਰਤੀ ਦੇ ਉੱਤੋਂ
ਸਾਰੇ ਮਨੁੱਖਾਂ ਨੂੰ ਮਿਟਾ ਦੇਵਾਂਗਾ ਪ੍ਰਭੂ ਆਖਦਾ ਹੈ,
ਇਹ ਯਾਹਵੇਹ ਆਖਦਾ ਹੈ।”
4“ਮੈਂ ਯਹੂਦਾਹ ਦੇ ਵਿਰੁੱਧ,
ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਵਿਰੁੱਧ ਆਪਣਾ ਹੱਥ ਚੁੱਕਾਂਗਾ।
ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ
ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ।
5ਉਨ੍ਹਾਂ ਨੂੰ ਵੀ ਜਿਹੜੇ ਛੱਤਾਂ ਉੱਤੇ ਮੱਥਾ ਟੇਕਦੇ ਹਨ
ਤਾਰਿਆਂ ਦੀ ਪੂਜਾ ਕਰਦੇ ਹਨ,
ਉਹ ਜਿਹੜੇ ਮੱਥਾ ਟੇਕਦੇ ਹਨ ਅਤੇ ਨਾਲੇ ਯਾਹਵੇਹ ਦੀ ਸਹੁੰ ਖਾਂਦੇ ਹਨ,
ਅਤੇ ਮੋਲੋਕ ਦੀ ਵੀ ਸਹੁੰ ਖਾਂਦੇ ਹਨ,
6ਅਤੇ ਜੋ ਯਾਹਵੇਹ ਦੇ ਪਿੱਛੇ ਚੱਲਣ ਤੋਂ ਫਿਰ ਗਏ,
ਅਤੇ ਜੋ ਨਾ ਤਾਂ ਯਾਹਵੇਹ ਦੀ ਭਾਲ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ,
ਮੈਂ ਉਹਨਾਂ ਦਾ ਨਾਸ ਕਰ ਦਿਆਂਗਾ।”
7ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਚੁੱਪ ਰਹੋ,
ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ।
ਯਾਹਵੇਹ ਨੇ ਇੱਕ ਬਲੀਦਾਨ ਤਿਆਰ ਕੀਤਾ ਹੈ;
ਉਸਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸਨੇ ਸੱਦਾ ਦਿੱਤਾ ਹੈ।
8“ਯਾਹਵੇਹ ਦੇ ਬਲੀਦਾਨ ਦੇ ਦਿਨ,
ਕਿ ਮੈਂ ਹਾਕਮਾਂ ਨੂੰ,
ਰਾਜੇ ਦੇ ਪੁੱਤਰਾਂ ਨੂੰ
ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ,
ਸਜ਼ਾ ਦਿਆਂਗਾ।
9ਉਸ ਦਿਨ ਮੈਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗਾ
ਜਿਹੜੇ ਦਹਿਲੀਜ਼ ਉੱਤੇ ਪੈਰ ਰੱਖਣ ਤੋਂ ਬਚਦੇ ਹਨ,#1:9 1 ਸ਼ਮੁ 5:5
ਜੋ ਆਪਣੇ ਦੇਵਤਿਆਂ ਦੇ ਭਵਨ ਨੂੰ
ਹਿੰਸਾ ਅਤੇ ਛਲ ਨਾਲ ਭਰ ਦਿੰਦੇ ਹਨ।
10“ਉਸ ਦਿਨ,”
ਯਾਹਵੇਹ ਦਾ ਵਾਕ ਹੈ,
“ਮੱਛੀ ਫਾਟਕ ਤੋਂ ਇੱਕ ਪੁਕਾਰ ਉੱਠੇਗੀ,
ਨਗਰ ਵਿੱਚ ਨਵੇਂ ਵੱਸੇ ਹੋਏ ਮਹੁੱਲੇ ਤੱਕ ਵਿਰਲਾਪ,
ਅਤੇ ਪਹਾੜੀਆਂ ਵਿੱਚ ਵੱਡਾ ਧੜਾਕਾ ਹੋਵੇਗਾ।
11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ!
ਕਿਉਂ ਜੋ ਸਾਰੇ ਵਪਾਰੀ ਮੁੱਕ ਗਏ,
ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।
12ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ,
ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ,
ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ,
ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ,
‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’
13ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ,
ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ।
ਭਾਵੇਂ ਉਹ ਘਰ ਬਣਾਉਣ,
ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ।
ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ,
ਉਹ ਮੈ ਨਹੀਂ ਪੀਣਗੇ।”
14ਯਾਹਵੇਹ ਦਾ ਮਹਾਨ ਦਿਨ ਨੇੜੇ ਹੈ
ਉਹ ਨੇੜੇ ਹੈ ਅਤੇ ਜਲਦੀ ਆ ਰਿਹਾ ਹੈ।
ਯਾਹਵੇਹ ਦੇ ਦਿਨ ਦੀ ਪੁਕਾਰ ਕੌੜੀ ਹੈ;
ਤਾਕਤਵਰ ਯੋਧਾ ਆਪਣੀ ਲੜਾਈ ਦੀ ਦੁਹਾਈ ਦਿੰਦਾ ਹੈ।
15ਉਹ ਦਿਨ ਕ੍ਰੋਧ ਦਾ ਦਿਨ ਹੋਵੇਗਾ,
ਬਿਪਤਾ ਅਤੇ ਕਸ਼ਟ ਦਾ ਦਿਨ,
ਮੁਸੀਬਤ ਅਤੇ ਬਰਬਾਦੀ ਦਾ ਦਿਨ,
ਹਨੇਰੇ ਅਤੇ ਅੰਧਕਾਰ ਦਾ ਦਿਨ,
ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ
16ਗੜ੍ਹੀ ਵਾਲੇ ਸ਼ਹਿਰਾਂ ਦੇ ਵਿਰੁੱਧ
ਅਤੇ ਕੋਨੇ ਦੇ ਬੁਰਜਾਂ ਦੇ ਵਿਰੁੱਧ
ਤੁਰ੍ਹੀਆਂ ਵਜਾਉਣ ਅਤੇ ਲੜਾਈ ਦੀ ਆਵਾਜ਼ ਦਾ ਦਿਨ ਹੋਵੇਗਾ।
17“ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ
ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ,
ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।
ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ
ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।
18ਯਾਹਵੇਹ ਦੇ ਕ੍ਰੋਧ ਦੇ ਦਿਨ
ਨਾ ਉਨ੍ਹਾਂ ਦੀ ਚਾਂਦੀ
ਨਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।”
ਉਹਨਾਂ ਦੀ ਈਰਖਾ ਦੀ ਅੱਗ ਵਿੱਚ
ਸਾਰੀ ਧਰਤੀ ਭਸਮ ਹੋ ਜਾਵੇਗੀ,
ਕਿਉਂ ਜੋ ਉਹ ਸਾਰੇ ਲੋਕਾਂ ਦਾ ਅਚਾਨਕ ਅੰਤ ਕਰੇਗਾ
ਜੋ ਧਰਤੀ ਉੱਤੇ ਰਹਿੰਦੇ ਹਨ।