3
ਨੀਨਵਾਹ ਉੱਤੇ ਹਾਏ
1ਖੂਨੀ ਸ਼ਹਿਰ ਉੱਤੇ ਹਾਏ,
ਝੂਠ ਨਾਲ ਭਰਿਆ ਹੋਇਆ,
ਲੁੱਟ ਨਾਲ ਭਰਿਆ ਹੋਇਆ,
ਜੋ ਪੀੜਤਾਂ ਤੋਂ ਕਦੇ ਮੁਕਤ ਨਹੀਂ ਹੁੰਦਾ!
2ਕੋਟਲੇ ਦਾ ਖੜਾਕ,
ਪਹੀਏ ਦੀ ਗੂੰਜ,
ਸਰਪੱਟ ਦੌੜਨ ਵਾਲਾ ਘੋੜਾ
ਅਤੇ ਉੱਛਲਦਾ ਰੱਥ!
3ਘੋੜ ਸਵਾਰ ਚੜ੍ਹਾਈ ਕਰਦੇ,
ਤਲਵਾਰ ਚਮਕਦੀ
ਅਤੇ ਬਰਛੀ ਲਸ਼ਕਦੀ ਹੈ!
ਵੱਢੇ ਹੋਇਆਂ ਦੀ ਭੀੜ,
ਲਾਸ਼ਾਂ ਦੇ ਢੇਰ,
ਲੋਥਾਂ ਬੇਅੰਤ ਹਨ
ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ।
4ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ,
ਜਿਹੜੀ ਸੋਹਣੀ ਅਤੇ ਰੂਪਵੰਤ ਹੈ,
ਜਾਦੂਗਰੀਆਂ ਦੀ ਮਾਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ
ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।
5“ਮੈਂ ਤੁਹਾਡੇ ਵਿਰੁੱਧ ਹਾਂ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ਮੈਂ ਤੇਰੇ ਚਿਹਰੇ ਤੋਂ ਕੱਪੜੇ ਨੂੰ ਚੁੱਕਾਂਗਾ।
ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ
ਅਤੇ ਰਾਜਾਂ ਨੂੰ ਤੇਰੀ ਸ਼ਰਮ।
6ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ,
ਤੇਰਾ ਮਖ਼ੌਲ ਉਡਾਵਾਂਗਾ
ਅਤੇ ਤੈਨੂੰ ਤਮਾਸ਼ਾ ਬਣਾਵਾਂਗਾ।
7ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ,
‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’
ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?”
8ਕੀ ਥੀਬਸ#3:8 ਥੀਬਸ ਦੂਸਰਾ ਨਾਮ ਨੋ-ਅਮੋਨ ਨਾਲੋਂ ਚੰਗੇ ਹੈ,
ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ,
ਉਸ ਦੇ ਆਲੇ-ਦੁਆਲੇ ਪਾਣੀ ਸੀ?
ਨਦੀ ਉਸ ਦੀ ਰਾਖੀ ਸੀ,
ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।
9ਕੂਸ਼#3:9 ਕੂਸ਼ ਅਰਥਾਤ ਨੀਲ ਦਾ ਉੱਪਰਲਾ ਖੇਤਰ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ,
ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।
10ਤਾਂ ਵੀ ਉਹ ਬੰਦੀ ਬਣਾ ਕੇ
ਗ਼ੁਲਾਮੀ ਵਿੱਚ ਚਲੀ ਗਈ।
ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ
ਟੁਕੜੇ-ਟੁਕੜੇ ਕਰ ਦਿੱਤਾ ਗਿਆ।
ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ,
ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।
11ਤੁਸੀਂ ਵੀ ਸ਼ਰਾਬੀ ਹੋ ਜਾਓਗੇ।
ਤੁਸੀਂ ਲੁਕ ਜਾਵੋਂਗੇ,
ਅਤੇ ਦੁਸ਼ਮਣ ਤੋਂ ਪਨਾਹ ਲਓਗੇ।
12ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ
ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ;
ਜਦੋਂ ਉਹ ਹਿਲਾਏ ਜਾਣਗੇ,
ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।
13ਆਪਣੀਆਂ ਫ਼ੌਜਾਂ ਵੱਲ ਵੇਖ
ਉਹ ਸਭ ਕਮਜ਼ੋਰ ਹਨ।
ਤੇਰੀ ਧਰਤੀ ਦੇ ਦਰਵਾਜ਼ੇ
ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ;
ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।
14ਘੇਰਾਬੰਦੀ ਲਈ ਪਾਣੀ ਭਰ,
ਆਪਣੀ ਸੁਰੱਖਿਆਂ ਨੂੰ ਮਜ਼ਬੂਤ ਕਰੋ!
ਮਿੱਟੀ ਨੂੰ ਇਕੱਠਾ ਕਰੋ,
ਪੈਰਾ ਨਾਲ ਲਤਾੜ ਕੇ
ਇੱਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ!
15ਉੱਥੇ ਅੱਗ ਤੈਨੂੰ ਭਸਮ ਕਰ ਦੇਵੇਗੀ।
ਤਲਵਾਰ ਤੈਨੂੰ ਵੱਢ ਸੁੱਟੇਗੀ
ਉਹ ਤੈਨੂੰ ਟਿੱਡੀਆਂ ਦੇ ਝੁੰਡ ਵਾਂਗ ਖਾ ਜਾਣਗੇ।
ਆਪਣੇ ਆਪ ਨੂੰ ਸਲਾ ਵਾਂਗੂੰ ਵਧਾ
ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!
16ਤੂੰ ਆਪਣੇ ਵਪਾਰੀਆਂ ਨੂੰ
ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ,
ਸਲਾ ਨੰਗਾ ਕਰਦੀ
ਅਤੇ ਫੇਰ ਉੱਡ ਜਾਂਦੀ ਹੈ
17ਤੇਰੇ ਪਹਿਰੇਦਾਰ ਟਿੱਡੀਆਂ ਵਰਗੇ ਹਨ,
ਤੇਰੇ ਅਧਿਕਾਰੀ ਟਿੱਡੀਆਂ ਦੇ ਝੁੰਡ ਵਰਗੇ ਹਨ,
ਜੋ ਠੰਡੇ ਦਿਨ ਵਿੱਚ ਕੰਧਾਂ ਵਿੱਚ ਵੱਸਦੇ ਹਨ,
ਪਰ ਜਦੋਂ ਸੂਰਜ ਦਿਖਾਈ ਦਿੰਦਾ ਹੈ ਤਾਂ ਉੱਡ ਜਾਂਦੇ ਹਨ,
ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।
18ਹੇ ਅੱਸ਼ੂਰ ਦੇ ਰਾਜਾ, ਤੇਰੇ ਚਰਵਾਹੇ#3:18 ਚਰਵਾਹੇ ਅਰਥਾਤ ਆਗੂ ਨੀਂਦ ਵਿੱਚ ਹਨ
ਤੇਰੇ ਸਰਦਾਰ ਆਰਾਮ ਕਰਨ ਲਈ ਲੇਟ ਗਏ ਹਨ।
ਤੇਰੇ ਲੋਕ ਪਹਾੜਾਂ ਉੱਤੇ ਖਿੱਲਰ ਗਏ ਹਨ
ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।
19ਕੋਈ ਵੀ ਚੀਜ਼ ਤੈਨੂੰ ਚੰਗਾ ਨਹੀਂ ਕਰ ਸਕਦੀ।
ਤੇਰਾ ਜ਼ਖ਼ਮ ਸਖ਼ਤ ਹੈ।
ਉਹ ਸਾਰੇ ਜੋ ਤੇਰੇ ਬਾਰੇ ਖ਼ਬਰਾਂ ਸੁਣਦੇ ਹਨ
ਤੇਰੇ ਡਿੱਗਣ ਤੇ ਤਾੜੀਆਂ ਵਜਾਉਂਦੇ ਹਨ,
ਕਿਉਂਕਿ ਉੱਥੇ ਕੌਣ ਹੈ,
ਜੋ ਤੁਹਾਡੇ ਬੇਅੰਤ ਜ਼ੁਲਮ ਤੋਂ ਬਚਿਆ ਹੈ?