1
1ਉਹ ਭਵਿੱਖਬਾਣੀ ਜਿਹੜੀ ਹਬੱਕੂਕ ਨਬੀ ਨੂੰ ਮਿਲੀ ਸੀ।
ਹਬੱਕੂਕ ਦੀ ਸ਼ਿਕਾਇਤ
2ਹੇ ਯਾਹਵੇਹ, ਮੈਂ ਕਿੰਨਾ ਚਿਰ ਸਹਾਇਤਾ ਲਈ ਪੁਕਾਰਾਂ,
ਪਰ ਤੂੰ ਨਹੀਂ ਸੁਣੇਗਾ?
ਜਾਂ ਮੈਂ ਕਦ ਤੱਕ ਤੇਰੇ ਅੱਗੇ “ਜ਼ੁਲਮ, ਜ਼ੁਲਮ” ਚਿੱਲਾਵਾਂ,
ਅਤੇ ਤੂੰ ਨਾ ਬਚਾਵੇਂਗਾ?
3ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ
ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ?
ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ
ਅਤੇ ਵਿਵਾਦ ਉੱਠਦੇ ਹਨ।
4ਇਸ ਲਈ ਬਿਵਸਥਾ ਢਿੱਲੀ ਹੋ ਜਾਂਦੀ ਹੈ,
ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ,
ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ,
ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ।
ਯਾਹਵੇਹ ਦਾ ਉੱਤਰ
5“ਕੌਮਾਂ ਵੱਲ ਵੇਖੋ ਅਤੇ ਧਿਆਨ ਕਰੋ,
ਅਤੇ ਪੂਰੀ ਤਰ੍ਹਾਂ ਹੈਰਾਨ ਹੋਵੋ।
ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ
ਭਾਵੇਂ ਇਹ ਗੱਲ ਤੁਹਾਨੂੰ ਦੱਸ ਦਿੱਤੀ ਜਾਵੇ,
ਤੁਸੀਂ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰੋਗੇ।
6ਮੈਂ ਕਸਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ,
ਉਸ ਬੇਰਹਿਮ ਅਤੇ ਨਿਰਦਈ ਲੋਕਾਂ ਨੂੰ,
ਜੋ ਸਾਰੀ ਧਰਤੀ ਉੱਤੇ ਹੂੰਝਾ ਫੇਰਦੇ ਹਨ,
ਉਨ੍ਹਾਂ ਘਰਾਂ ਨੂੰ ਖੋਹਣ ਜਿਹੜੇ ਉਨ੍ਹਾਂ ਦੇ ਆਪਣੇ ਨਹੀਂ ਹਨ।
7ਉਹ ਭਿਆਨਕ ਅਤੇ ਡਰਾਉਣੇ ਹਨ,
ਉਹਨਾਂ ਦਾ ਨਿਆਂ ਅਤੇ ਆਦਰ
ਉਹਨਾਂ ਦੇ ਆਪਣੇ ਵੱਲੋਂ ਹੀ ਨਿੱਕਲਦਾ ਹੈ
8ਉਹਨਾਂ ਦੇ ਘੋੜੇ ਚੀਤਿਆਂ ਨਾਲੋਂ ਤੇਜ਼ ਹਨ
ਅਤੇ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ,
ਉਹਨਾਂ ਦੇ ਸਵਾਰ ਕੁੱਦਦੇ-ਟੱਪਦੇ ਅੱਗੇ ਵੱਧਦੇ ਹਨ,
ਉਹਨਾਂ ਦੇ ਸਵਾਰ ਦੂਰੋਂ ਆਉਂਦੇ ਹਨ, ਉਹ ਉਕਾਬ ਦੇ ਵਾਂਗੂੰ ਉੱਡਦੇ ਹਨ,
ਜੋ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ।
9ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ,
ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ,
ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾਂ ਕਰਦੇ ਹਨ।
10ਉਹ ਰਾਜਿਆਂ ਦਾ ਮਜ਼ਾਕ ਉਡਾਉਂਦੇ ਹਨ
ਅਤੇ ਹਾਕਮਾਂ ਉੱਤੇ ਹੱਸਦੇ ਹਨ।
ਉਹ ਸਾਰੇ ਗੜ੍ਹ ਵਾਲੇ ਸ਼ਹਿਰਾਂ ਨੂੰ ਤੁੱਛ ਜਾਣਦੇ ਹਨ।
ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ।
11ਤਦ ਉਹ ਹਨੇਰੀ ਵਾਂਗ ਲੰਘ ਜਾਂਦੇ ਹਨ ਅਤੇ ਅੱਗੇ ਵਧਦੇ ਹਨ,
ਦੋਸ਼ੀ ਲੋਕ, ਜਿਨ੍ਹਾਂ ਦੀ ਆਪਣੀ ਸ਼ਕਤੀ ਉਨ੍ਹਾਂ ਦਾ ਦੇਵਤਾ ਹੈ।”
ਹਬੱਕੂਕ ਦੀ ਦੂਸਰੀ ਸ਼ਿਕਾਇਤ
12ਯਾਹਵੇਹ, ਕੀ ਤੁਸੀਂ ਸਦੀਪਕ ਨਹੀਂ ਹੈ?
ਮੇਰੇ ਪਰਮੇਸ਼ਵਰ, ਮੇਰੇ ਪਵਿੱਤਰ ਪੁਰਖ, ਤੂੰ ਕਦੇ ਨਹੀਂ ਮਰੇਗਾ।
ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਨਿਆਂ ਕਰਨ ਲਈ ਨਿਯੁਕਤ ਕੀਤਾ ਹੈ;
ਹੇ ਮੇਰੀ ਚੱਟਾਨ, ਤੂੰ ਉਨ੍ਹਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ।
13ਤੇਰੀਆਂ ਅੱਖਾਂ ਬੁਰਿਆਈ ਨੂੰ ਵੇਖਣ ਲਈ ਬਹੁਤ ਸ਼ੁੱਧ ਹਨ;
ਤੂੰ ਗਲਤ ਕੰਮ ਬਰਦਾਸ਼ਤ ਨਹੀਂ ਕਰ ਸਕਦਾ।
ਫਿਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦੇ ਹੋ?
ਤੂੰ ਕਿਉਂ ਚੁੱਪ ਹੋ ਜਦੋਂ ਕਿ ਦੁਸ਼ਟ ਆਪਣੇ ਨਾਲੋਂ ਵੀ ਵੱਧ ਧਰਮੀਆਂ ਨੂੰ ਨਿਗਲ ਜਾਂਦੇ ਹਨ?
14ਤੂੰ ਲੋਕਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ,
ਸਮੁੰਦਰੀ ਜੀਵਾਂ ਵਰਗਾ ਬਣਾਇਆ ਹੈ ਜਿਨ੍ਹਾਂ ਦਾ ਕੋਈ ਹਾਕਮ ਨਹੀਂ ਹੈ।
15ਦੁਸ਼ਟ ਦੁਸ਼ਮਣ ਉਨ੍ਹਾਂ ਸਾਰਿਆਂ ਨੂੰ ਕੁੰਡੀਆਂ ਨਾਲ ਖਿੱਚ ਲੈਂਦਾ ਹੈ,
ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫੜ੍ਹ ਲੈਂਦਾ ਹੈ,
ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰਦਾ ਹੈ।
ਅਤੇ ਇਸ ਤਰ੍ਹਾਂ ਉਹ ਖੁਸ਼ ਅਤੇ ਪ੍ਰਸੰਨ ਹੁੰਦਾ ਹੈ।
16ਇਸ ਲਈ ਉਹ ਆਪਣੇ ਜਾਲ ਲਈ ਬਲੀ ਚੜ੍ਹਾਉਂਦਾ ਹੈ
ਅਤੇ ਆਪਣੇ ਜਾਲਾਂ ਲਈ ਧੂਪ ਧੁਖਾਉਂਦਾ ਹੈ,
ਕਿਉਂਕਿ ਉਹ ਆਪਣੇ ਜਾਲ ਨਾਲ ਐਸ਼ੋ-ਆਰਾਮ ਵਿੱਚ ਰਹਿੰਦਾ ਹੈ
ਅਤੇ ਸਭ ਤੋਂ ਵਧੀਆ ਭੋਜਨ ਦਾ ਆਨੰਦ ਲੈਂਦਾ ਹੈ।
17ਕੀ ਉਹ ਆਪਣੇ ਜਾਲ਼ ਨੂੰ ਖਾਲੀ ਕਰਦਾ ਰਹੇ,
ਰਹਿਮ ਤੋਂ ਬਿਨਾਂ ਕੌਮਾਂ ਦਾ ਨਾਸ ਕਰਦਾ ਰਹੇ?