2
ਜਾਜਕਾਂ ਨੂੰ ਚੇਤਾਵਨੀ
1ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, “ਅਤੇ ਹੁਣ, ਹੇ ਜਾਜਕੋ ਇਹ ਚੇਤਾਵਨੀ ਤੁਹਾਡੇ ਲਈ ਹੈ। 2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ,” ਤਾਂ ਮੈਂ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, “ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਸਰਾਪ ਦਿੱਤਾ ਹੈ ਕਿਉਂਕਿ ਤੁਸੀਂ ਮੇਰਾ ਆਦਰ ਨਾ ਕਰਨ ਦਾ ਫੈਸਲਾ ਕੀਤਾ ਹੈ।
3“ਵੇਖੋ, ਤੁਹਾਡੇ ਕਾਰਨ ਮੈਂ ਤੁਹਾਡੇ ਬੱਚਿਆਂ ਨੂੰ ਝਿੜਕਾਂਗਾ ਅਤੇ ਮੈਂ ਤੇਰੇ ਤਿਉਹਾਰ ਤੇ ਚੜ੍ਹਾਏ ਗਏ ਪਸ਼ੂਆਂ ਦਾ ਗੋਹਾ ਤੇਰੇ ਮੂੰਹਾਂ ਉੱਤੇ ਮਾਲਾਗਾ, ਤੂੰ ਇਸ ਹਾਲ ਵਿੱਚ ਨੀਵਾਂ ਹੋ ਜਾਵੇਂਗਾ। 4ਅਤੇ ਤੁਸੀਂ ਜਾਣੋਗੇ ਕਿ ਮੈਂ ਤੁਹਾਨੂੰ ਇਹ ਚੇਤਾਵਨੀ ਇਸ ਲਈ ਭੇਜੀ ਹੈ ਤਾਂ ਜੋ ਲੇਵੀ ਨਾਲ ਮੇਰਾ ਨੇਮ ਕਾਇਮ ਰਹੇ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। 5“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ। 6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।
7“ਕਿਉਂਕਿ ਜਾਜਕਾਂ ਦੇ ਬੁੱਲ ਗਿਆਨ ਦੀ ਰਾਖੀ ਕਰਨ, ਕਿਉਂਕਿ ਉਹ ਸਰਵਸ਼ਕਤੀਮਾਨ ਯਾਹਵੇਹ ਦਾ ਦੂਤ ਹੈ ਅਤੇ ਲੋਕ ਉਸਦੇ ਮੂੰਹ ਤੋਂ ਉਪਦੇਸ਼ ਭਾਲਦੇ ਹਨ। 8ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। 9“ਇਸ ਲਈ ਮੈਂ ਤੁਹਾਨੂੰ ਸਾਰਿਆਂ ਲੋਕਾਂ ਦੇ ਸਾਮ੍ਹਣੇ ਤੁੱਛ ਅਤੇ ਬੇਇੱਜ਼ਤ ਕੀਤਾ ਹੈ, ਕਿਉਂਕਿ ਤੁਸੀਂ ਮੇਰੇ ਰਾਹਾਂ ਉੱਤੇ ਨਹੀਂ ਚੱਲੇ ਪਰ ਨੇਮ ਦੇ ਮਾਮਲਿਆਂ ਵਿੱਚ ਪੱਖਪਾਤ ਕੀਤੀ ਹੈ।”
ਤਲਾਕ ਦੁਆਰਾ ਨੇਮ ਤੋੜਨਾ
10ਕੀ ਸਾਡਾ ਸਾਰਿਆਂ ਦਾ ਇੱਕ ਪਿਤਾ ਨਹੀਂ ਹੈ? ਕੀ ਇੱਕ ਪਰਮੇਸ਼ਵਰ ਨੇ ਸਾਨੂੰ ਨਹੀਂ ਬਣਾਇਆ? ਅਸੀਂ ਇੱਕ-ਦੂਜੇ ਨਾਲ ਬੇਵਫ਼ਾ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਕਿਉਂ ਅਪਵਿੱਤਰ ਕਰਦੇ ਹਾਂ?
11ਯਹੂਦਾਹ ਬੇਵਫ਼ਾ ਰਿਹਾ ਹੈ। ਇਸਰਾਏਲ ਅਤੇ ਯੇਰੂਸ਼ਲੇਮ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਗਈ ਹੈ: ਕਿਉਂ ਜੋ ਯਹੂਦਾਹ ਨੇ ਯਾਹਵੇਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ। 12ਇੱਥੋਂ ਤੱਕ ਉਹ ਵਿਅਕਤੀ ਜੋ ਅਜਿਹਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਯਾਹਵੇਹ ਉਸਨੂੰ ਯਾਕੋਬ ਦੇ ਤੰਬੂਆਂ ਤੋਂ ਹਟਾ ਦੇਵੇ ਭਾਵੇਂ ਉਹ ਸਰਵਸ਼ਕਤੀਮਾਨ ਯਾਹਵੇਹ ਲਈ ਇੱਕ ਭੇਟ ਲਿਆਉਂਦਾ ਹੈ।
13ਇੱਕ ਹੋਰ ਕੰਮ ਜੋ ਤੁਸੀਂ ਕਰਦੇ ਹੋ: ਤੁਸੀਂ ਯਾਹਵੇਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਰ ਦਿੰਦੇ ਹੋ। ਤੁਸੀਂ ਰੋਂਦੇ ਅਤੇ ਵਿਰਲਾਪ ਕਰਦੇ ਹੋ ਕਿਉਂਕਿ ਉਹ ਹੁਣ ਤੁਹਾਡੀਆਂ ਭੇਟਾਂ ਨੂੰ ਮਿਹਰਬਾਨੀ ਨਾਲ ਨਹੀਂ ਦੇਖਦਾ ਜਾਂ ਤੁਹਾਡੇ ਹੱਥੋਂ ਖੁਸ਼ੀ ਨਾਲ ਸਵੀਕਾਰ ਨਹੀਂ ਕਰਦਾ। 14ਤੁਸੀਂ ਪੁੱਛਦੇ ਹੋ, “ਕਿਉਂ?” ਇਹ ਇਸ ਲਈ ਹੈ ਕਿਉਂਕਿ ਯਾਹਵੇਹ ਤੇਰੇ ਅਤੇ ਤੇਰੀ ਜਵਾਨੀ ਦੀ ਪਤਨੀ ਵਿਚਕਾਰ ਗਵਾਹ ਹੈ। ਤੁਸੀਂ ਉਸ ਨਾਲ ਬੇਵਫ਼ਾਈ ਕੀਤੀ ਹੈ, ਭਾਵੇਂ ਉਹ ਤੁਹਾਡੀ ਸਾਥੀ ਹੈ, ਤੁਹਾਡੇ ਵਿਆਹ ਦੇ ਨੇਮ ਦੀ ਪਤਨੀ ਹੈ।
15ਕੀ ਯਾਹਵੇਹ ਨੇ ਤੈਨੂੰ ਤੇਰੀ ਪਤਨੀ ਨਾਲ ਨਹੀਂ ਬਣਾਇਆ? ਸਰੀਰ ਅਤੇ ਆਤਮਾ ਵਿੱਚ ਤੁਸੀਂ ਉਸਦੇ ਹੋ ਅਤੇ ਉਹ ਕੀ ਚਾਹੁੰਦਾ ਹੈ? ਤੇਰੇ ਮਿਲਾਪ ਤੋਂ ਰੱਬੀ ਬੱਚੇ। ਇਸ ਲਈ ਆਪਣੇ ਦਿਲ ਦੀ ਰਾਖੀ ਕਰੋ; ਆਪਣੀ ਜਵਾਨੀ ਦੀ ਪਤਨੀ ਪ੍ਰਤੀ ਵਫ਼ਾਦਾਰ ਰਹੋ।
16ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਕਹਿੰਦਾ ਹੈ, “ਉਹ ਆਦਮੀ ਜੋ ਆਪਣੀ ਪਤਨੀ ਨੂੰ ਨਫ਼ਰਤ ਕਰਦਾ ਹੈ ਅਤੇ ਤਲਾਕ ਦਿੰਦਾ ਹੈ,#2:16 ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਵਾਕ ਹੈ, “ਮੈਨੂੰ ਤਲਾਕ ਤੋਂ ਨਫ਼ਰਤ ਹੈ, ਕਿਉਂਕਿ ਜਿਹੜਾ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਆਪਣੇ ਕੱਪੜੇ ਨੂੰ ਹਿੰਸਾ ਨਾਲ ਢੱਕ ਲੈਂਦਾ ਹੈ।” ਉਸ ਨਾਲ ਜ਼ੁਲਮ ਕਰਦਾ ਹੈ ਜਿਸਦੀ ਉਸਨੂੰ ਰੱਖਿਆ ਕਰਨੀ ਚਾਹੀਦੀ ਹੈ,” ਇਹ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
ਇਸ ਲਈ ਚੌਕਸ ਰਹੋ, ਅਤੇ ਬੇਵਫ਼ਾ ਨਾ ਹੋਵੋ।
ਬੇਇਨਸਾਫ਼ੀ ਕਰਕੇ ਨੇਮ ਤੋੜਨਾ
17ਤੁਸੀਂ ਆਪਣੇ ਸ਼ਬਦਾਂ ਨਾਲ ਯਾਹਵੇਹ ਨੂੰ ਥਕਾ ਦਿੱਤਾ ਹੈ।
ਤੁਸੀਂ ਪੁੱਛਦੇ ਹੋ, “ਅਸੀਂ ਉਸਨੂੰ ਕਿਵੇਂ ਥੱਕਾਇਆ ਹੈ?”
ਇਹ ਕਹਿ ਕੇ, “ਉਹ ਸਾਰੇ ਜਿਹੜੇ ਬੁਰੇ ਕੰਮ ਕਰਦੇ ਹਨ ਯਾਹਵੇਹ ਦੀ ਨਿਗਾਹ ਵਿੱਚ ਚੰਗੇ ਹਨ ਅਤੇ ਉਹ ਉਹਨਾਂ ਤੋਂ ਪ੍ਰਸੰਨ ਹੈ” ਜਾਂ “ਇਨਸਾਫ਼ ਦਾ ਪਰਮੇਸ਼ਵਰ ਕਿੱਥੇ ਹੈ?”