1
1ਇੱਕ ਭਵਿੱਖਬਾਣੀ: ਮਲਾਕੀ#1:1 ਮਲਾਕੀ ਅਰਥ ਮੇਰਾ ਦੂਤ ਦੁਆਰਾ ਇਸਰਾਏਲ ਨੂੰ ਯਾਹਵੇਹ ਦਾ ਸ਼ਬਦ।
ਇਸਰਾਏਲ ਦਾ ਪਰਮੇਸ਼ਵਰ ਦੇ ਪਿਆਰ ਉੱਤੇ ਸ਼ੱਕ
2ਯਾਹਵੇਹ ਆਖਦਾ ਹੈ, “ਮੈਂ ਤੁਹਾਨੂੰ ਪਿਆਰ ਕੀਤਾ ਹੈ।
“ਪਰ ਤੁਸੀਂ ਪੁੱਛਦੇ ਹੋ, ‘ਤੁਸੀਂ ਸਾਨੂੰ ਕਿਵੇਂ ਪਿਆਰ ਕੀਤਾ?’ ”
ਯਾਹਵੇਹ ਆਖਦਾ ਹੈ, “ਕੀ ਏਸਾਓ ਯਾਕੋਬ ਦਾ ਭਰਾ ਨਹੀਂ ਸੀ? ਫਿਰ ਵੀ ਮੈਂ ਯਾਕੋਬ ਨੂੰ ਪਿਆਰ ਕੀਤਾ, 3ਪਰ ਏਸਾਓ ਨੂੰ ਮੈਂ ਨਫ਼ਰਤ ਕੀਤੀ ਅਤੇ ਮੈਂ ਉਸ ਦੇ ਪਹਾੜੀ ਦੇਸ਼ ਨੂੰ ਉਜਾੜ ਵਿੱਚ ਬਦਲ ਦਿੱਤਾ ਅਤੇ ਉਸ ਦੀ ਵਿਰਾਸਤ ਨੂੰ ਮਾਰੂਥਲ ਗਿੱਦੜਾਂ ਲਈ ਛੱਡ ਦਿੱਤਾ।”
4ਅਦੋਮ ਆਖ ਸਕਦਾ ਹੈ, “ਭਾਵੇਂ ਅਸੀਂ ਕੁਚਲੇ ਗਏ ਹਾਂ, ਅਸੀਂ ਖੰਡਰਾਂ ਨੂੰ ਦੁਬਾਰਾ ਬਣਾਵਾਂਗੇ।”
ਪਰ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਉਹ ਬਣਾ ਸਕਦੇ ਹਨ, ਪਰ ਮੈਂ ਢਾਹ ਦਿਆਂਗਾ। ਉਹਨਾਂ ਨੂੰ ਦੁਸ਼ਟ ਦੇਸ਼ ਕਿਹਾ ਜਾਵੇਗਾ, ਇੱਕ ਲੋਕ ਜੋ ਹਮੇਸ਼ਾ ਯਾਹਵੇਹ ਦੇ ਕ੍ਰੋਧ ਵਿੱਚ ਰਹਿੰਦੇ ਹਨ। 5ਤੁਸੀਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ ਅਤੇ ਕਹੋਗੇ, ‘ਯਾਹਵੇਹ ਮਹਾਨ ਹੈ, ਇੱਥੋਂ ਤੱਕ ਕਿ ਇਸਰਾਏਲ ਦੀਆਂ ਹੱਦਾਂ ਤੋਂ ਪਾਰ!’
ਅਸ਼ੁੱਧ ਬਲੀਦਾਨਾਂ ਦੁਆਰਾ ਨੇਮ ਤੋੜਨਾ
6“ਇੱਕ ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ ਅਤੇ ਇੱਕ ਗੁਲਾਮ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ, ਤਾਂ ਮੇਰੇ ਲਈ ਇੱਜ਼ਤ ਕਿੱਥੇ ਹੈ? ਜੇ ਮੈਂ ਮਾਲਕ ਹਾਂ, ਤਾਂ ਮੇਰਾ ਸਤਿਕਾਰ ਕਿੱਥੇ ਹੈ?” ਸਰਵਸ਼ਕਤੀਮਾਨ ਯਾਹਵੇਹ ਕਹਿੰਦਾ ਹੈ।
“ਇਹ ਤੁਸੀਂ ਜਾਜਕੋ ਜੋ ਮੇਰੇ ਨਾਮ ਦਾ ਨਿਰਾਦਰ ਕਰਦੇ ਹੋ।
“ਪਰ ਤੁਸੀਂ ਕਹਿੰਦੇ ਹੋ, ‘ਅਸੀਂ ਤੇਰੇ ਨਾਮ ਦਾ ਨਿਰਾਦਰ ਕਦੋਂ ਕੀਤਾ ਹੈ?’
7“ਮੇਰੀ ਜਗਵੇਦੀ ਉੱਤੇ ਅਸ਼ੁੱਧ ਭੋਜਨ ਚੜ੍ਹਾ ਕੇ।
“ਇਹ ਪੁੱਛਦੇ ਹੋ, ‘ਅਸੀਂ ਤੈਨੂੰ ਕਿਵੇਂ ਭ੍ਰਿਸ਼ਟ ਕੀਤਾ ਹੈ?’
“ਇਹ ਕਹਿ ਕੇ ਕਿ ਯਾਹਵੇਹ ਦੀ ਮੇਜ਼ ਨਿੰਦਣਯੋਗ ਹੈ। 8ਜਦੋਂ ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ, ਕੀ ਇਹ ਗਲਤ ਨਹੀਂ ਹੈ? ਜਦੋਂ ਤੁਸੀਂ ਲੰਗੜੇ ਜਾਂ ਬਿਮਾਰ ਜਾਨਵਰਾਂ ਦੀ ਬਲੀ ਦਿੰਦੇ ਹੋ, ਤਾਂ ਕੀ ਇਹ ਗ਼ਲਤ ਨਹੀਂ ਹੈ? ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9“ਹੁਣ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਮਿਹਰ ਕਰੇ। ਤੁਹਾਡੇ ਹੱਥਾਂ ਦੀਆਂ ਅਜਿਹੀਆਂ ਭੇਟਾਂ ਨਾਲ, ਕੀ ਉਹ ਤੁਹਾਨੂੰ ਕਬੂਲ ਕਰੇਗਾ?” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
10“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ। 11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
12“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’ 13ਅਤੇ ਤੁਸੀਂ ਕਹਿੰਦੇ ਹੋ, ‘ਕਿੰਨਾ ਬੋਝ ਹੈ!’ ਅਤੇ ਤੁਸੀਂ ਇਸ ਨੂੰ ਨਫ਼ਰਤ ਨਾਲ ਸੁੰਘਦੇ ਹੋ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
“ਜਦੋਂ ਤੁਸੀਂ ਜ਼ਖਮੀ, ਲੰਗੜੇ ਜਾਂ ਰੋਗੀ ਜਾਨਵਰਾਂ ਨੂੰ ਲਿਆਉਂਦੇ ਹੋ ਅਤੇ ਉਹਨਾਂ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤਾਂ ਕੀ ਮੈਂ ਉਹਨਾਂ ਨੂੰ ਤੁਹਾਡੇ ਹੱਥੋਂ ਸਵੀਕਾਰ ਕਰਾਂਗਾ?” ਯਾਹਵੇਹ ਇਹ ਕਹਿੰਦਾ ਹੈ। 14“ਸਰਾਪੀ ਹੈ ਉਹ ਧੋਖੇਬਾਜ਼ ਜਿਸ ਦੇ ਇੱਜੜ ਵਿੱਚ ਇੱਕ ਵਧੀਆ ਨਰ ਜਾਨਵਰ ਹੋਵੇ ਅਤੇ ਉਹ ਉਸਨੂੰ ਦੇਣ ਦੀ ਸੁੱਖਣਾ ਸੁੱਖਦਾ ਹੈ, ਪਰ ਫਿਰ ਯਾਹਵੇਹ ਨੂੰ ਇੱਕ ਦਾਗ ਵਾਲੇ ਜਾਨਵਰ ਦੀ ਬਲੀ ਦਿੰਦਾ ਹੈ। ਕਿਉਂਕਿ ਮੈਂ ਇੱਕ ਮਹਾਨ ਰਾਜਾ ਹਾਂ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਅਤੇ ਕੌਮਾਂ ਵਿੱਚ ਮੇਰੇ ਨਾਮ ਦਾ ਡਰ ਹੋਵੇ।