Logo YouVersion
Ikona vyhledávání

ਹਾਗੱਈ 2

2
1ਸੱਤਵੇਂ ਮਹੀਨੇ ਦੇ ਇੱਕੀਵੇਂ ਤਰੀਕ, ਹੱਗਈ ਨਬੀ ਦੇ ਰਾਹੀਂ ਯਾਹਵੇਹ ਦਾ ਬਚਨ ਆਇਆ: 2“ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਨਾਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ, ਪ੍ਰਧਾਨ ਜਾਜਕ, ਅਤੇ ਲੋਕਾਂ ਦੇ ਬਕੀਏ ਨਾਲ ਗੱਲ ਕਰ ਅਤੇ ਉਹਨਾਂ ਨੂੰ ਪੁੱਛੋ, 3‘ਤੁਹਾਡੇ ਵਿੱਚੋਂ ਹੁਣ ਕੌਣ ਬਚਿਆ ਹੈ, ਜਿਸ ਨੇ ਇਸ ਭਵਨ ਦੀ ਪੁਰਾਣੀ ਸ਼ਾਨ ਦੇਖੀ ਹੈ? ਹੁਣ ਤੁਸੀਂ ਇਸ ਨੂੰ ਕਿਸ ਹਾਲਤ ਵਿੱਚ ਦੇਖਦੇ ਹੋ? ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਹੁਣ ਕੁਝ ਵੀ ਨਹੀਂ ਹੈ? 4ਪਰ ਹੁਣ, ਹੇ ਜ਼ਰੁੱਬਾਬੇਲ ਤਕੜਾ ਹੋ, ਯਾਹਵੇਹ ਦਾ ਵਾਕ ਹੈ।’ ਹੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਸਰਦਾਰ ਜਾਜਕ ਤਕੜਾ ਹੋ ਜਾ। ਹੇ ਧਰਤੀ ਦੇ ਸਾਰੇ ਲੋਕੋ, ਤਕੜੇ ਬਣੋ, ਯਾਹਵੇਹ ਦਾ ਵਾਕ ਹੈ, ‘ਅਤੇ ਕੰਮ ਕਰੋ ਕਿਉਂਕਿ ਮੈਂ ਤੁਹਾਡੇ ਨਾਲ ਹਾਂ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 5‘ਇਹ ਉਹ ਨੇਮ ਹੈ ਜੋ ਮੈਂ ਤੁਹਾਡੇ ਨਾਲ ਮਿਸਰ ਤੋਂ ਬਾਹਰ ਨਿੱਕਲਦੇ ਸਮੇਂ ਬੰਨ੍ਹਿਆਂ ਸੀ। ਅਤੇ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ। ਡਰੋ ਨਾ।’
6“ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਥੋੜ੍ਹੇ ਸਮੇਂ ਵਿੱਚ ਮੈਂ ਇੱਕ ਵਾਰ ਫਿਰ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਸੁੱਕੀ ਧਰਤੀ ਨੂੰ ਹਿਲਾ ਦਿਆਂਗਾ। 7ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ, ਅਤੇ ਸਾਰਿਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ,’ ਸਰਬਸ਼ਕਤੀਮਾਨ ਦਾ ਯਾਹਵੇਹ ਵਾਕ ਹੈ। 8ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਚਾਂਦੀ ਮੇਰੀ ਹੈ ਅਤੇ ਸੋਨਾ ਮੇਰਾ ਹੈ। 9ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ,’ ਸਰਬਸ਼ਕਤੀਮਾਨ ਦਾ ਯਾਹਵੇਹ ਵਾਕ ਹੈ। ‘ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ,’ ਸਰਬਸ਼ਕਤੀਮਾਨ ਦਾ ਵਾਕ ਹੈ।”
ਭ੍ਰਿਸ਼ਟ ਲੋਕਾਂ ਲਈ ਅਸੀਸ
10ਦਾਰਾ ਦੇ ਦੂਜੇ ਸਾਲ ਦੇ ਨੌਵੇਂ ਮਹੀਨੇ ਦੇ ਚੌਵੀਵੇਂ ਦਿਨ, ਹੱਗਈ ਨਬੀ ਨੂੰ ਯਾਹਵੇਹ ਦਾ ਬਚਨ ਆਇਆ: 11“ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜਾਜਕਾਂ ਨੂੰ ਪੁੱਛੋ ਕਿ ਬਿਵਸਥਾ ਕੀ ਕਹਿੰਦੀ ਹੈ: 12ਜੇ ਕੋਈ ਵਿਅਕਤੀ ਆਪਣੇ ਕੁੜਤੇ ਦੀ ਝੋਲੀ ਵਿੱਚ ਪਵਿੱਤਰ ਮਾਸ ਚੁੱਕਦਾ ਹੈ, ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈਅ, ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੂਹ ਜਾਵੇ, ਤਾਂ ਕੀ, ਉਹ ਚੀਜ਼ ਪਵਿੱਤਰ ਹੋ ਜਾਵੇਗੀ?’ ”
ਤਾਂ ਜਾਜਕਾਂ ਨੇ ਉੱਤਰ ਦਿੱਤਾ, “ਨਹੀਂ।”
13ਫੇਰ ਹੱਗਈ ਨੇ ਆਖਿਆ, “ਜੇ ਕੋਈ ਮਨੁੱਖ ਜੋ ਲਾਸ਼ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਛੂਹ ਦੇਵੇ ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ?”
ਤਾਂ ਜਾਜਕਾਂ ਨੇ ਉੱਤਰ ਦਿੱਤਾ, “ਉਹ ਅਸ਼ੁੱਧ ਹੋਵੇਗੀ।”
14ਫੇਰ ਹੱਗਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਅਤੇ ਇਸ ਕੌਮ ਦਾ ਇਹੋ ਹਾਲ ਹੈ, ਯਾਹਵੇਹ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜ੍ਹਾਉਂਦੇ ਹਨ, ਉਹ ਵੀ ਅਸ਼ੁੱਧ ਹੈ।
15“ ‘ਹੁਣ ਅੱਜ ਦੇ ਦਿਨ ਤੋਂ ਇਸ ਗੱਲ ਵੱਲ ਧਿਆਨ ਨਾਲ ਸੋਚੋ, ਵੇਖੋ ਕਿ ਯਾਹਵੇਹ ਦੇ ਭਵਨ ਵਿੱਚ ਇੱਕ ਪੱਥਰ ਦੂਜੇ ਉੱਤੇ ਰੱਖੇ ਜਾਣ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਸਨ। 16ਜਦੋਂ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ, ਤਾਂ ਦਸ ਹੀ ਹੁੰਦੇ ਸਨ। ਜਦ ਕੋਈ ਦਾਖਰਸ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਸੀ, ਤਾਂ ਵੀਹ ਹੀ ਹੁੰਦੇ ਸਨ। 17ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਾਹਵੇਹ ਦਾ ਵਾਕ ਹੈ। 18ਇਸ ਦਿਨ ਤੋਂ, ਨੌਵੇਂ ਮਹੀਨੇ ਦੇ ਚੌਵੀਵੇਂ ਦਿਨ ਤੋਂ, ਉਸ ਦਿਨ ਵੱਲ ਧਿਆਨ ਨਾਲ ਸੋਚੋ ਜਦੋਂ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ। ਧਿਆਨ ਨਾਲ ਸੋਚੋ: 19ਕੀ ਅਜੇ ਵੀ ਕੋਠੇ ਵਿੱਚ ਕੋਈ ਬੀਜ ਹੈ? ਹੁਣ ਤੱਕ, ਅੰਗੂਰੀ ਵੇਲ ਅਤੇ ਹੰਜੀਰ, ਅਨਾਰ ਅਤੇ ਜ਼ੈਤੂਨ ਦੇ ਰੁੱਖਾਂ ਨੇ ਫਲ ਨਹੀਂ ਦਿੱਤਾ ਹੈ।
“ ‘ਇਸ ਦਿਨ ਤੋਂ ਮੈਂ ਤੈਨੂੰ ਅਸੀਸ ਦੇਵਾਂਗਾ।’ ”
ਜ਼ਰੁੱਬਾਬਲ ਯਾਹਵੇਹ ਦੀ ਦਸਤਖਤ ਵਾਲੀ ਮੁੰਦਰੀ
20ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਾਹਵੇਹ ਦਾ ਬਚਨ ਹੱਗਈ ਨਬੀ ਕੋਲ ਦੂਜੀ ਵਾਰ ਆਇਆ 21“ਯਹੂਦਾਹ ਦੇ ਰਾਜਪਾਲ ਜ਼ਰੁੱਬਾਬੇਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ। 22ਮੈਂ ਸ਼ਾਹੀ ਤੱਖ਼ਤਾਂ ਨੂੰ ਉਲਟਾ ਦਿਆਂਗਾ ਅਤੇ ਵਿਦੇਸ਼ੀ ਰਾਜਾਂ ਦੀ ਸ਼ਕਤੀ ਨੂੰ ਭੰਨ ਸੁੱਟਾਂਗਾ। ਮੈਂ ਰਥਾਂ ਅਤੇ ਉਨ੍ਹਾਂ ਦੇ ਚਾਲਕਾਂ ਨੂੰ ਉਖਾੜ ਸੁੱਟਾਂਗਾ; ਘੋੜੇ ਅਤੇ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਰੇਕ ਆਪਣੇ ਭਰਾ ਦੀ ਤਲਵਾਰ ਨਾਲ।
23“ਉਸ ਦਿਨ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਹੇ ਮੇਰੇ ਸੇਵਕ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਮੈਂ ਤੈਨੂੰ ਲੈ ਜਾਵਾਂਗਾ,’ ਯਾਹਵੇਹ ਦਾ ਵਾਕ ਹੈ।”

Právě zvoleno:

ਹਾਗੱਈ 2: PCB

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas