7
ਚਾਰ ਜਾਨਵਰਾਂ ਦਾ ਦਾਨੀਏਲ ਦਾ ਸੁਪਨਾ
1ਬਾਬੇਲ ਦੇ ਰਾਜੇ ਬੇਲਸ਼ੱਸਰ ਦੇ ਪਹਿਲੇ ਸਾਲ ਵਿੱਚ, ਦਾਨੀਏਲ ਨੇ ਆਪਣੇ ਬਿਸਤਰੇ, ਉੱਤੇ ਇੱਕ ਦਰਸ਼ਣ ਦੇਖਿਆ, ਤਦ ਉਹ ਨੇ ਦਰਸ਼ਣ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਬਿਆਨ ਕੀਤਾ।
2ਦਾਨੀਏਲ ਨੇ ਕਿਹਾ: “ਰਾਤ ਨੂੰ ਮੈਂ ਆਪਣੇ ਦਰਸ਼ਣ ਵਿੱਚ ਦੇਖਿਆ ਅਤੇ ਮੇਰੇ ਸਾਹਮਣੇ ਅਕਾਸ਼ ਦੀਆਂ ਚਾਰ ਹਵਾਵਾਂ ਵੱਡੇ ਸਮੁੰਦਰ ਉੱਤੇ ਜੋਰ ਨਾਲ ਵਗੀਆਂ। 3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ-ਦੂਜੇ ਨਾਲੋਂ ਵੱਖੋ-ਵੱਖ ਸਨ।
4“ਪਹਿਲਾ ਇੱਕ ਬੱਬਰ ਸ਼ੇਰ ਵਰਗਾ ਸੀ ਅਤੇ ਉਸਦੇ ਇੱਕ ਬਾਜ਼ ਦੇ ਵਾਂਗ ਖੰਭ ਸਨ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਸਦੇ ਖੰਭਾਂ ਨੂੰ ਪਾੜ ਨਹੀਂ ਦਿੱਤਾ ਗਿਆ ਅਤੇ ਇਸਨੂੰ ਜ਼ਮੀਨ ਤੋਂ ਉੱਚਾ ਚੁੱਕਿਆ ਗਿਆ ਤਾਂ ਕਿ ਇਹ ਮਨੁੱਖ ਵਾਂਗ ਦੋ ਪੈਰਾਂ ਤੇ ਖੜ੍ਹਾ ਹੋ ਗਿਆ ਅਤੇ ਮਨੁੱਖ ਦਾ ਮਨ ਉਸ ਨੂੰ ਦਿੱਤਾ ਗਿਆ।
5“ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ‘ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!’
6“ਉਸ ਤੋਂ ਬਾਅਦ, ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਹੋਰ ਜਾਨਵਰ ਸੀ, ਜੋ ਕਿ ਚੀਤੇ ਵਰਗਾ ਸੀ ਉੱਠਿਆ। ਅਤੇ ਇਸਦੀ ਪਿੱਠ ਉੱਤੇ ਪੰਛੀ ਦੇ ਵਾਂਗ ਚਾਰ ਖੰਭ ਸਨ। ਇਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਇਸ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
7“ਇਹ ਦੇ ਪਿੱਛੋਂ ਮੈਂ ਰਾਤ ਨੂੰ ਦਰਸ਼ਣ ਵਿੱਚ ਦੇਖਿਆ ਅਤੇ ਕੀ ਵੇਖਦਾ ਹਾਂ ਅਤੇ ਮੇਰੇ ਸਾਹਮਣੇ ਇੱਕ ਚੌਥਾ ਦਰਿੰਦਾ ਸੀ ਭਿਆਨਕ ਅਤੇ ਡਰਾਉਣਾ ਅਤੇ ਬਹੁਤ ਸ਼ਕਤੀਸ਼ਾਲੀ। ਇਸ ਦੇ ਵੱਡੇ ਲੋਹੇ ਦੇ ਦੰਦ ਸਨ; ਅਤੇ ਵੱਡੇ-ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ-ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ, ਅਤੇ ਉਹ ਦੇ ਦਸ ਸਿੰਙ ਸਨ।
8“ਮੈਂ ਉਹਨਾਂ ਸਿੰਗਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ।
9“ਜਿਵੇਂ ਕਿ ਮੈਂ ਦੇਖਿਆ,
“ਸਿੰਘਾਸਣ ਥਾਂ ਤੇ ਸਥਾਪਿਤ ਕੀਤੇ ਗਏ ਸਨ,
ਅਤੇ ਦਿਨਾਂ ਦੇ ਪ੍ਰਾਚੀਨ ਨੇ ਆਪਣੀ ਥਾਂ ਲੈ ਲਈ।
ਉਸਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ।
ਉਸ ਦੇ ਸਿਰ ਦੇ ਵਾਲ ਉੱਨ ਵਰਗੇ ਚਿੱਟੇ ਸਨ।
ਉਹ ਦਾ ਸਿੰਘਾਸਣ ਅੱਗ ਨਾਲ ਬਲ ਰਿਹਾ ਸੀ,
ਅਤੇ ਉਹ ਦੇ ਸਾਰੇ ਪਹੀਏ ਸੜ ਗਏ ਸਨ।
10ਇੱਕ ਅੱਗ ਵਾਲੀ ਨਦੀ ਨਿੱਕਲੀ,
ਜੋ ਉਹ ਦੇ ਅੱਗੋਂ ਦੀ ਵਗਦੀ ਸੀ।
ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ,
ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ!
ਨਿਆਂ ਹੁੰਦਾ ਸੀ
ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।
11“ਫਿਰ ਮੈਂ ਦੇਖਦਾ ਰਿਹਾ ਕਿਉਂਕਿ ਸਿੰਗ ਬੋਲ ਰਿਹਾ ਸੀ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਦਰਿੰਦਾ ਮਾਰਿਆ ਨਹੀਂ ਗਿਆ ਅਤੇ ਉਸਦਾ ਸਰੀਰ ਤਬਾਹ ਹੋ ਗਿਆ ਅਤੇ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ। 12(ਹੋਰ ਦਰਿੰਦਿਆਂ ਤੋਂ ਉਹਨਾਂ ਦਾ ਅਧਿਕਾਰ ਖੋਹ ਲਿਆ ਗਿਆ ਸੀ, ਪਰ ਉਹਨਾਂ ਨੂੰ ਕੁਝ ਸਮੇਂ ਲਈ ਜਿਉਂਣ ਦਿੱਤਾ ਗਿਆ ਸੀ।)
13“ਰਾਤ ਨੂੰ ਆਪਣੇ ਦਰਸ਼ਣ ਵਿੱਚ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਮਨੁੱਖ ਦੇ ਪੁੱਤਰ ਵਰਗਾ ਸੀ, ਜੋ ਅਕਾਸ਼ ਦੇ ਬੱਦਲਾਂ ਨਾਲ ਆ ਰਿਹਾ ਸੀ। ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ। 14ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।
ਦਰਸਣਾਂ ਦੀ ਵਿਆਖਿਆ
15“ਮੈਂ, ਦਾਨੀਏਲ, ਆਤਮਾ ਵਿੱਚ ਪਰੇਸ਼ਾਨ ਸੀ, ਅਤੇ ਮੇਰੇ ਮਨ ਵਿੱਚੋਂ ਲੰਘਣ ਵਾਲੇ ਦਰਸਣਾਂ ਨੇ ਮੈਨੂੰ ਪਰੇਸ਼ਾਨ ਕੀਤਾ। 16ਮੈਂ ਉੱਥੇ ਖੜ੍ਹੇ ਲੋਕਾਂ ਵਿੱਚੋਂ ਇੱਕ ਕੋਲ ਗਿਆ ਅਤੇ ਉਸ ਨੂੰ ਇਸ ਸਭ ਦਾ ਅਰਥ ਪੁੱਛਿਆ।
“ਇਸ ਲਈ ਉਸਨੇ ਮੈਨੂੰ ਦੱਸਿਆ ਅਤੇ ਮੈਨੂੰ ਇਹਨਾਂ ਗੱਲਾਂ ਦਾ ਅਰਥ ਦਿੱਤਾ: 17‘ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ। 18ਪਰ ਅੱਤ ਮਹਾਨ ਦੇ ਪਵਿੱਤਰ ਲੋਕ ਰਾਜ ਪ੍ਰਾਪਤ ਕਰਨਗੇ ਅਤੇ ਇਸ ਨੂੰ ਸਦਾ ਲਈ ਪ੍ਰਾਪਤ ਕਰਨਗੇ ਹਾਂ, ਸਦਾ ਅਤੇ ਸਦਾ ਲਈ।’
19“ਫਿਰ ਮੈਂ ਚੌਥੇ ਦਰਿੰਦੇ ਦਾ ਅਰਥ ਜਾਣਨਾ ਚਾਹੁੰਦਾ ਸੀ, ਜੋ ਬਾਕੀ ਸਾਰਿਆਂ ਨਾਲੋਂ ਵੱਖਰਾ ਸੀ ਅਤੇ ਸਭ ਤੋਂ ਭਿਆਨਕ ਸੀ, ਆਪਣੇ ਲੋਹੇ ਦੇ ਦੰਦਾਂ ਅਤੇ ਪਿੱਤਲ ਦੇ ਪੰਜਿਆਂ ਨਾਲ ਉਹ ਦਰਿੰਦਾ ਜਿਸ ਨੇ ਆਪਣੇ ਸ਼ਿਕਾਰਾਂ ਨੂੰ ਕੁਚਲਿਆ ਅਤੇ ਨਿਗਲ ਲਿਆ ਅਤੇ ਜੋ ਬਚਿਆ ਸੀ ਉਸ ਨੂੰ ਪੈਰਾਂ ਹੇਠ ਮਿੱਧਿਆ। 20ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ। 21ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ, 22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।
23“ਉਸਨੇ ਮੈਨੂੰ ਇਹ ਸਪੱਸ਼ਟੀਕਰਨ ਦਿੱਤਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ਉੱਤੇ ਪ੍ਰਗਟ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ, ਇਸ ਨੂੰ ਲਤਾੜ ਸੁੱਟੇਗਾ ਅਤੇ ਕੁਚਲ ਦੇਵੇਗਾ। 24ਦਸ ਸਿੰਗ ਦਸ ਰਾਜੇ ਹਨ ਜੋ ਇਸ ਰਾਜ ਤੋਂ ਆਉਣਗੇ। ਉਹਨਾਂ ਤੋਂ ਬਾਅਦ ਇੱਕ ਹੋਰ ਰਾਜਾ ਆਵੇਗਾ, ਜੋ ਪਹਿਲੇ ਲੋਕਾਂ ਨਾਲੋਂ ਵੱਖਰਾ ਹੋਵੇਗਾ; ਉਹ ਤਿੰਨ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ। 25ਉਹ ਅੱਤ ਮਹਾਨ ਦੇ ਵਿਰੁੱਧ ਬੋਲੇਗਾ ਅਤੇ ਆਪਣੇ ਪਵਿੱਤਰ ਲੋਕਾਂ ਉੱਤੇ ਜ਼ੁਲਮ ਕਰੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ#7:25 ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਅਰਥਾਤ ਇੱਕ ਸਾਲ, ਦੋ ਸਾਲ, ਅਤੇ ਅੱਧਾ ਸਾਲ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।
26“ ‘ਪਰ ਅਦਾਲਤ ਬੈਠੇਗੀ, ਅਤੇ ਉਸਦੀ ਸ਼ਕਤੀ ਖੋਹ ਲਈ ਜਾਵੇਗੀ ਅਤੇ ਹਮੇਸ਼ਾ ਲਈ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। 27ਫਿਰ ਸਵਰਗ ਦੇ ਹੇਠਾਂ ਸਾਰੇ ਰਾਜਾਂ ਦੀ ਪ੍ਰਭੂਤਾ, ਸ਼ਕਤੀ ਅਤੇ ਮਹਾਨਤਾ ਸਰਬ ਉੱਚ ਦੇ ਪਵਿੱਤਰ ਲੋਕਾਂ ਨੂੰ ਸੌਂਪ ਦਿੱਤੀ ਜਾਵੇਗੀ। ਉਸਦਾ ਰਾਜ ਇੱਕ ਸਦੀਵੀ ਰਾਜ ਹੋਵੇਗਾ, ਅਤੇ ਸਾਰੇ ਸ਼ਾਸਕ ਉਸਦੀ ਉਪਾਸਨਾ ਕਰਨਗੇ ਅਤੇ ਉਸਦੀ ਪਾਲਣਾ ਕਰਨਗੇ।’
28“ਇਹ ਮਾਮਲੇ ਦਾ ਅੰਤ ਹੈ। ਮੈਂ, ਦਾਨੀਏਲ, ਆਪਣੇ ਵਿਚਾਰਾਂ ਤੋਂ ਬਹੁਤ ਦੁਖੀ ਸੀ, ਅਤੇ ਮੇਰਾ ਚਿਹਰਾ ਫਿੱਕਾ ਪੈ ਗਿਆ ਸੀ, ਪਰ ਮੈਂ ਗੱਲ ਨੂੰ ਆਪਣੇ ਕੋਲ ਰੱਖਿਆ।”