ਰੋਮਿਆਂ 14
14
ਕਮਜ਼ੋਰ ਅਤੇ ਮਜ਼ਬੂਤ
1ਜੋ ਕੋਈ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਸ ਨੂੰ ਆਪਣੀ ਸੰਗਤ ਵਿੱਚ ਰਲਾ ਲਵੋ ਪਰ ਉਸ ਨਾਲ ਕਿਸੇ ਵੀ ਵਿਵਾਦੀ ਵਿਸ਼ਿਆਂ ਉੱਤੇ ਬਹਿਸ ਨਾ ਕਰੋ। 2ਉਦਾਹਰਣ ਦੇ ਲਈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਸਭ ਕੁਝ ਖਾਣਾ ਠੀਕ ਹੈ।#14:2 ਮਾਸ ਪਰ ਦੂਜਾ ਵਿਅਕਤੀ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ ਸਿਰਫ ਸਬਜ਼ੀਆਂ ਹੀ ਖਾਏ। 3ਉਹ ਜੋ ਸਭ ਕੁਝ ਖਾਂਦਾ ਹੈ, ਉਸ ਨੂੰ ਨੀਵਾਂ ਨਾ ਸਮਝੇ ਜੋ ਸਭ ਕੁਝ ਨਹੀਂ ਖਾਂਦਾ; ਇਸੇ ਤਰ੍ਹਾਂ, ਜੋ ਸਭ ਕੁਝ ਨਹੀਂ ਖਾਂਦਾ, ਉਸ ਨੂੰ ਦੋਸ਼ ਨਾ ਲਾਉ ਜੋ ਸਭ ਕੁਝ ਖਾਂਦਾ ਹੈ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ। 4ਤੂੰ ਕਿਸੇ ਹੋਰ ਦੇ ਨੌਕਰਾਂ ਦੀ ਨਿੰਦਾ ਕਰਨ ਵਾਲਾ ਕੌਣ ਹੈ? ਉਹਨਾਂ ਦਾ ਆਪਣਾ ਮਾਲਕ ਨਿਆਂ ਕਰੇਗਾ ਕਿ ਉਹ ਖੜ੍ਹੇ ਹਨ ਜਾਂ ਡਿੱਗਦੇ ਹਨ ਅਤੇ ਪ੍ਰਭੂ ਦੀ ਸਹਾਇਤਾ ਨਾਲ, ਉਹ ਖੜ੍ਹੇ ਹੋਣਗੇ ਅਤੇ ਉਸ ਦੀ ਪ੍ਰਵਾਨਗੀ ਪ੍ਰਾਪਤ ਕਰਨਗੇ।
5ਇੱਕ ਵਿਅਕਤੀ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਵਧੇਰੇ ਪਵਿੱਤਰ ਸਮਝਦਾ ਹੈ; ਦੂਜੇ ਲੋਕ ਸੋਚਦੇ ਹਨ ਕਿ ਹਰ ਦਿਨ ਇੱਕੋ ਜਿਹਾ ਹੁੰਦਾ ਹੈ। ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ ਹੈ।#14:5 ਗਲਾ 4:10; ਕੁਲੁੱ 2:16 6ਜਿਹੜਾ ਵੀ ਇੱਕ ਦਿਨ ਨੂੰ ਖਾਸ ਮੰਨਦਾ ਹੈ ਉਹ ਪ੍ਰਭੂ ਦੇ ਲਈ ਅਜਿਹਾ ਮੰਨਦਾ ਹੈ। ਇਸ ਤਰ੍ਹਾਂ ਜਿਹੜਾ ਵੀ ਮਾਸ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ; ਅਤੇ ਜੋ ਕੋਈ ਇਸ ਤੋਂ ਦੂਰ ਰਹਿੰਦਾ ਹੈ ਉਹ ਪ੍ਰਭੂ ਦੇ ਲਈ ਕਰਦਾ ਹੈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ। 7ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਜਿਉਂਦਾ, ਅਤੇ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਮਰਦਾ। 8ਜੇ ਅਸੀਂ ਜੀਉਂਦੇ ਹਾਂ, ਅਸੀਂ ਪ੍ਰਭੂ ਲਈ ਜੀਉਂਦੇ ਹਾਂ; ਅਤੇ ਜੇ ਅਸੀਂ ਮਰਦੇ ਹਾਂ, ਅਸੀਂ ਪ੍ਰਭੂ ਲਈ ਮਰਦੇ ਹਾਂ। ਇਸ ਲਈ, ਭਾਵੇਂ ਅਸੀਂ ਜਿਉਂਦੇ ਹਾਂ ਜਾਂ ਮਰਦੇ ਹਾਂ, ਅਸੀਂ ਪ੍ਰਭੂ ਦੇ ਹਾਂ। 9ਇਸੇ ਕਾਰਨ ਕਰਕੇ, ਮਸੀਹ ਮਰ ਗਿਆ ਅਤੇ ਜੀਉਂਦਾ ਹੋਇਆ ਤਾਂ ਜੋ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਵਾਂ ਦਾ ਪ੍ਰਭੂ ਹੋਵੇ।
10ਤਾਂ ਫਿਰ, ਤੁਸੀਂ ਆਪਣੇ ਭਰਾ ਜਾਂ ਭੈਣ ਦਾ ਨਿਆਂ ਕਿਉਂ ਕਰਦੇ ਹੋ? ਜਾਂ ਤੁਸੀਂ ਉਹਨਾਂ ਨਾਲ ਨਫ਼ਰਤ ਕਿਉਂ ਕਰਦੇ ਹੋ? ਕਿਉਂਕਿ ਅਸੀਂ ਸਾਰੇ ਪਰਮੇਸ਼ਵਰ ਦੇ ਨਿਆਂ ਆਸਨ ਦੇ ਸਾਹਮਣੇ ਖੜ੍ਹੇ ਹੋਵਾਂਗੇ। 11ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ,
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।”#14:11 ਯਸ਼ਾ 45:23; 49:18
12ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
13ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ। 14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਕੁਝ ਵੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ। ਪਰ ਜੇ ਕੋਈ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਵਿਅਕਤੀ ਲਈ ਉਹ ਅਸ਼ੁੱਧ ਹੈ। 15ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੋਵੇ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸ ਦੇ ਲਈ ਮਸੀਹ ਮਰਿਆ ਸੀ। 16ਇਸ ਲਈ ਜਿਹੜੀ ਚੰਗੀ ਚੀਜ਼ ਤੁਸੀਂ ਜਾਣਦੇ ਹੋ ਉਸ ਨੂੰ ਅਪਮਾਨ ਨਾ ਕਰੋ। 17ਕਿਉਂਕਿ ਪਰਮੇਸ਼ਵਰ ਦਾ ਰਾਜ ਖਾਣ-ਪੀਣ ਦਾ ਵਿਸ਼ਾ ਨਹੀਂ ਹੈ, ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਅਨੰਦ ਦਾ ਵਿਸ਼ਾ ਹੈ, 18ਕਿਉਂਕਿ ਜੋ ਕੋਈ ਵੀ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ ਅਤੇ ਮਨੁੱਖ ਦੀ ਵਡਿਆਈ ਪ੍ਰਾਪਤ ਕਰਦਾ ਹੈ।
19ਇਸ ਲਈ ਆਓ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਜੋ ਸ਼ਾਂਤੀ ਅਤੇ ਆਪਸੀ ਸੁਧਾਰ ਵੱਲ ਲੈ ਜਾਂਦੀ ਹੈ। 20ਭੋਜਨ ਦੀ ਖ਼ਾਤਰ ਪਰਮੇਸ਼ਵਰ ਦੇ ਕੰਮ ਨੂੰ ਨਾਸ਼ ਨਾ ਕਰੋ। ਸਾਰਾ ਭੋਜਨ ਸਾਫ਼ ਹੁੰਦਾ ਹੈ, ਪਰ ਕਿਸੇ ਵਿਅਕਤੀ ਦੁਆਰਾ ਕੁਝ ਵੀ ਖਾਣਾ ਗਲਤ ਹੈ ਜਿਸ ਕਾਰਨ ਕਿਸੇ ਹੋਰ ਨੂੰ ਠੋਕਰ ਲੱਗਦੀ ਹੈ। 21ਇਹ ਬਿਹਤਰ ਹੈ ਕਿ ਨਾ ਮਾਸ ਖਾਵੋ ਅਤੇ ਨਾ ਸ਼ਰਾਬ ਪੀਵੋ ਜਾਂ ਕੋਈ ਹੋਰ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਭਰਾ ਜਾਂ ਭੈਣ ਨੂੰ ਠੋਕਰ ਲੱਗੇ।
22ਇਸ ਲਈ ਜੋ ਵੀ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਵਿਸ਼ਵਾਸ ਕਰਦੇ ਹੋ ਉਹ ਆਪਣੇ ਅਤੇ ਪਰਮੇਸ਼ਵਰ ਦੇ ਵਿੱਚ ਰੱਖੋ। ਧੰਨ ਹੈ ਉਹ ਜੋ ਆਪਣੀ ਜਾਂਚ ਕਰਦਾ ਹੈ ਅਤੇ ਆਪਣੀ ਨਿੰਦਾ ਨਹੀਂ ਕਰਦਾ। 23ਪਰ ਜਿਸ ਕਿਸੇ ਨੂੰ ਸ਼ੱਕ ਹੈ ਉਹ ਨਿੰਦਾ ਕਰਦਾ ਹੈ ਜੇ ਉਹ ਖਾਂਦੇ ਹਨ, ਕਿਉਂਕਿ ਉਹਨਾਂ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਅਤੇ ਹਰ ਉਹ ਚੀਜ਼ ਜੋ ਵਿਸ਼ਵਾਸ ਤੋਂ ਨਹੀਂ ਆਉਂਦੀ ਪਾਪ ਹੈ।
S'ha seleccionat:
ਰੋਮਿਆਂ 14: PCB
Subratllat
Comparteix
Compara
Copia
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.