ਪ੍ਰਕਾਸ਼ ਪੱਤਰ 17
17
ਮਹਾਨ ਵੇਸਵਾ ਅਤੇ ਦਰਿੰਦਾ
1ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਨੇ ਕਟੋਰੇ ਫੜ੍ਹੇ ਸਨ, ਇੱਕ ਨੇ ਮੇਰੇ ਕੋਲ ਆ ਕੇ ਆਖਿਆ, “ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦੀ ਸਜ਼ਾ ਵਿਖਾਵਾ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੈ। 2ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਵਿਭਚਾਰ ਕੀਤਾ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਦਾਖਰਸ ਨਾਲ ਮਤਵਾਲੇ ਹੋਏ।”
3ਤਦ ਦੂਤ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਹੋਏ ਵੇਖਿਆ ਜਿਹੜਾ ਦਰਿੰਦਾ ਨਿੰਦਿਆ ਦੇ ਨਾਂਵਾ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਸਨ, ਉਹ ਸੋਨੇ ਅਤੇ ਮਹਿੰਗੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਨੇ ਆਪਣੇ ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜੋ ਘਿਣਾਉਣੀਆਂ ਵਸਤਾ ਅਤੇ ਉਸ ਦੇ ਵਿਭਚਾਰ ਨਾਲ ਭਰਿਆ ਹੋਇਆ ਸੀ। 5ਉਸ ਦੇ ਮੱਥੇ ਉੱਤੇ ਇੱਕ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ:
ਮਹਾਨ ਬਾਬੇਲ
ਵੇਸਵਾਵਾਂ ਦੀ ਮਾਤਾ
ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾ ਦੀ ਮਾਂ।
6ਮੈ ਵੇਖਿਆ ਉਸ ਔਰਤ ਨੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਲਹੂ ਨੂੰ ਪੀਤਾ, ਅਤੇ ਜਿਨ੍ਹਾਂ ਨੇ ਯਿਸ਼ੂ ਮਸੀਹ ਦੀ ਗਵਾਹੀ ਦਿੱਤੀ।
ਉਸ ਨੂੰ ਵੇਖ ਕੇ ਮੈ ਹੈਰਾਨ ਰਹਿ ਗਿਆ। 7ਤਦ ਸਵਰਗਦੂਤ ਨੇ ਮੈਨੂੰ ਪੁੱਛਿਆ: “ਤੂੰ ਹੈਰਾਨ ਕਿਉ ਹੋ ਰਿਹਾ ਹੈ? ਮੈਂ ਤੈਨੂੰ ਉਸ ਔਰਤ ਅਤੇ ਉਸ ਦਰਿੰਦੇ ਬਾਰੇ ਦੱਸਾਂਗਾ, ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਜਿਸ ਤੇ ਉਹ ਔਰਤ ਬੈਠੀ ਹੈ। 8ਉਹ ਦਰਿੰਦਾ, ਜਿਹੜਾ ਤੂੰ ਵੇਖਿਆ ਪਹਿਲਾਂ ਹੈ ਸੀ, ਹੁਣ ਨਹੀਂ ਹੈ, ਅਤੇ ਉਹ ਜਲਦੀ ਹੀ ਅਥਾਹ ਕੁੰਡ ਵਿੱਚੋਂ ਨਿੱਕਲੇਗਾ ਅਤੇ ਉਸ ਦਾ ਨਾਸ਼ ਹੋ ਜਾਵੇਗਾ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਸੰਸਾਰ ਦੇ ਮੁੱਢੋਂ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ, ਕਿ ਉਹ ਹੈ ਸੀ, ਅਤੇ ਹੁਣ ਨਹੀਂ ਹੈ ਅਤੇ ਦੁਬਾਰਾ ਆਵੇਗਾ, ਵੇਖ ਕੇ ਹੈਰਾਨ ਹੋ ਜਾਣਗੇ।
9“ਇਸ ਨੂੰ ਸਮਝਣ ਲਈ ਗਿਆਨ ਦੀ ਲੋੜ ਹੈ ਉਹ ਸੱਤ ਸਿਰ ਸੱਤ ਪਰਬਤ ਹਨ, ਜਿਨ੍ਹਾਂ ਤੇ ਉਹ ਔਰਤ ਬੈਠੀ ਹੈ ਅਤੇ ਉਹ ਸੱਤ ਰਾਜੇ ਵੀ ਹਨ। 10ਪੰਜ ਤਾਂ ਡਿੱਗ ਪਏ ਹਨ, ਇੱਕ ਹੈ, ਅਤੇ ਇੱਕ ਅਜੇ ਆਇਆ ਨਹੀਂ ਹੈ; ਪਰ ਜਦੋਂ ਉਹ ਆਵੇਗਾ ਤਾਂ ਥੋੜ੍ਹੇ ਸਮੇਂ ਲਈ ਹੀ ਆਵੇਗਾ। 11ਉਹ ਦਰਿੰਦਾ ਜਿਹੜਾ ਸੀ, ਅਤੇ ਹੁਣ ਨਹੀਂ ਹੈ, ਅੱਠਵਾਂ ਰਾਜਾ ਹੈ। ਉਹਨਾਂ ਸੱਤਾ ਵਿੱਚੋਂ ਹੈ ਅਤੇ ਨਸ਼ਟ ਹੋ ਜਾਵੇਗਾ।
12“ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲੇਗਾ।#17:12 ਦਾਨੀ 7:24 13ਉਹਨਾਂ ਦਸ ਰਾਜਿਆਂ ਦਾ ਇੱਕੋ ਹੀ ਉਦੇਸ਼ ਹੈ ਅਤੇ ਉਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦੇਣਗੇ। 14ਉਹ ਲੇਲੇ ਦੇ ਵਿਰੁੱਧ ਯੁੱਧ ਛੇੜਨਗੇ, ਪਰ ਲੇਲਾ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਸ ਦੇ ਨਾਲ ਜਿਹੜੇ ਬੁਲਾਏ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹੋਣਗੇ।”
15ਤਦ ਸਵਰਗਦੂਤ ਨੇ ਮੈਨੂੰ ਆਖਿਆ, “ਜਿਹੜੇ ਪਾਣੀ ਤੂੰ ਵੇਖੇ ਸਨ, ਜਿੱਥੇ ਉਹ ਵੇਸਵਾ ਬੈਠੀ ਹੈ, ਉਹ ਲੋਕ, ਭੀੜਾ, ਕੌਮਾਂ ਅਤੇ ਭਾਸ਼ਾਵਾਂ ਹਨ। 16ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ ਉਹ ਵੇਸਵਾ ਨੂੰ ਨਫ਼ਰਤ ਕਰਨਗੇ। ਉਹ ਉਸ ਨੂੰ ਉਜਾੜ ਵਿੱਚ ਲਿਆਉਣਗੇ ਅਤੇ ਬਿਨ੍ਹਾਂ ਕੱਪੜਿਆ ਦੇ ਛੱਡ ਦੇਣਗੇ; ਉਹ ਉਸ ਦੇ ਮਾਸ ਨੂੰ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ। 17ਕਿਉਂਕਿ ਪਰਮੇਸ਼ਵਰ ਨੇ ਉਹਨਾਂ ਦੇ ਦਿਲਾਂ ਵਿੱਚ ਪਾਇਆ ਕਿ ਉਹ ਉਸ ਦੀ ਮਰਜ਼ੀ ਪੂਰੀ ਕਰਨ ਇੱਕੋ ਹੀ ਸਮਝ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਦੇ ਹੱਥ ਦੇ ਦੇਣ ਜਿੰਨਾਂ ਸਮਾਂ ਪਰਮੇਸ਼ਵਰ ਦੇ ਬਚਨ ਪੂਰੇ ਨਾ ਹੋ ਜਾਣ। 18ਉਹ ਜਿਹੜੀ ਔਰਤ ਤੂੰ ਵੇਖੀ ਸੀ ਉਹ ਮਹਾਨ ਰੋਮ ਸ਼ਹਿਰ ਹੈ ਜੋ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।”
S'ha seleccionat:
ਪ੍ਰਕਾਸ਼ ਪੱਤਰ 17: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.