ਫਿਲਿਪੀਆਂ 2

2
ਮਸੀਹ ਦੀ ਨਿਮਰਤਾ ਦੀ ਰੀਸ ਕਰੋ
1ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ, 2ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ। 3ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ, 4ਆਪਣੇ ਹਿੱਤਾਂ ਦੀ ਨਹੀਂ ਬਲਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਿਆਂ ਦੇ ਹਿੱਤਾਂ ਵੱਲ ਧਿਆਨ ਕਰੇ।
5ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:
6ਕਿ ਮਸੀਹ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ
ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
7ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ,
ਇੱਕ ਸੇਵਕ ਦਾ ਸੁਭਾਅ ਧਾਰਿਆ,
ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
8ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ।
ਮੌਤ ਤੱਕ ਆਗਿਆਕਾਰੀ ਰਿਹਾ।
ਸਲੀਬ ਦੀ ਮੌਤ ਤੱਕ!
9ਇਸ ਲਈ ਪਰਮੇਸ਼ਵਰ ਨੇ ਉਸ ਨੂੰ ਉੱਚੇ ਸਥਾਨ ਤੇ ਉੱਚਾ ਕੀਤਾ,
ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹੋਰ ਸਭਨਾਂ ਨਾਮਾਂ ਤੋਂ ਉੱਤਮ ਹੈ,
10ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਝੁਕੇਗਾ,
ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ,
11ਅਤੇ ਹਰ ਜ਼ੁਬਾਨ ਮੰਨ ਲਵੇਗੀ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ,
ਪਰਮੇਸ਼ਵਰ ਪਿਤਾ ਦੀ ਮਹਿਮਾ ਲਈ।
ਬਿਨਾਂ ਬੁੜ-ਬੁੜਾਏ ਹਰ ਕੰਮ ਕਰੋ
12ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਸੀਂ ਹਮੇਸ਼ਾ ਆਗਿਆਕਾਰੀ ਰਹੇ ਹੋ ਨਾ ਸਿਰਫ ਮੇਰੀ ਮੌਜੂਦਗੀ ਵਿੱਚ, ਬਲਕਿ ਹੁਣ ਮੇਰੀ ਗੈਰ-ਹਾਜ਼ਰੀ ਵਿੱਚ ਹੋਰ ਵੀ ਬਹੁਤ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ। 13ਕਿਉਂਕਿ ਇਹ ਪਰਮੇਸ਼ਵਰ ਹੈ ਜੋ ਤੁਹਾਡੇ ਚੰਗੇ ਮਕਸਦ ਨੂੰ ਪੂਰਾ ਕਰਨ ਲਈ ਤੁਹਾਡੇ ਵਿੱਚ ਇੱਛਾ ਅਤੇ ਕਾਰਜ ਕਰਨ ਲਈ ਕੰਮ ਕਰਦਾ ਹੈ।
14ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ, 15ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣ ਸਕੋ, “ਇੱਕ ਖਰਾਬ ਅਤੇ ਵਿੰਗੀ ਪੀੜ੍ਹੀ ਵਿੱਚ ਬਿਨਾਂ ਕਸੂਰ ਦੇ ਪਰਮੇਸ਼ਵਰ ਦੇ ਬੱਚੇ ਬਣ ਜਾਵੋ।” ਫਿਰ ਤੁਸੀਂ ਇਸ ਸੰਸਾਰ ਦੇ ਲੋਕਾਂ ਵਿੱਚ ਅਕਾਸ਼ ਦੇ ਤਾਰਿਆਂ ਵਾਂਗ ਚਮਕੋਗੇ 16ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ। 17ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਤੋਂ ਆਉਣ ਵਾਲੀ ਬਲੀ ਅਤੇ ਸੇਵਾ ਉੱਤੇ ਪੀਣ ਦੀ ਭੇਟ ਵਾਂਗ ਵਹਾਇਆ ਜਾਣਾ ਪਵੇ, ਫਿਰ ਵੀ ਮੈਂ ਤੁਹਾਡੇ ਸਾਰਿਆਂ ਨਾਲ ਖੁਸ਼ ਹਾਂ ਅਤੇ ਆਨੰਦ ਵਿੱਚ ਹਾਂ। 18ਇਸ ਲਈ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਹੈ ਅਤੇ ਮੇਰੇ ਨਾਲ ਆਨੰਦ ਕਰਨਾ ਚਾਹੀਦਾ ਹੈ।
ਤਿਮੋਥਿਉਸ ਅਤੇ ਇਪਾਫ਼ਰੋਦੀਤੁਸ
19ਮੈਂ ਪ੍ਰਭੂ ਯਿਸ਼ੂ ਵਿੱਚ ਉਮੀਦ ਕਰਦਾ ਹਾਂ ਕਿ ਛੇਤੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਾਂ, ਤਾਂ ਜੋ ਜਦੋਂ ਮੈਨੂੰ ਤੁਹਾਡੇ ਬਾਰੇ ਖ਼ਬਰ ਮਿਲੇ ਤਾਂ ਮੈਂ ਵੀ ਖੁਸ਼ ਹੋਵਾਂ। 20ਮੇਰੇ ਕੋਲ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ, ਜੋ ਤੁਹਾਡੀ ਭਲਾਈ ਲਈ ਸੱਚੀ ਚਿੰਤਾ ਦਿਖਾਏ। 21ਕਿਉਂਕਿ ਹਰ ਕੋਈ ਆਪਣੇ ਹਿੱਤਾਂ ਦੀ ਭਾਲ ਕਰਦਾ ਹੈ, ਨਾ ਕਿ ਯਿਸ਼ੂ ਮਸੀਹ ਦੇ। 22ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ। 23ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਮੈਂ ਵੇਖਾਂਗਾ ਕਿ ਹਾਲਾਤ ਮੇਰੇ ਨਾਲ ਕਿਵੇਂ ਚਲਦੇ ਹਨ ਮੈਂ ਉਸ ਨੂੰ ਭੇਜ ਦੇਵਾਂਗਾ। 24ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਜਾਵਾਂਗਾ।
25ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ। 26ਕਿਉਂ ਜੋ ਇਪਾਫ਼ਰੋਦੀਤੁਸ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਅਤੇ ਉਦਾਸ ਰਹਿੰਦਾ ਸੀ ਕਿਉਂਕਿ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਸੀ। 27ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਤਾਂ ਜੋ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ। 28ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ। 29ਤਾਂ ਫਿਰ, ਉਸ ਦਾ ਪ੍ਰਭੂ ਵਿੱਚ ਬਹੁਤ ਖੁਸ਼ੀ ਨਾਲ ਸਵਾਗਤ ਕਰੋ ਅਤੇ ਅਜਿਹੇ ਪਰਮੇਸ਼ਵਰ ਦੇ ਸੇਵਕਾਂ ਦਾ ਆਦਰ ਕਰੋ, 30ਕਿਉਂਕਿ ਉਹ ਲਗਭਗ ਮਸੀਹ ਦੇ ਕੰਮ ਲਈ ਮਰ ਗਿਆ ਸੀ। ਉਸ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਸ ਸਹਾਇਤਾ ਦੀ ਭਰਪਾਈ ਕੀਤੀ ਜੋ ਤੁਸੀਂ ਖੁਦ ਮੈਨੂੰ ਨਹੀਂ ਦੇ ਸਕਦੇ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió