ਮੱਤੀਯਾਹ 4

4
ਉਜਾੜ ਵਿੱਚ ਪ੍ਰਭੂ ਯਿਸ਼ੂ ਦੀ ਪਰਖ
1ਇਸ ਤੋਂ ਬਾਅਦ ਯਿਸ਼ੂ ਪਵਿੱਤਰ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਤਾਂ ਕਿ ਦੁਸ਼ਟ ਦੇ ਦੁਆਰਾ ਪਰਤਾਇਆ ਜਾਵੇ। 2ਚਾਲੀ ਦਿਨਾਂ ਅਤੇ ਚਾਲੀ ਰਾਤਾਂ ਦਾ ਵਰਤ ਰੱਖਣ ਤੋਂ ਬਾਅਦ, ਉਸ ਨੂੰ ਭੁੱਖ ਲੱਗੀ। 3ਪਰਤਾਉਣ ਵਾਲੇ ਨੇ ਉਸ ਕੋਲ ਆਣ ਕੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਇਨ੍ਹਾਂ ਪੱਥਰਾਂ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।”
4ਯਿਸ਼ੂ ਨੇ ਉੱਤਰ ਦਿੱਤਾ, “ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਬਚਨ ਨਾਲ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ।’#4:4 ਬਿਵ 8:3
5ਫਿਰ ਸ਼ੈਤਾਨ ਉਸ ਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ#4:5 ਹੈਕਲ ਅਰਥਾਤ ਯਹੂਦੀਆਂ ਦਾ ਮੰਦਰ ਦੀ ਚੋਟੀ ਉੱਤੇ ਖੜ੍ਹਾ ਕਰ ਦਿੱਤਾ। 6ਅਤੇ ਉਸ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਸੁੱਟ ਦੇ। ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ ‘ਪਰਮੇਸ਼ਵਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ
ਅਤੇ ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,
ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।’#4:6 ਜ਼ਬੂ 91:11,12
7ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਇਹ ਵੀ ਲਿਖਿਆ ਹੋਇਆ ਹੈ: ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਖ।”#4:7 ਬਿਵ 6:13,16
8ਦੁਬਾਰਾ ਫਿਰ ਸ਼ੈਤਾਨ ਯਿਸ਼ੂ ਨੂੰ ਇੱਕ ਹੋਰ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਉਸ ਨੂੰ ਸੰਸਾਰ ਦੀਆਂਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨ ਵਿਖਾਈ। 9ਉਸ ਨੇ ਕਿਹਾ, “ਅਗਰ ਤੂੰ ਮੇਰੀ ਅਰਾਧਨਾ ਕਰੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”
10ਯਿਸ਼ੂ ਨੇ ਉਸ ਨੂੰ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ! ਕਿਉਂਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ ”#4:10 ਬਿਵ 6:13
11ਫਿਰ ਸ਼ੈਤਾਨ ਉਸ ਕੋਲੋਂ ਚਲਾ ਗਿਆ ਅਤੇ ਸਵਰਗਦੂਤ ਆਣ ਕੇ ਉਸ ਦੀ ਸੇਵਾ ਟਹਿਲ ਕਰਨ ਲੱਗੇ।
ਗਲੀਲ ਪ੍ਰਦੇਸ਼ ਵਿੱਚ ਪ੍ਰਭੂ ਯਿਸ਼ੂ ਦੀ ਸੇਵਕਾਈ ਦਾ ਅਰੰਭ
12ਜਦੋਂ ਯਿਸ਼ੂ ਨੂੰ ਇਹ ਪਤਾ ਲੱਗਾ ਕਿ ਯੋਹਨ ਨੂੰ ਕੈਦ ਵਿੱਚ ਪਾ ਦਿੱਤਾ ਗਿਆ ਹੈ, ਤਾਂ ਯਿਸ਼ੂ ਗਲੀਲ ਪ੍ਰਦੇਸ਼ ਵੱਲ ਚੱਲਿਆ ਗਿਆ। 13ਅਤੇ ਨਾਜ਼ਰੇਥ ਨੂੰ ਛੱਡ ਕੇ, ਕਫ਼ਰਨਹੂਮ ਸ਼ਹਿਰ ਵਿੱਚ ਜਾ ਕੇ ਰਹਿਣ ਲੱਗਾ, ਜਿਹੜਾ ਝੀਲ ਦੇ ਕੰਢੇ ਜ਼ਬੁਲੂਨ ਅਤੇ ਨਫ਼ਤਾਲੀ ਦੇ ਇਲਾਕੇ ਵਿੱਚ ਸਥਿਤ ਹੈ। 14ਇਹ ਇਸ ਲਈ ਹੋਇਆ ਤਾਂ ਜੋ ਯਸ਼ਾਯਾਹ ਨਬੀ ਦੀ ਭਵਿੱਖਬਾਣੀ ਪੂਰੀ ਹੋਵੇ:
15“ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ
ਸਮੁੰਦਰ ਦਾ ਰਸਤਾ, ਯਰਦਨ ਦੇ ਪਾਰ,
ਗ਼ੈਰ-ਯਹੂਦੀਆਂ ਦੀ ਗਲੀਲ,
16ਜਿਹੜੇ ਲੋਕ ਅੰਧਕਾਰ ਵਿੱਚ ਜੀਵਨ ਗੁਜਾਰ ਰਹੇ ਸਨ#4:16 ਬਿਵ 6:16
ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ;
ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ
ਉਹਨਾਂ ਲਈ ਚਾਨਣ ਪ੍ਰਗਟ ਹੋਇਆ।”#4:16 ਯਸ਼ਾ 9:1,2
17ਉਸੇ ਸਮੇਂ ਤੋਂ ਯਿਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, “ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”
ਪਹਿਲੇ ਚਾਰ ਚੇਲਿਆਂ ਨੂੰ ਬੁਲਾਵਾ
18ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲ ਰਿਹਾ ਸੀ, ਤਾਂ ਉਸ ਨੇ ਦੋ ਭਰਾਵਾਂ ਨੂੰ ਵੇਖਿਆ, ਸ਼ਿਮਓਨ ਜਿਸ ਨੂੰ ਪਤਰਸ ਵੀ ਆਖਦੇ ਸਨ ਅਤੇ ਉਸ ਦੇ ਭਰਾ ਆਂਦਰੇਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ ਕਿਉਂ ਜੋ ਉਹ ਮਛਵਾਰੇ ਸਨ। 19ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ।” 20ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।
21ਜਦੋਂ ਯਿਸ਼ੂ ਉੱਥੋਂ ਅੱਗੇ ਤੁਰੇ, ਤਾਂ ਉਸ ਨੇ ਦੋ ਹੋਰ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਵੇਖਿਆ। ਜੋ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿੱਚ ਜਾਲਾਂ ਨੂੰ ਸਾਫ਼ ਕਰ ਰਹੇ ਸਨ। ਅਤੇ ਯਿਸ਼ੂ ਨੇ ਉਨ੍ਹਾਂ ਨੂੰ ਆਵਾਜ਼ ਮਾਰੀ, 22ਅਤੇ ਉਸੇ ਵੇਲੇ ਉਹ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।
ਗਲੀਲ ਪ੍ਰਦੇਸ਼ ਵਿੱਚ ਪ੍ਰਭੂ ਯਿਸ਼ੂ ਦੁਆਰਾ ਪ੍ਰਚਾਰ ਅਤੇ ਚੰਗਿਆਈ
23ਯਿਸ਼ੂ ਸਾਰੇ ਗਲੀਲ ਵਿੱਚ ਜਾ ਕੇ ਅਤੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ, ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਸੀ। 24ਇਸ ਲਈ ਸਾਰੇ ਸੀਰੀਆ ਪ੍ਰਦੇਸ਼ ਵਿੱਚ ਪ੍ਰਭੂ ਯਿਸ਼ੂ ਦੀ ਚਰਚਾ ਹੋਣ ਲੱਗ ਪਈ ਤਾਂ ਲੋਕ ਉਹਨਾਂ ਸਾਰਿਆਂ ਰੋਗੀਆਂ ਨੂੰ ਜਿਹੜੇ ਦੁੱਖਾ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਸਨ, ਮਿਰਗੀ ਦੇ ਰੋਗੀ, ਅਧਰੰਗੀਆਂ ਨੂੰ ਯਿਸ਼ੂ ਕੋਲ ਲੈ ਕੇ ਆਏ ਅਤੇ ਯਿਸ਼ੂ ਨੇ ਉਹਨਾਂ ਸਾਰਿਆਂ ਰੋਗੀਆਂ ਨੂੰ ਚੰਗਿਆ ਕੀਤਾ। 25ਅਤੇ ਬਹੁਤ ਵੱਡੀ ਭੀੜ ਗਲੀਲ ਤੋਂ, ਡੇਕਾਪੋਲਿਸ,#4:25 ਡੇਕਾਪੋਲਿਸ, ਅਰਥਾਤ 10 ਸ਼ਹਿਰਾਂ ਦਾ ਖੇਤਰ ਯੇਰੂਸ਼ਲੇਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰ ਉਸ ਦੇ ਮਗਰ ਤੁਰ ਪਈ।

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió