ਯਾਕੋਬ 3
3
ਜੀਭ ਨੂੰ ਕਾਬੂ ਵਿੱਚ ਰੱਖਣਾ
1ਹੇ ਮੇਰੇ ਸਾਥੀ ਵਿਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਬਣਨ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਉਪਦੇਸ਼ਕ ਹਾਂ, “ਉਪਦੇਸ਼ਕਾਂ ਦਾ ਦੂਜਿਆਂ ਨਾਲੋਂ ਸਖ਼ਤ ਨਿਆਂ ਕੀਤਾ ਜਾਵੇਗਾ,” 2ਅਸੀਂ ਸਾਰੇ ਕਈ ਤਰੀਕਿਆਂ ਨਾਲ ਠੋਕਰ ਖਾਂਦੇ ਹਾਂ। ਕੋਈ ਵੀ ਜਿਹੜਾ ਕਦੀ ਬਚਨ ਵਿੱਚ ਭੁੱਲ ਨਹੀਂ ਕਰਦਾ ਉਹ ਸੰਪੂਰਨ ਹੈ, ਉਹ ਆਪਣੇ ਪੂਰੇ ਸਰੀਰ ਨੂੰ ਠੱਲ੍ਹ ਪਾਉਣ ਦੇ ਯੋਗ ਹੁੰਦਾ ਹੈ।
3ਜਦੋਂ ਅਸੀਂ ਘੋੜਿਆਂ ਦੇ ਮੂੰਹ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਜੋ ਉਹ ਸਾਡੇ ਵੱਸ ਵਿੱਚ ਰਹਿਣ, ਤੇ ਅਸੀਂ ਉਹਨਾਂ ਦੇ ਸਰੀਰ ਨੂੰ ਮੋੜ ਸਕਦੇ ਹਾਂ। 4ਜਾਂ ਜਹਾਜ਼ਾਂ ਨੂੰ ਉਦਾਹਰਣ ਵਜੋਂ ਵੇਖੀਏ। ਹਾਲਾਂਕਿ ਉਹ ਇੰਨੇ ਵੱਡੇ ਹੁੰਦੇ ਹਨ ਅਤੇ ਤੇਜ਼ ਹਵਾਵਾਂ ਨਾਲ ਚਲਾਏ ਜਾਂਦੇ ਹਨ, ਉਨ੍ਹਾਂ ਨੂੰ ਚਾਲਕ ਇੱਕ ਬਹੁਤ ਹੀ ਛੋਟੀ ਜਿਹੀ ਪਤਵਾਰ ਨਾਲ ਜਿੱਥੇ ਵੀ ਲੈ ਜਾਣਾ ਚਾਹੁੰਦਾ ਮੋੜ ਲੈਦਾ ਹੈ। 5ਇਸੇ ਤਰ੍ਹਾਂ, ਜੀਭ ਸਰੀਰ ਦਾ ਇੱਕ ਛੋਟਾ ਜਿਹਾ ਅੰਗ ਹੈ, ਪਰ ਇਹ ਬਹੁਤ ਸ਼ੇਖੀ ਮਾਰਦੀ ਹੈ। ਵਿਚਾਰ ਕਰੋ ਕਿ ਇੱਕ ਛੋਟੀ ਜਿਹੀ ਚੰਗਿਆੜੀ ਨਾਲ ਕਿੰਨੇ ਵੱਡੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ। 6ਜੀਭ ਵੀ ਅੱਗ ਵਰਗੀ ਹੈ, ਸਰੀਰ ਦੇ ਅੰਗਾਂ ਵਿੱਚ ਬੁਰਾਈ ਦੀ ਦੁਨੀਆਂ ਜੀਭ ਹੈ, ਇਹ ਸਾਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ, ਆਪਣੇ ਜੀਵਨ-ਚੱਕਰ ਦੇ ਪੂਰੇ ਰਾਹ ਨੂੰ ਅੱਗ ਲਗਾਉਂਦੀ ਹੈ, ਅਤੇ ਖੁਦ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ।
7ਹਰ ਪ੍ਰਕਾਰ ਦੇ ਜਾਨਵਰਾਂ, ਪੰਛੀਆਂ, ਸੱਪਾਂ ਅਤੇ ਸਮੁੰਦਰੀ ਜੀਵਾਂ ਨੂੰ ਮਨੁੱਖਜਾਤੀ ਦੁਆਰਾ ਕਾਬੂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਵੀ ਗਿਆ ਹੈ, 8ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।#3:8 ਜ਼ਬੂ 104:3
9ਜੀਭ ਨਾਲ ਅਸੀਂ ਆਪਣੇ ਪ੍ਰਭੂ ਸਾਡੇ ਪਿਤਾ ਦੀ ਉਸਤਤ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀਂ ਉਨ੍ਹਾਂ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ, ਜੋ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ। 10ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ। 11ਕੀ ਇੱਕ ਹੀ ਝਰਨੇ ਤੋਂ ਮਿੱਠਾ ਪਾਣੀ ਅਤੇ ਖਾਰਾ ਪਾਣੀ ਦੋਵੇਂ ਵਹਿ ਸਕਦੇ ਹਨ? 12ਹੇ ਮੇਰੇ ਭਰਾਵੋ ਅਤੇ ਭੈਣੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫ਼ਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।
ਦੋ ਤਰ੍ਹਾਂ ਦੀ ਬੁੱਧੀ
13ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ। 14ਪਰ ਜੇ ਤੁਸੀਂ ਆਪਣੇ ਦਿਲਾਂ ਵਿੱਚ ਕੌੜੀ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਤਾਂ ਇਸ ਬਾਰੇ ਸ਼ੇਖੀ ਨਾ ਮਾਰੋ ਜਾਂ ਸੱਚਾਈ ਤੋਂ ਇਨਕਾਰ ਨਾ ਕਰੋ। 15ਅਜਿਹੀ “ਬੁੱਧ” ਸਵਰਗ ਤੋਂ ਨਹੀਂ ਉਤਰਦੀ ਪਰ ਧਰਤੀ ਉੱਤੇ, ਬੁੱਧੀਹੀਣ ਅਤੇ ਸ਼ੈਤਾਨੀ ਹੈ। 16ਕਿਉਂਕਿ ਜਿੱਥੇ ਤੁਸੀਂ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਉੱਥੇ ਤੁਹਾਨੂੰ ਵਿਕਾਰ ਅਤੇ ਹਰ ਭੈੜੀ ਆਦਤ ਮਿਲਦੀ ਹੈ।
17ਪਰ ਜਿਹੜੀ ਬੁੱਧ ਸਵਰਗ ਤੋਂ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਪਵਿੱਤਰ ਹੁੰਦੀ ਹੈ; ਫਿਰ ਸ਼ਾਂਤੀ-ਪਸੰਦ, ਵਿਚਾਰਸ਼ੀਲ, ਅਧੀਨਤਾ, ਦਯਾ ਅਤੇ ਚੰਗੇ ਫ਼ਲ ਨਾਲ ਭਰਪੂਰ, ਨਿਰਪੱਖ ਅਤੇ ਨਿਸ਼ਕਪਟ ਹੁੰਦੀ ਹੈ। 18ਮੇਲ ਮਿਲਾਪ ਕਰਵਾਉਣ ਵਾਲਾ ਵਿਅਕਤੀ ਸ਼ਾਂਤੀ ਦੇ ਬੀਜ ਦੁਆਰਾ ਧਾਰਮਿਕਤਾ ਦੀ ਉਪਜ ਇਕੱਠੀ ਕਰਦਾ ਹੈ।#3:18 ਯਸ਼ਾ 32:17
S'ha seleccionat:
ਯਾਕੋਬ 3: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.