ਉਤਪਤ 7

7
1ਤਦ ਯਾਹਵੇਹ ਨੇ ਨੋਹ ਨੂੰ ਕਿਹਾ, “ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ। 2ਆਪਣੇ ਨਾਲ ਹਰ ਕਿਸਮ ਦੇ ਸ਼ੁੱਧ ਜਾਨਵਰ ਦੇ ਸੱਤ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, ਅਤੇ ਹਰ ਪ੍ਰਕਾਰ ਦੇ ਅਸ਼ੁੱਧ ਜਾਨਵਰਾਂ ਦੇ ਇੱਕ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, 3ਅਤੇ ਹਰ ਕਿਸਮ ਦੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ। 4ਹੁਣ ਤੋਂ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਮੀਂਹ ਵਰ੍ਹਾਵਾਂਗਾ ਅਤੇ ਮੈਂ ਧਰਤੀ ਦੇ ਸਾਰੇ ਜੀਵ-ਜੰਤੂਆਂ ਨੂੰ ਜੋ ਮੈਂ ਬਣਾਇਆ ਹੈ ਮਿਟਾ ਦਿਆਂਗਾ।”
5ਅਤੇ ਨੋਹ ਨੇ ਉਹ ਸਭ ਕੁਝ ਕੀਤਾ ਜੋ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
6ਜਦੋਂ ਧਰਤੀ ਉੱਤੇ ਹੜ੍ਹ ਦਾ ਪਾਣੀ ਆਇਆ ਤਾਂ ਨੋਹ 600 ਸਾਲਾਂ ਦਾ ਸੀ। 7ਅਤੇ ਨੋਹ ਅਤੇ ਉਹ ਦੇ ਪੁੱਤਰ ਅਤੇ ਉਹ ਦੀ ਪਤਨੀ ਅਤੇ ਉਸ ਦੀਆਂ ਨੂੰਹਾਂ ਹੜ੍ਹ ਦੇ ਪਾਣੀਆਂ ਤੋਂ ਬਚਣ ਲਈ ਕਿਸ਼ਤੀ ਵਿੱਚ ਵੜ ਗਏ। 8ਸ਼ੁੱਧ ਅਤੇ ਅਸ਼ੁੱਧ ਜਾਨਵਰਾਂ, ਪੰਛੀਆਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਪ੍ਰਾਣੀਆਂ ਦੇ ਜੋੜੇ, 9ਨਰ ਅਤੇ ਮਾਦਾ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਦਾਖਲ ਹੋਏ, ਜਿਵੇਂ ਕਿ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ। 10ਅਤੇ ਸੱਤਾਂ ਦਿਨਾਂ ਬਾਅਦ ਧਰਤੀ ਉੱਤੇ ਹੜ੍ਹ ਦਾ ਪਾਣੀ ਆ ਗਿਆ।
11ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ। 12ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਤੱਕ ਮੀਂਹ ਪਿਆ।
13ਉਸੇ ਦਿਨ ਨੋਹ ਅਤੇ ਉਸ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਆਪਣੀ ਪਤਨੀ ਅਤੇ ਉਸ ਦੀਆਂ ਨੂੰਹਾਂ ਦੇ ਸਮੇਤ ਕਿਸ਼ਤੀ ਵਿੱਚ ਦਾਖਲ ਹੋਵੇ। 14ਉਹਨਾਂ ਦੇ ਕੋਲ ਹਰ ਇੱਕ ਜੰਗਲੀ ਜਾਨਵਰ ਉਹਨਾਂ ਦੀ ਪ੍ਰਜਾਤੀ ਅਨੁਸਾਰ ਸੀ, ਸਾਰੇ ਪਸ਼ੂ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ, ਹਰ ਇੱਕ ਜੀਵ ਜੋ ਜ਼ਮੀਨ ਉੱਤੇ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਚੱਲਦਾ ਸੀ ਅਤੇ ਹਰੇਕ ਪੰਛੀ ਆਪਣੀ ਕਿਸਮ ਦੇ ਅਨੁਸਾਰ, ਖੰਭਾਂ ਵਾਲਾ ਸਭ ਕੁਝ ਸੀ। 15ਸਾਰੇ ਪ੍ਰਾਣੀਆਂ ਦੇ ਜੋੜੇ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਹੈ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਗਏ। 16ਜਿਸ ਤਰ੍ਹਾਂ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ, ਅੰਦਰ ਜਾਣ ਵਾਲੇ ਜਾਨਵਰਾਂ ਵਿੱਚ ਹਰ ਜੀਵ ਦੇ ਨਰ ਅਤੇ ਮਾਦਾ ਸਨ। ਤਦ ਯਾਹਵੇਹ ਨੇ ਦਰਵਾਜ਼ਾ ਬੰਦ ਕਰ ਦਿੱਤਾ।
17ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ। 18ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ। 19ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ। 20ਪਾਣੀ ਚੜ੍ਹ ਗਿਆ ਅਤੇ ਪਹਾੜਾਂ ਨੂੰ ਤੇਈ ਫੁੱਟ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਢੱਕ ਲਿਆ। 21ਧਰਤੀ ਉੱਤੇ ਚੱਲਣ ਵਾਲੇ ਹਰ ਪੰਛੀ, ਪਸ਼ੂ, ਜੰਗਲੀ ਜਾਨਵਰ, ਸਾਰੇ ਜੀਵ-ਜੰਤੂ ਨਾਸ਼ ਹੋ ਗਏ। ਧਰਤੀ ਉੱਤੇ ਝੁੰਡ, ਅਤੇ ਸਾਰੀ ਮਨੁੱਖਜਾਤੀ ਵੀ। 22ਸੁੱਕੀ ਧਰਤੀ ਉੱਤੇ ਉਹ ਸਭ ਕੁਝ ਮਰ ਗਿਆ ਜਿਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਸੀ। 23ਧਰਤੀ ਉੱਤੇ ਹਰ ਜੀਵਤ ਚੀਜ਼ ਨੂੰ ਮਿਟਾ ਦਿੱਤਾ ਗਿਆ ਸੀ; ਲੋਕ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਜੀਵ ਅਤੇ ਪੰਛੀ ਧਰਤੀ ਤੋਂ ਮਿਟਾ ਦਿੱਤੇ ਗਏ ਸਨ। ਸਿਰਫ ਨੋਹ ਬਚਿਆ ਸੀ, ਅਤੇ ਉਹ ਲੋਕ ਜੋ ਕਿਸ਼ਤੀ ਵਿੱਚ ਸਨ।
24ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।

S'ha seleccionat:

ਉਤਪਤ 7: PCB

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió