ਉਤਪਤ 4

4
ਕਾਇਨ ਅਤੇ ਹਾਬਲ
1ਆਦਮ ਨੇ ਆਪਣੀ ਪਤਨੀ ਹੱਵਾਹ ਨੂੰ ਪਿਆਰ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਕਾਇਨ#4:1 ਕਾਇਨ ਅਰਥ ਪਾਇਆ ਹੋਇਆ ਨੂੰ ਜਨਮ ਦਿੱਤਾ। ਉਸਨੇ ਕਿਹਾ, “ਯਾਹਵੇਹ ਦੀ ਮਦਦ ਨਾਲ ਮੈਂ ਇੱਕ ਆਦਮੀ ਨੂੰ ਜਨਮ ਦਿੱਤਾ ਹੈ।” 2ਬਾਅਦ ਵਿੱਚ ਉਸਨੇ ਉਸਦੇ ਭਰਾ ਹਾਬਲ ਨੂੰ ਜਨਮ ਦਿੱਤਾ।
ਹੁਣ ਹਾਬਲ ਇੱਜੜਾਂ ਦੀ ਰਾਖੀ ਕਰਦਾ ਸੀ, ਅਤੇ ਕਾਇਨ ਖੇਤੀਬਾੜੀ ਦਾ ਕੰਮ ਕਰਦਾ ਸੀ। 3ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ। 4ਅਤੇ ਹਾਬਲ ਵੀ ਆਪਣੇ ਇੱਜੜ ਦੇ ਪਹਿਲੌਠੇ ਵਿੱਚੋਂ ਚਰਬੀ ਦੇ ਹਿੱਸੇ ਵਿੱਚੋਂ ਕੁਝ ਲੈ ਕੇ ਆਇਆ, ਅਤੇ ਯਾਹਵੇਹ ਨੇ ਹਾਬਲ ਅਤੇ ਉਸਦੀ ਭੇਟ ਨੂੰ ਪਸੰਦ ਕੀਤਾ। 5ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।
6ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, “ਤੂੰ ਗੁੱਸੇ ਕਿਉਂ ਹੈ? ਤੇਰਾ ਚਿਹਰਾ ਉਦਾਸ ਕਿਉਂ ਹੈ? 7ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।”
8ਹੁਣ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ, “ਆਓ ਖੇਤ ਨੂੰ ਚੱਲੀਏ” ਜਦੋਂ ਉਹ ਖੇਤ ਵਿੱਚ ਸਨ, ਕਾਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕੀਤਾ ਅਤੇ ਉਸਨੂੰ ਮਾਰ ਦਿੱਤਾ।
9ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, “ਤੇਰਾ ਭਰਾ ਹਾਬਲ ਕਿੱਥੇ ਹੈ?”
ਉਸਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ, ਕੀ ਮੈਂ ਆਪਣੇ ਭਰਾ ਦਾ ਰੱਖਿਅਕ ਹਾਂ?”
10ਯਾਹਵੇਹ ਨੇ ਕਿਹਾ, “ਤੂੰ ਕੀ ਕੀਤਾ ਹੈ? ਸੁਣ! ਤੇਰੇ ਭਰਾ ਦਾ ਲਹੂ ਧਰਤੀ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ। 11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈ। 12ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”
13ਕਾਇਨ ਨੇ ਯਾਹਵੇਹ ਨੂੰ ਕਿਹਾ, “ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ। 14ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।”
15ਪਰ ਯਾਹਵੇਹ ਨੇ ਉਸ ਨੂੰ ਕਿਹਾ, “ਨਹੀਂ, ਜਿਹੜਾ ਵੀ ਕਾਇਨ ਨੂੰ ਮਾਰੇ, ਉਸ ਕੋਲੋ ਸੱਤ ਗੁਣਾ ਬਦਲਾ ਲਿਆਂ ਜਾਵੇਗਾ।” ਫਿਰ ਯਾਹਵੇਹ ਨੇ ਕਾਇਨ ਉੱਤੇ ਇੱਕ ਨਿਸ਼ਾਨ ਲਗਾ ਦਿੱਤਾ ਤਾਂ ਜੋ ਕੋਈ ਵੀ ਉਸਨੂੰ ਲੱਭ ਨਾ ਸਕੇ ਉਸਨੂੰ ਮਾਰ ਨਾ ਦੇਵੇ। 16ਸੋ ਕਾਇਨ ਯਾਹਵੇਹ ਦੀ ਹਜ਼ੂਰੀ ਤੋਂ ਨਿੱਕਲ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ#4:16 ਨੋਦ ਮਤਲਬ ਪ੍ਰਾਪਤ ਕੀਤਾ ਗਿਆ ਜਾਂ ਪੈਦਾ ਕੀਤਾ ਗਿਆ ਦੇ ਦੇਸ਼ ਵਿੱਚ ਰਹਿਣ ਲੱਗਾ।
17ਕਾਇਨ ਨੇ ਆਪਣੀ ਪਤਨੀ ਨਾਲ ਪ੍ਰੇਮ ਕੀਤਾ, ਉਹ ਗਰਭਵਤੀ ਹੋ ਗਈ ਅਤੇ ਹਨੋਕ ਨੂੰ ਜਨਮ ਦਿੱਤਾ। ਕਾਇਨ ਉਸ ਸਮੇਂ ਇੱਕ ਸ਼ਹਿਰ ਬਣਾ ਰਿਹਾ ਸੀ, ਅਤੇ ਉਸਨੇ ਇਸਦਾ ਨਾਮ ਆਪਣੇ ਪੁੱਤਰ ਹਨੋਕ ਦੇ ਨਾਮ ਤੇ ਰੱਖਿਆ। 18ਹਨੋਕ ਤੋਂ ਈਰਾਦ ਜੰਮਿਆ ਅਤੇ ਈਰਾਦ ਤੋਂ ਮੇਹੂਯਾਏਲ ਜੰਮਿਆ, ਮੇਹੂਯਾਏਲ ਤੋਂ ਮਥੂਸ਼ਾਏਲ ਅਤੇ ਮਥੂਸ਼ਾਏਲ ਲਾਮਕ ਦਾ ਪਿਤਾ ਸੀ।
19ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ। 20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ। 21ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ। 22ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।
23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ,
“ਹੇ ਆਦਾਹ ਅਤੇ ਜ਼ਿੱਲਾਹ, ਮੇਰੀ ਗੱਲ ਸੁਣੋ।
ਹੇ ਲਾਮਕ ਦੀ ਪਤਨੀਓ, ਮੇਰੀਆਂ ਗੱਲਾਂ ਸੁਣੋ।
ਮੈਂ ਇੱਕ ਆਦਮੀ ਨੂੰ ਜਿਸ ਨੇ ਮੈਨੂੰ ਜ਼ਖਮੀ ਕੀਤਾ ਸੀ ਮਾਰ ਦਿੱਤਾ ਹੈ,
ਇੱਕ ਨੌਜਵਾਨ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।
24ਜੇ ਕਾਇਨ ਦਾ ਬਦਲਾ ਸੱਤ ਗੁਣਾ ਵਾਰੀ ਹੈ,
ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।”
25ਆਦਮ ਨੇ ਫੇਰ ਆਪਣੀ ਪਤਨੀ ਨਾਲ ਪਿਆਰ ਕੀਤਾ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸੇਥ#4:25 ਸੇਥ ਅਰਥ ਦਿੱਤਾ ਗਿਆ ਹੈ ਰੱਖਿਆ, “ਪਰਮੇਸ਼ਵਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਬੱਚਾ ਦਿੱਤਾ ਹੈ ਕਿਉਂਕਿ ਕਾਇਨ ਨੇ ਉਹ ਨੂੰ ਮਾਰਿਆ ਸੀ।” 26ਸੇਥ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ।
ਉਸ ਸਮੇਂ ਲੋਕ ਯਾਹਵੇਹ ਦੇ ਨਾਮ ਨੂੰ ਪੁਕਾਰਣ ਲੱਗੇ।

S'ha seleccionat:

ਉਤਪਤ 4: PCB

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió