ਉਤਪਤ 13

13
ਅਬਰਾਮ ਅਤੇ ਲੂਤ ਦਾ ਵੱਖ ਹੋਣਾ
1ਸੋ ਅਬਰਾਮ ਮਿਸਰ ਤੋਂ ਨੇਗੇਵ ਨੂੰ ਆਪਣੀ ਪਤਨੀ ਅਤੇ ਉਸ ਦਾ ਸਭ ਕੁਝ ਲੈ ਕੇ ਚਲਾ ਗਿਆ ਅਤੇ ਲੂਤ ਉਸ ਦੇ ਨਾਲ ਗਿਆ। 2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।
3ਨੇਗੇਵ ਤੋਂ ਉਹ ਥਾਂ-ਥਾਂ ਜਾਂਦਾ ਰਿਹਾ ਜਦੋਂ ਤੱਕ ਉਹ ਬੈਤਏਲ ਵਿੱਚ ਨਾ ਆਇਆ, ਬੈਤਏਲ ਅਤੇ ਅਈ ਦੇ ਵਿਚਕਾਰ ਉਸ ਥਾਂ ਤੱਕ ਜਿੱਥੇ ਪਹਿਲਾਂ ਉਸ ਦਾ ਤੰਬੂ ਸੀ। 4ਅਤੇ ਜਿੱਥੇ ਉਸ ਨੇ ਪਹਿਲਾਂ ਇੱਕ ਜਗਵੇਦੀ ਬਣਾਈ ਸੀ ਉੱਥੇ ਅਬਰਾਮ ਨੇ ਯਾਹਵੇਹ ਦਾ ਨਾਮ ਲਿਆ।
5ਹੁਣ ਲੂਤ ਜਿਹੜਾ ਅਬਰਾਮ ਦੇ ਨਾਲ ਘੁੰਮ ਰਿਹਾ ਸੀ ਉਸ ਕੋਲ ਵੀ ਇੱਜੜ, ਝੁੰਡ ਅਤੇ ਤੰਬੂ ਸਨ। 6ਪਰ ਜਦੋਂ ਉਹ ਇਕੱਠੇ ਰਹੇ ਤਾਂ ਧਰਤੀ ਉਹਨਾਂ ਦਾ ਸਾਥ ਨਾ ਦੇ ਸਕੀ ਕਿਉਂ ਜੋ ਉਹਨਾਂ ਦੀ ਜਾਇਦਾਦ ਇੰਨੀ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। 7ਅਤੇ ਅਬਰਾਮ ਤੇ ਲੂਤ ਦੇ ਚਰਵਾਹਿਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਦੇਸ਼ ਵਿੱਚ ਕਨਾਨੀ ਅਤੇ ਪਰਿੱਜ਼ੀ ਲੋਕ ਵੀ ਰਹਿ ਰਹੇ ਸਨ।
8ਤਾਂ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ। 9ਕੀ ਸਾਰੀ ਧਰਤੀ ਤੇਰੇ ਅੱਗੇ ਨਹੀਂ ਹੈ? ਇਸ ਲਈ ਅਸੀਂ ਦੋਵੇਂ ਅਲੱਗ ਹੋ ਜਾਂਦੇ ਹਾਂ, ਜੇ ਤੂੰ ਖੱਬੇ ਪਾਸੇ ਜਾਵੇ, ਮੈਂ ਸੱਜੇ ਪਾਸੇ ਜਾਵਾਂਗਾ; ਜੇ ਤੂੰ ਸੱਜੇ ਪਾਸੇ ਜਾਵੇ, ਤਾਂ ਮੈਂ ਖੱਬੇ ਪਾਸੇ ਜਾਵਾਂਗਾ।”
10ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।) 11ਇਸ ਲਈ ਲੂਤ ਨੇ ਯਰਦਨ ਦੇ ਪੂਰੇ ਮੈਦਾਨ ਨੂੰ ਆਪਣੇ ਲਈ ਚੁਣਿਆ ਅਤੇ ਪੂਰਬ ਵੱਲ ਚੱਲ ਪਿਆ ਉਹ ਇੱਕ ਦੂਸਰੇ ਤੋਂ ਅਲੱਗ ਹੋ ਗਏ। 12ਅਬਰਾਮ ਕਨਾਨ ਦੇਸ਼ ਵਿੱਚ ਰਹਿੰਦਾ ਸੀ ਅਤੇ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਰਹਿੰਦਾ ਸੀ ਅਤੇ ਲੂਤ ਨੇ ਆਪਣਾ ਤੰਬੂ ਸੋਦੋਮ ਦੇ ਨੇੜੇ ਲਗਾਇਆ। 13ਹੁਣ ਸੋਦੋਮ ਦੇ ਲੋਕ ਦੁਸ਼ਟ ਸਨ ਅਤੇ ਯਾਹਵੇਹ ਦੇ ਵਿਰੁੱਧ ਬਹੁਤ ਪਾਪ ਕਰ ਰਹੇ ਸਨ।
14ਲੂਤ ਤੋਂ ਵੱਖ ਹੋਣ ਤੋਂ ਬਾਅਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਉੱਤਰ ਅਤੇ ਦੱਖਣ ਵੱਲ, ਪੂਰਬ ਅਤੇ ਪੱਛਮ ਵੱਲ, ਜਿੱਥੇ ਤੂੰ ਹੈ ਆਲੇ-ਦੁਆਲੇ ਵੇਖ। 15ਉਹ ਸਾਰੀ ਧਰਤੀ ਜਿਹੜੀ ਤੂੰ ਵੇਖਦਾ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਅੰਸ ਨੂੰ ਸਦਾ ਲਈ ਦਿਆਂਗਾ। 16ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗਾ ਵਧਾਵਾਂਗਾ, ਤਾਂ ਜਿਵੇਂ ਕੋਈ ਮਿੱਟੀ ਨੂੰ ਗਿਣ ਨਾ ਸਕੇ ਤਾਂ ਤੇਰੀ ਅੰਸ ਨੂੰ ਵੀ ਗਿਣ ਨਾ ਸਕੇਗਾ। 17ਜਾ, ਧਰਤੀ ਦੀ ਲੰਬਾਈ ਅਤੇ ਚੌੜਾਈ ਵਿੱਚ ਚੱਲ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਰਿਹਾ ਹਾਂ।”
18ਸੋ ਅਬਰਾਮ ਹੇਬਰੋਨ ਵਿੱਚ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਰਹਿਣ ਲਈ ਚਲਾ ਗਿਆ, ਜਿੱਥੇ ਉਸ ਨੇ ਆਪਣੇ ਤੰਬੂ ਲਾਏ ਅਤੇ ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

S'ha seleccionat:

ਉਤਪਤ 13: PCB

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió