ਗਲਾਤੀਆਂ 6
6
ਸਾਰਿਆਂ ਦਾ ਭਲਾ ਕਰਨਾ
1ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸ ਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ। 2ਇੱਕ-ਦੂਜੇ ਦਾ ਬੋਝ ਚੁੱਕਣ ਵਿੱਚ ਮਦਦ ਕਰੋ, ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋਗੇ। 3ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। 4ਹਰ ਇੱਕ ਨੂੰ ਆਪਣੇ ਕੰਮਾਂ ਦੀ ਪਰਖ ਕਰਨੀ ਚਾਹੀਦੀ ਹੈ। ਫਿਰ ਉਹ ਕਿਸੇ ਹੋਰ ਨਾਲ ਆਪਣੀ ਤੁਲਨਾ ਕੀਤੇ ਬਗੈਰ, ਇਕੱਲੇ ਆਪਣੇ ਆਪ ਤੇ ਮਾਣ ਕਰ ਸਕਦੇ ਹਨ, 5ਕਿਉਂਕਿ ਹਰੇਕ ਨੂੰ ਆਪਣਾ ਭਾਰ ਚੁੱਕਣਾ ਚਾਹੀਦਾ ਹੈ। 6ਪਰ ਜਿਹੜਾ ਪਰਮੇਸ਼ਵਰ ਦੇ ਬਚਨ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰੇ ਚੰਗੇ ਪਦਾਰਥਾਂ ਵਿੱਚ ਸਾਂਝੀ ਕਰੇ।
7ਧੋਖਾ ਨਾ ਖਾਓ: ਪਰਮੇਸ਼ਵਰ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ। 8ਜੋ ਕੋਈ ਵੀ ਆਪਣੇ ਸਰੀਰ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਵਾਢੀ ਵੱਢੇਗਾ; ਜਿਹੜਾ ਵੀ ਪਵਿੱਤਰ ਆਤਮਾ ਨੂੰ ਖੁਸ਼ ਕਰਨ ਲਈ ਬੀਜਦਾ ਹੈ, ਉਹ ਪਵਿੱਤਰ ਆਤਮਾ ਤੋਂ ਸਦੀਵੀ ਜੀਵਨ ਦੀ ਵਾਢੀ ਵੱਢੇਗਾ। 9ਆਓ ਅਸੀਂ ਚੰਗੇ ਕੰਮ ਕਰਨ ਵਿੱਚ ਥੱਕ ਨਾ ਜਾਈਏ, ਕਿਉਂਕਿ ਜੇ ਅਸੀਂ ਹਾਰ ਨਾ ਮੰਨੀਏ ਤਾਂ ਸਹੀ ਸਮੇਂ ਤੇ ਅਸੀਂ ਵਾਢੀ ਵੱਢਾਗੇ। 10ਇਸ ਲਈ, ਜਿਵੇਂ ਕਿ ਸਾਡੇ ਕੋਲ ਮੌਕਾ ਹੈ, ਆਓ ਅਸੀਂ ਸਾਰੇ ਲੋਕਾਂ ਦਾ ਭਲਾ ਕਰੀਏ, ਖ਼ਾਸ ਕਰ ਉਨ੍ਹਾਂ ਲਈ ਜੋ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸਬੰਧਤ ਹਨ।
ਸੁੰਨਤ ਨਹੀਂ ਬਲਕਿ ਨਵੀਂ ਸ੍ਰਿਸ਼ਟੀ
11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ!
12ਜਿਹੜੇ ਲੋਕ ਸਰੀਰ ਦੁਆਰਾ ਲੋਕਾਂ ਨੂੰ ਪ੍ਰਭਾਵਤ ਕਰਨਾ ਚਾਹੁੰਦੇ ਹਨ ਉਹ ਤੁਹਾਨੂੰ ਸੁੰਨਤ ਕਰਵਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਕਰਨ ਦਾ ਇੱਕੋ ਇੱਕ ਕਾਰਨ ਮਸੀਹ ਦੀ ਸਲੀਬ ਲਈ ਸਤਾਏ ਜਾਣ ਤੋਂ ਬਚਣਾ ਚਾਹੁੰਦੇ ਹਨ। 13ਸੁੰਨਤ ਕੀਤੇ ਹੋਏ ਲੋਕ ਵੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਫਿਰ ਵੀ ਉਹ ਚਾਹੁੰਦੇ ਹਨ ਕਿ ਤੁਹਾਡੀ ਸੁੰਨਤ ਕੀਤੀ ਜਾਵੇ ਤਾਂ ਜੋ ਉਹ ਸਰੀਰ ਵਿੱਚ ਤੁਹਾਡੀ ਸੁੰਨਤ ਬਾਰੇ ਸ਼ੇਖੀ ਮਾਰ ਸਕਣ। 14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੇ ਵੱਲੋਂ ਅਤੇ ਮੈਂ ਸੰਸਾਰ ਦੇ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ। 15ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦਾ ਕੁਝ ਮਤਲਬ ਵੀ ਹੈ; ਸਗੋਂ ਨਵੀਂ ਸ੍ਰਿਸ਼ਟੀ ਹੈ।#6:15 ਗਲਾ 5:6 16ਇਸ ਨਿਯਮ ਦੀ ਪਾਲਣਾ ਕਰਨ ਵਾਲੇ ਸਾਰਿਆਂ ਲਈ ਸ਼ਾਂਤੀ ਅਤੇ ਦਯਾ ਪ੍ਰਾਪਤ ਹੁੰਦੀ ਰਹੇ, ਨਾਲੇ ਪਰਮੇਸ਼ਵਰ ਦੇ ਇਸਰਾਏਲ ਨੂੰ।
17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੇ ਸਰੀਰ ਉੱਤੇ ਯਿਸ਼ੂ ਦੇ ਨਿਸ਼ਾਨਾ ਨੂੰ ਲਈ ਫਿਰਦਾ ਹਾਂ।
18ਹੇ ਭਰਾਵੋ ਅਤੇ ਭੈਣੋਂ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ। ਆਮੀਨ।
S'ha seleccionat:
ਗਲਾਤੀਆਂ 6: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.