ਹਿਜ਼ਕੀਏਲ 38
38
ਰਾਸ਼ਟਰਾਂ ਉੱਤੇ ਯਾਹਵੇਹ ਦੀ ਮਹਾਨ ਜਿੱਤ
1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 2“ਹੇ ਮਨੁੱਖ ਦੇ ਪੁੱਤਰ, ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ ਅਤੇ ਰੋਸ਼, ਮੇਸ਼ੇਕ ਅਤੇ ਤੂਬਲ ਦਾ ਰਾਜਕੁਮਾਰ ਹੈ, ਉਹ ਦੀ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ। 3ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਵਿਰੁੱਧ ਹਾਂ, ਗੋਗ, ਮੇਸ਼ੇਕ ਅਤੇ ਤੂਬਲ ਦੇ ਪ੍ਰਧਾਨ ਰਾਜਕੁਮਾਰ। 4ਮੈਂ ਤੈਨੂੰ ਉਲਟਾ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾ ਕੇ ਤੈਨੂੰ, ਤੇਰੀ ਸਾਰੀ ਫੌਜ ਨੂੰ, ਘੋੜਿਆਂ ਅਤੇ ਸਵਾਰਾਂ ਨੂੰ, ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਹਨਾਂ ਸਾਰਿਆਂ ਨੇ ਤਲਵਾਰਾਂ ਫੜ੍ਹੀਆਂ ਹੋਈਆਂ ਹਨ, ਖਿੱਚ ਕੇ ਕੱਢ ਲਵਾਂਗਾ। 5ਫ਼ਾਰਸ, ਕੂਸ਼#38:5 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਾ ਖੇਤਰ ਅਤੇ ਪੂਟ ਉਹਨਾਂ ਦੇ ਨਾਲ ਹੋਣਗੇ, ਸਾਰੇ ਢਾਲਾਂ ਅਤੇ ਟੋਪਾਂ ਨਾਲ, 6ਅਤੇ ਗੋਮਰ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ, ਅਤੇ ਦੂਰ ਉੱਤਰ ਤੋਂ ਬੈਤ ਤੋਗਰਮਾਹ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ, ਬਹੁਤ ਸਾਰੀਆਂ ਕੌਮਾਂ ਤੁਹਾਡੇ ਨਾਲ ਹਨ।
7“ ‘ਤੂੰ ਤਿਆਰ ਹੋ; ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਹਨਾਂ ਦਾ ਆਗੂ ਬਣ। 8ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਆਖਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ। 9ਤੂੰ ਅਤੇ ਤੇਰੀਆਂ ਸਾਰੀਆਂ ਫ਼ੌਜਾਂ ਅਤੇ ਤੇਰੇ ਨਾਲ ਬਹੁਤ ਸਾਰੀਆਂ ਕੌਮਾਂ ਤੂਫ਼ਾਨ ਵਾਂਗ ਅੱਗੇ ਵਧਣਗੀਆਂ ਅਤੇ ਤੁਸੀਂ ਧਰਤੀ ਨੂੰ ਢੱਕਣ ਵਾਲੇ ਬੱਦਲ ਵਾਂਗ ਹੋਵੋਂਗੇ।
10“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਉਸ ਦਿਨ ਤੁਹਾਡੇ ਮਨ ਵਿੱਚ ਵਿਚਾਰ ਆਉਣਗੇ ਅਤੇ ਤੁਸੀਂ ਇੱਕ ਭੈੜੀ ਯੋਜਨਾ ਬਣਾਓਗੇ। 11ਤੂੰ ਆਖੇਂਗਾ, “ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ। ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ। 12ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜੀਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।” 13ਸ਼ਬਾ ਅਤੇ ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਸਦੇ ਸਾਰੇ ਪਿੰਡ ਤੈਨੂੰ ਆਖਣਗੇ, “ਕੀ ਤੂੰ ਲੁੱਟਣ ਆਇਆ ਹੈ? ਕੀ ਤੂੰ ਲੁੱਟ-ਖੋਹ ਕਰਨ, ਸੋਨਾ ਚਾਂਦੀ ਲੈ ਜਾਣ, ਪਸ਼ੂਆਂ ਅਤੇ ਮਾਲ-ਧਨ ਲੁੱਟਣ ਅਤੇ ਬਹੁਤ ਸਾਰੀ ਲੁੱਟ ਖੋਹਣ ਲਈ ਆਪਣੀਆਂ ਭੀੜਾਂ ਇਕੱਠੀਆਂ ਕੀਤੀਆਂ ਹਨ?” ’
14“ਇਸ ਲਈ, ਹੇ ਮਨੁੱਖ ਦੇ ਪੁੱਤਰ, ਅਗੰਮਵਾਕ ਕਰ ਅਤੇ ਗੋਗ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਉਸ ਦਿਨ, ਜਦੋਂ ਮੇਰੀ ਪਰਜਾ ਇਸਰਾਏਲ ਸੁਰੱਖਿਅਤ ਰਹਿ ਰਹੀ ਹੈ, ਕੀ ਤੂੰ ਇਸ ਵੱਲ ਧਿਆਨ ਨਹੀਂ ਦੇਵੇਗਾ? 15ਤੁਸੀਂ ਦੂਰ ਉੱਤਰ ਵੱਲ ਆਪਣੇ ਸਥਾਨ ਤੋਂ ਆਵੋਂਗੇ, ਤੁਸੀਂ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਕੌਮਾਂ, ਉਹ ਸਭ ਘੋੜਿਆਂ ਉੱਤੇ ਸਵਾਰ, ਇੱਕ ਵੱਡੀ ਭੀੜ, ਇੱਕ ਸ਼ਕਤੀਸ਼ਾਲੀ ਸੈਨਾ। 16ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਗੂੰ ਲੁਕਾ ਲਵੇਂਗਾ, ਇਹ ਆਖਰੀ ਦਿਨਾਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ, ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤਰ ਠਹਿਰਾਵਾਂਗਾ।
17“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਤੁਸੀਂ ਉਹ ਹੋ ਜਿਸ ਬਾਰੇ ਮੈਂ ਪੁਰਾਣੇ ਦਿਨਾਂ ਵਿੱਚ ਆਪਣੇ ਸੇਵਕ ਇਸਰਾਏਲ ਦੇ ਨਬੀਆਂ ਦੁਆਰਾ ਕਿਹਾ ਸੀ। ਉਸ ਸਮੇਂ ਉਹਨਾਂ ਨੇ ਸਾਲਾਂ ਤੱਕ ਭਵਿੱਖਬਾਣੀ ਕੀਤੀ ਕਿ ਮੈਂ ਤੁਹਾਨੂੰ ਉਹਨਾਂ ਦੇ ਵਿਰੁੱਧ ਲਿਆਵਾਂਗਾ। 18ਉਸ ਦਿਨ ਅਜਿਹਾ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 19ਮੇਰੇ ਜੋਸ਼ ਅਤੇ ਅੱਗ ਦੇ ਕ੍ਰੋਧ ਵਿੱਚ ਮੈਂ ਐਲਾਨ ਕਰਦਾ ਹਾਂ ਕਿ ਉਸ ਸਮੇਂ ਇਸਰਾਏਲ ਦੀ ਧਰਤੀ ਵਿੱਚ ਇੱਕ ਵੱਡਾ ਭੁਚਾਲ ਆਵੇਗਾ। 20ਸਮੁੰਦਰ ਵਿੱਚ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਧਰਤੀ ਉੱਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਹਾੜ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ। 21ਮੈਂ ਆਪਣੇ ਸਾਰੇ ਪਹਾੜਾਂ ਉੱਤੇ ਗੋਗ ਦੇ ਵਿਰੁੱਧ ਤਲਵਾਰ ਨੂੰ ਬੁਲਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਹਰ ਮਨੁੱਖ ਦੀ ਤਲਵਾਰ ਉਸਦੇ ਭਰਾ ਦੇ ਵਿਰੁੱਧ ਹੋਵੇਗੀ। 22ਮੈਂ ਉਸ ਨੂੰ ਬਿਪਤਾ ਅਤੇ ਖੂਨ-ਖਰਾਬੇ ਨਾਲ ਸਜ਼ਾ ਦੇਵਾਂਗਾ; ਮੈਂ ਉਸ ਉੱਤੇ ਅਤੇ ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਦੀਆਂ ਬਹੁਤ ਸਾਰੀਆਂ ਕੌਮਾਂ ਉੱਤੇ ਮੀਂਹ, ਗੜੇ ਅਤੇ ਬਲਦੀ ਗੰਧਕ ਦੇ ਮੀਂਹ ਵਰ੍ਹਾਵਾਂਗਾ। 23ਅਤੇ ਇਸ ਲਈ ਮੈਂ ਆਪਣੀ ਮਹਾਨਤਾ ਅਤੇ ਆਪਣੀ ਪਵਿੱਤਰਤਾ ਨੂੰ ਦਰਸਾਵਾਂਗਾ, ਅਤੇ ਮੈਂ ਆਪਣੇ ਆਪ ਨੂੰ ਬਹੁਤ ਸਾਰੀਆਂ ਕੌਮਾਂ ਦੇ ਸਾਹਮਣੇ ਪ੍ਰਗਟ ਕਰਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’
S'ha seleccionat:
ਹਿਜ਼ਕੀਏਲ 38: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.