ਅਫ਼ਸੀਆਂ 6

6
1ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂਕਿ ਇਹ ਸਹੀ ਹੈ। 2“ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ,” ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾ ਹੁਕਮ ਹੈ। 3“ਤਾਂ ਜੋ ਤੇਰਾ ਭਲਾ ਹੋਵੇ ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਦਾ ਆਨੰਦ ਮਾਣ ਸਕੋ।”#6:3 ਕੂਚ 20:12; ਬਿਵ 5:16
4ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ; ਸਗੋਂ, ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਪਾਲਨਾ ਕਰੋ।
5ਹੇ ਨੌਕਰੋ, ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰ ਨਾਲ ਅਤੇ ਦਿਲ ਦੀ ਇਮਾਨਦਾਰੀ ਨਾਲ ਪਾਲਣਾ ਕਰੋ, ਜਿਵੇਂ ਤੁਸੀਂ ਮਸੀਹ ਦੀ। 6ਇਹ ਸਭ ਕੁਝ ਸਿਰਫ ਦਿਖਾਵੇ ਲਈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ, ਪਰ ਮਸੀਹ ਦੇ ਸੇਵਕ ਹੋਣ ਦੇ ਨਾਤੇ, ਦਿਲੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਹੈ। 7ਤੁਸੀਂ ਪੂਰੇ ਦਿਲ ਨਾਲ ਸੇਵਾ ਕਰੋ, ਜਿਵੇਂ ਕਿ ਤੁਸੀਂ ਲੋਕਾਂ ਦੀ ਨਹੀਂ, ਪ੍ਰਭੂ ਦੀ ਸੇਵਾ ਕਰ ਰਹੇ ਹੋ, 8ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਹਰ ਇੱਕ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਦਾ ਇਨਾਮ ਦੇਵੇਗਾ, ਚਾਹੇ ਉਹ ਗੁਲਾਮ ਹੋਣ ਜਾਂ ਅਜ਼ਾਦ।
9ਅਤੇ ਹੇ ਮਾਲਕੋ, ਆਪਣੇ ਨੌਕਰਾਂ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ। ਉਨ੍ਹਾਂ ਨੂੰ ਧਮਕੀ ਨਾ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਮਾਲਕ ਅਤੇ ਤੁਹਾਡਾ ਦੋਵਾਂ ਦਾ ਮਾਲਕ ਜੋ ਸਵਰਗ ਵਿੱਚ ਹੈ ਅਤੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ।
ਪਰਮੇਸ਼ਵਰ ਦੇ ਸ਼ਸਤ੍ਰ
10ਇਸ ਲਈ ਪ੍ਰਭੂ ਅਤੇ ਉਸ ਦੀ ਮਹਾਨ ਸ਼ਕਤੀ ਵਿੱਚ ਮਜ਼ਬੂਤ ਬਣੋ। 11ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ। 12ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਧਿਕਾਰਾਂ ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। 13ਇਸ ਲਈ ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਲੈ ਲਵੋ ਤਾਂ ਜੋ ਤੁਸੀਂ ਬੁਰਾਈ ਦੇ ਸਮੇਂ ਦੁਸ਼ਮਣ ਦਾ ਮੁਕਾਬਲਾ ਕਰ ਸਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ। 14ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਪਰਮੇਸ਼ਵਰ ਦੀ ਧਾਰਮਿਕਤਾ ਦੀ ਸੰਜੋ ਪਹਿਨ ਕੇ।#6:14 ਯਸ਼ਾ 11:5; 59:17 15ਅਤੇ ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ।#6:15 ਯਸ਼ਾ 52:7; ਨਹੂ 1:15 16ਇਨ੍ਹਾਂ ਸਾਰਿਆਂ ਤੋਂ ਇਲਾਵਾ, ਸ਼ੈਤਾਨ ਦੇ ਭਿਆਨਕ ਤੀਰ ਨੂੰ ਰੋਕਣ ਲਈ ਵਿਸ਼ਵਾਸ ਦੀ ਢਾਲ ਨੂੰ ਫੜੀ ਰੱਖੋ। 17ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਲਓ, ਜੋ ਕਿ ਪਰਮੇਸ਼ਵਰ ਦਾ ਬਚਨ ਹੈ।#6:17 ਯਸ਼ਾ 49:2; 59:17; ਇਬ 4:12
18ਹਰ ਸਮੇਂ ਅਤੇ ਹਰ ਮੌਕੇ ਆਤਮਾ ਵਿੱਚ ਪ੍ਰਾਰਥਨਾ ਕਰੋ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਚੇਤ ਰਹੋ ਅਤੇ ਸਾਰੇ ਪਵਿੱਤਰ ਲੋਕਾਂ ਲਈ ਸਦਾ ਪ੍ਰਾਰਥਨਾ ਕਰਦੇ ਰਹੋ। 19ਅਤੇ ਮੇਰੇ ਲਈ ਵੀ ਪ੍ਰਾਰਥਨਾ ਕਰੋ ਤਾਂ ਜੋ ਮੈਂ ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਿਲੇਰੀ ਨਾਲ ਖੁਸ਼ਖ਼ਬਰੀ ਦਾ ਭੇਤ ਖੋਲ੍ਹ ਸਕਾਂ। 20ਜਿਸ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ। ਇਸ ਲਈ ਪ੍ਰਾਰਥਨਾ ਕਰੋ ਕਿ ਮੈਂ ਦਲੇਰੀ ਨਾਲ ਬੋਲ ਸਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।
ਅੰਤਿਮ ਸ਼ੁਭਕਾਮਨਾਵਾਂ
21ਤੁਖਿਕੁਸ ਜੋ ਪ੍ਰਭੂ ਵਿੱਚ ਮੇਰਾ ਪਿਆਰਾ ਭਰਾ ਅਤੇ ਵਿਸ਼ਵਾਸਯੋਗ ਦਾਸ ਹੈ, ਉਹ ਤੁਹਾਨੂੰ ਮੇਰੇ ਸਾਰੇ ਹਾਲਾਤਾਂ ਅਤੇ ਗਤੀਵਿਧੀਆਂ ਬਾਰੇ ਸੂਚਿਤ ਕਰੇਗਾ। 22ਮੈਂ ਉਸ ਨੂੰ ਇਸ ਮਕਸਦ ਲਈ ਤੁਹਾਡੇ ਕੋਲ ਭੇਜਿਆ ਹੈ ਕਿ ਤੁਹਾਨੂੰ ਦੱਸਣ ਕਿ ਅਸੀਂ ਕਿਵੇਂ ਹਾਂ ਅਤੇ ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰ ਸਕੇ।
23ਹੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਡੇ ਉੱਤੇ ਸ਼ਾਂਤੀ ਹੋਵੇ ਅਤੇ ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯਿਸ਼ੂ ਮਸੀਹ ਤੁਹਾਨੂੰ ਵਫ਼ਾਦਾਰੀ ਨਾਲ ਪਿਆਰ ਦੇਣ।
24ਪਰਮੇਸ਼ਵਰ ਦੀ ਕਿਰਪਾ ਉਨ੍ਹਾਂ ਸਾਰਿਆਂ ਉੱਤੇ ਸਦਾ ਰਹੇ ਜੋ ਸਾਡੇ ਪ੍ਰਭੂ ਯਿਸ਼ੂ ਮਸੀਹ ਨੂੰ ਪਿਆਰ ਕਰਦੇ ਹਨ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió