2 ਕੁਰਿੰਥੀਆਂ 6
6
1ਪਰਮੇਸ਼ਵਰ ਦੇ ਸਹਿ-ਕਰਮੀ ਹੋਣ ਦੇ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਵਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ। 2ਕਿਉਂਕਿ ਪਰਮੇਸ਼ਵਰ ਆਖਦੇ ਹਨ,
“ਮਨਭਾਉਂਦੇ ਸਮੇਂ ਵਿੱਚ ਮੈਂ ਤੇਰੀ ਪੁਕਾਰ ਸੁਣੀ,
ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।”
ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।#6:2 ਯਸ਼ਾ 49:8
ਪੌਲੁਸ ਦੀ ਮਿਹਨਤ
3ਅਸੀਂ ਕਿਸੇ ਰਾਹ ਵਿੱਚ ਰੁਕਾਵਟ ਨਹੀਂ ਬਣਦੇ, ਤਾਂ ਕਿ ਕਿਤੇ ਸਾਡੀ ਸੇਵਕਾਈ ਉੱਤੇ ਕੋਈ ਦੋਸ਼ ਨਾ ਆਵੇ। 4ਇਸ ਦੀ ਬਜਾਏ, ਪਰਮੇਸ਼ਵਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਹਰ ਤਰੀਕੇ ਨਾਲ ਪ੍ਰਮਾਣ ਦਿੰਦੇ ਹਾਂ: ਅਰਥਾਤ ਵੱਡੇ ਸਹਾਰੇ ਤੋਂ; ਮੁਸ਼ਕਲਾਂ ਮੁਸੀਬਤਾਂ ਤੋਂ; ਜ਼ਰੂਰਤਾਂ ਤੋਂ; ਅਤੇ ਤੰਗੀਆਂ ਤੋਂ, 5ਕੋਰੜੇ ਖਾਣ ਤੋਂ, ਕੈਦ ਤੋਂ, ਦੰਗੇ ਫਸਾਦਾ ਤੋਂ; ਅਣਥੱਕ ਮਿਹਨਤ ਤੋਂ, ਉਨੀਂਦਰੀ ਰਾਤਾ ਤੋਂ, ਅਤੇ ਵਰਤ ਤੋਂ; 6ਸ਼ੁੱਧਤਾ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ; 7ਸੱਚਿਆਈ ਦੇ ਬਚਨ ਤੋਂ, ਪਰਮੇਸ਼ਵਰ ਦੀ ਸਮਰੱਥਾ ਤੋਂ, ਧਾਰਮਿਕਤਾ ਦੇ ਹਥਿਆਰਾਂ ਨਾਲ ਜੋ ਸੱਜੇ ਅਤੇ ਖੱਬੇ ਹੱਥ ਵਿੱਚ ਹਨ; 8ਆਦਰ ਅਤੇ ਨਿਰਾਦਰ ਨਾਲ, ਪ੍ਰਸ਼ੰਸਾ ਅਤੇ ਨਿੰਦਾ ਨਾਲ, ਛਲ ਕਰਨ ਵਾਲੇ ਜਿਹੇ ਸਮਝੇ ਜਾਂਦੇ, ਫਿਰ ਵੀ ਸੱਚੇ ਹਾਂ; 9ਅਸੀਂ ਤੁੱਛ ਸਮਝੇ ਜਾਂਦੇ ਹਾਂ ਫਿਰ ਵੀ ਉਜਾਗਰ ਹਾਂ; ਮਰੇ ਹੋਏ ਸਮਝੇ ਜਾਂਦੇ ਹਾਂ ਵੇਖੋ ਫਿਰ ਵੀ ਜਿਉਂਦੇ ਹਾਂ; ਸਜ਼ਾ ਦਿੱਤੀ ਜਾਂਦੀ ਹੈ ਪਰ ਜਾਨੋਂ ਨਹੀਂ ਮਾਰੇ ਜਾਂਦੇ; 10ਦੁਖੀ ਜਿਹੇ ਹਾਂ, ਪਰ ਫਿਰ ਵੀ ਆਨੰਦ ਕਰਦੇ ਹਾਂ; ਗਰੀਬ ਹਾਂ, ਪਰ ਦੂਸਰਿਆ ਨੂੰ ਧਨੀ ਬਣਾਉਂਦੇ ਹਾਂ; ਕੰਗਾਲਾਂ ਵਰਗੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ।
11ਹੇ ਕੁਰਿੰਥੁਸ ਵਾਸੀਓ, ਅਸੀਂ ਖੁੱਲ ਕੇ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਅਤੇ ਆਪਣੇ ਦਿਲਾਂ ਨੂੰ ਖੋਲ੍ਹ ਕੇ ਰੱਖ ਦਿੱਤਾ। 12ਸਾਡੇ ਵਿੱਚ ਤੁਹਾਡੇ ਲਈ ਕੋਈ ਰੁਕਾਵਟ ਨਹੀਂ ਪਰ ਤੁਹਾਡੇ ਹੀ ਦਿਲਾਂ ਵਿੱਚ ਰੁਕਾਵਟ ਹੈ। 13ਜਿਵੇਂ ਮੈ ਬੱਚਿਆਂ ਵਾਂਗ ਕਹਿ ਰਿਹਾ ਹਾਂ ਇਸ ਦੇ ਬਦਲੇ ਤੁਸੀਂ ਵੀ ਆਪਣੇ ਦਿਲ ਸਾਡੇ ਲਈ ਖੋਲ੍ਹ ਦਿਓ।
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ
14ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ? 15ਅਤੇ ਮਸੀਹ ਦਾ ਬਲਿਆਲ#6:15 ਬਲਿਆਲ ਸ਼ੈਤਾਨ ਨਾਲ ਕੀ ਮਿਲਾਪ ਹੈ? ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ? 16ਅਤੇ ਪਰਮੇਸ਼ਵਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਜਿਉਂਦੇ ਪਰਮੇਸ਼ਵਰ ਦੀ ਹੈਕਲ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ:
“ਮੈਂ ਉਹਨਾਂ ਦੇ ਨਾਲ ਰਹਾਂਗਾ
ਅਤੇ ਉਹਨਾਂ ਵਿੱਚ ਤੁਰਿਆ ਫਿਰਿਆ ਕਰਾਂਗਾ,
ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,
ਅਤੇ ਉਹ ਮੇਰੇ ਲੋਕ ਹੋਣਗੇ।”#6:16 ਲੇਵਿ 26:12; ਯਿਰ 32:38; ਹਿਜ਼ 37:27
17ਇਸ ਲਈ,
“ਉਹਨਾਂ ਵਿੱਚੋਂ ਬਾਹਰ ਨਿੱਕਲ ਆਓ,
ਅਤੇ ਵੱਖਰੇ ਹੋ ਜਾਓ,
ਪ੍ਰਭੂ ਆਖਦੇ ਹਨ।
ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ,
ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।”#6:17 ਯਸ਼ਾ 52:11; ਯਿਰ 51:45
18ਅਤੇ,
“ਮੈਂ ਤੁਹਾਡਾ ਪਿਤਾ ਬਣਾਗਾ,
ਅਤੇ ਤੁਸੀਂ ਮੇਰੇ ਧੀਆਂ ਅਤੇ ਪੁੱਤਰ ਹੋਵੇਗੇ,
ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ।”#6:18 2 ਸ਼ਮੁ 7:14; 1 ਇਤਿ 17:13; ਯਸ਼ਾ 43:6; ਹੋਸ਼ੇ 1:1
S'ha seleccionat:
2 ਕੁਰਿੰਥੀਆਂ 6: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.