1 ਤਿਮੋਥਿਉਸ 5

5
ਵਿਧਵਾ, ਬਜ਼ੁਰਗਾਂ ਅਤੇ ਗੁਲਾਮਾਂ ਬਾਰੇ ਹਦਾਇਤਾਂ
1ਕਿਸੇ ਬਜ਼ੁਰਗ ਆਦਮੀ ਨੂੰ ਸਖ਼ਤੀ ਨਾਲ ਨਾ ਝਿੜਕੀਂ,#5:1 ਲੇਵਿ 19:32 ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗ, 2ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਮੁਟਿਆਰਾਂ ਨੂੰ ਭੈਣਾਂ ਵਾਂਗ, ਪੂਰੀ ਪਵਿੱਤਰਤਾਈ ਨਾਲ ਸਮਝਾਵੀਂ।
3ਉਹਨਾਂ ਵਿਧਵਾਵਾਂ ਦਾ ਆਦਰ ਕਰਨਾ ਜੋ ਸੱਚ-ਮੁੱਚ ਲੋੜਵੰਦ ਹੋਣ। 4ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਪੋਤਰੇ ਹੋਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਪ੍ਰਤੀ ਆਪਣਾ ਧਾਰਮਿਕ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਦਾ ਹੱਕ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ। 5ਉਹ ਵਿਧਵਾ ਜਿਹੜੀ ਸੱਚ-ਮੁੱਚ ਲੋੜਵੰਦ ਹੈ ਅਤੇ ਇਕੱਲੇ ਰਹਿ ਗਈ ਹੈ, ਉਹ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀ ਹੈ ਅਤੇ ਦਿਨ-ਰਾਤ ਪ੍ਰਾਰਥਨਾ ਕਰਦੀ ਰਹਿੰਦੀ ਹੈ ਅਤੇ ਪਰਮੇਸ਼ਵਰ ਕੋਲੋਂ ਮਦਦ ਮੰਗਦੀ ਹੈ। 6ਪਰ ਉਹ ਵਿਧਵਾ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਜਿਉਂਦੀ ਹੀ ਮਰੀ ਹੋਈ ਹੈ। 7ਲੋਕਾਂ ਨੂੰ ਇਹ ਨਿਰਦੇਸ਼ ਦਿਓ ਤਾਂ ਜੋ ਉਹ ਨਿਰਦੋਸ਼ ਰਹਿਣ। 8ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।
9ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ, 10ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦਾ ਪਾਲਣ-ਪੋਸ਼ਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।
11ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ। 12ਇਸ ਤਰ੍ਹਾਂ ਉਹ ਆਪਣੇ ਆਪ ਤੇ ਦੋਸ਼ ਲੈ ਆਉਂਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਵਾਅਦਾ ਤੋੜਿਆ ਹੈ। 13ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸੀ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਏ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ। 14ਇਸ ਲਈ ਘੱਟ ਉਮਰ ਦੀਆਂ ਵਿਧਵਾਵਾਂ ਨੂੰ ਵਿਆਹ ਕਰਾਉਣ, ਬੱਚੇ ਪੈਦਾ ਕਰਨ, ਆਪਣੇ ਘਰਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੰਦਾ ਹਾਂ ਅਤੇ ਤਦ ਸਾਡੇ ਦੁਸ਼ਮਣਾਂ ਨੂੰ ਬਦਨਾਮੀ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ। 15ਕੁਝ ਵਿਧਵਾਵਾਂ ਹੁਣ ਵੀ ਸ਼ੈਤਾਨ ਦੇ ਮਗਰ ਲੱਗ ਪਈਆਂ ਹਨ।
16ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ ਵਿਧਵਾਵਾਂ ਹੋਣ, ਤਾਂ ਉਹ ਹੀ ਉਹਨਾਂ ਦੀ ਸਹਾਇਤਾ ਕਰੇ ਅਤੇ ਉਹਨਾਂ ਨੂੰ ਕਲੀਸਿਆ ਤੇ ਬੋਝ ਨਾ ਪਾਉਣ ਦੇਵੇ ਤਾਂ ਜੋ ਕਲੀਸਿਆ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇ ਜੋ ਸੱਚ-ਮੁੱਚ ਲੋੜਵੰਦ ਹਨ।
17ਬਜ਼ੁਰਗ ਜੋ ਕਲੀਸਿਆ ਦੇ ਕੰਮਾਂ ਦਾ ਭਾਰ ਚੰਗੀ ਤਰ੍ਹਾਂ ਚੱਕਦੇ ਹਨ ਉਹ ਦੁਗਣੇ ਸਤਿਕਾਰ ਦੇ ਯੋਗ ਹਨ, ਖ਼ਾਸ ਕਰ ਉਹ ਜਿਨ੍ਹਾਂ ਦਾ ਕੰਮ ਪ੍ਰਚਾਰ ਕਰਨਾ ਅਤੇ ਉਪਦੇਸ਼ ਦੇਣਾ ਹੈ। 18ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ,” ਅਤੇ “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”#5:18 ਲੇਵਿ 19:13; ਬਿਵ 25:4 19ਬਜ਼ੁਰਗ ਦੇ ਖ਼ਿਲਾਫ਼ ਕੋਈ ਇਲਜ਼ਾਮ ਉਦੋਂ ਤੱਕ ਕਬੂਲ ਨਾ ਕਰੀ ਜਦੋਂ ਤੱਕ ਇਸਦੇ ਦੋ ਜਾਂ ਤਿੰਨ੍ਹ ਗਵਾਹ ਨਾ ਹੋਣ।#5:19 ਬਿਵ 17:6; 19:15 20ਪਰ ਜਿਹੜੇ ਬਜ਼ੁਰਗ ਪਾਪ ਕਰ ਰਹੇ ਹਨ ਉਹਨਾਂ ਨੂੰ ਸਾਰਿਆਂ ਅੱਗੇ ਝਿੜਕਣਾ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਚੇਤਾਵਨੀ ਲੈ ਸਕਣ। 21ਮੈਂ ਤੈਨੂੰ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਅਤੇ ਚੁਣੇ ਹੋਏ ਦੂਤਾਂ ਦੀ ਨਿਗਾਹ ਵਿੱਚ ਇਹ ਹੁਕਮ ਦਿੰਦਾ ਹਾਂ ਕਿ ਤੂੰ ਬਿਨ੍ਹਾਂ ਕਿਸੇ ਪੱਖਪਾਤ ਦੇ ਇਨ੍ਹਾਂ ਹਿਦਾਇਤਾਂ ਨੂੰ ਮੰਨਣ ਅਤੇ ਬਿਨ੍ਹਾਂ ਕਿਸੇ ਪੱਖ ਦੇ ਕੰਮ ਕਰਨ ਦੀ ਕੋਸ਼ਿਸ਼ ਕਰ।
22ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾ ਦੇ ਪਾਪਾਂ ਦਾ ਭਾਗੀਦਾਰ ਨਾ ਬਣਨਾ। ਆਪਣੇ ਆਪ ਨੂੰ ਪਵਿੱਤਰ ਰੱਖ।
23ਸਿਰਫ ਪਾਣੀ ਪੀਣਾ ਬੰਦ ਕਰ, ਅਤੇ ਥੋੜ੍ਹੀ ਜਿਹੀ ਦਾਖਰਸ ਤੇਰੇ ਪੇਟ ਲਈ ਹਾਜ਼ਮੇ ਵਾਸਤੇ ਅਤੇ ਤੇਰੀਆਂ ਲਗਾਤਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਵਰਤ ਲਿਆ ਕਰ।
24ਕੁਝ ਮਨੁੱਖਾਂ ਦੇ ਪਾਪ ਪ੍ਰਗਟ ਹਨ, ਉਹਨਾਂ ਤੋਂ ਪਹਿਲਾਂ ਹੀ ਨਿਆਂ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਹਨ ਪਰ ਦੂਜਿਆਂ ਦੇ ਪਾਪ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਹਨ। 25ਇਸੇ ਤਰ੍ਹਾਂ, ਚੰਗੇ ਕੰਮ ਵੀ ਪ੍ਰਗਟ ਹਨ ਅਤੇ ਜੋ ਨਹੀਂ ਹਨ ਉਹ ਵੀ ਸਦਾ ਲਈ ਲੁਕਾਏ ਨਹੀਂ ਜਾ ਸਕਦੇ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió