ਲੂਕਾ 1

1
ਆਰੰਭ
1ਹੇ ਮਾਨਯੋਗ ਥਿਓਫ਼ਿਲੁਸ, ਬਹੁਤ ਸਾਰੇ ਲੇਖਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਵਿਚਕਾਰ ਹੋਈਆਂ ਗੱਲਾਂ ਦਾ ਵਰਣਨ ਲਿਖਣ । 2ਜਿਸ ਤਰ੍ਹਾਂ ਸਾਨੂੰ ਉਹਨਾਂ ਪਹਿਲੇ ਗਵਾਹਾਂ ਨੇ ਦੱਸਿਆ ਜਿਹਨਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਅਤੇ ਪ੍ਰਚਾਰ ਕੀਤਾ । 3ਮੈਂ ਵੀ ਇਹਨਾਂ ਸਭ ਗੱਲਾਂ ਦੀ ਬੜੇ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੋਜ ਕੀਤੀ ਹੈ ਤਾਂ ਜੋ ਤੇਰੇ ਲਈ ਇਹਨਾਂ ਸਭ ਗੱਲਾਂ ਦਾ ਵਰਣਨ ਠੀਕ ਅਤੇ ਤਰਤੀਬਵਾਰ ਲਿਖਾਂ, 4ਕਿ ਉਹਨਾਂ ਸਾਰੀਆਂ ਗੱਲਾਂ ਬਾਰੇ ਜਿਹਨਾਂ ਤੋਂ ਤੂੰ ਪਹਿਲਾਂ ਹੀ ਜਾਣੂ ਹੈਂ, ਠੀਕ ਠੀਕ ਜਾਣਕਾਰੀ ਪ੍ਰਾਪਤ ਕਰੇਂ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਸੂਚਨਾ
5 # 1 ਇਤਿ 24:10 ਉਹਨਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦੀਯਾ ਦੇਸ਼ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਂ ਦਾ ਇੱਕ ਪੁਰੋਹਿਤ ਸੀ । ਉਹ ਅਭਿਯਾਹ ਪੁਰੋਹਿਤ ਦੇ ਦਲ ਦੇ ਪੁਰੋਹਿਤਾਂ ਵਿੱਚੋਂ ਸੀ ਅਤੇ ਉਸ ਦੀ ਪਤਨੀ ਇਲੀਸਬਤ, ਹਾਰੂਨ ਪੁਰੋਹਿਤ ਦੀ ਕੁਲ ਵਿੱਚੋਂ ਸੀ । 6ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਅਤੇ ਬੜੀ ਸੱਚਾਈ ਨਾਲ ਉਹਨਾਂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਨ । 7ਪਰ ਉਹਨਾਂ ਦੇ ਕੋਲ ਕੋਈ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ । ਉਹ ਦੋਵੇਂ ਬਹੁਤ ਬਜ਼ੁਰਗ ਹੋ ਗਏ ਸਨ ।
8ਇੱਕ ਵਾਰ ਜ਼ਕਰਯਾਹ ਦੇ ਦਲ ਦੀ ਵਾਰੀ ਸੀ ਅਤੇ ਉਸ ਨੇ ਪਰਮੇਸ਼ਰ ਦੇ ਸਾਹਮਣੇ ਪੁਰੋਹਿਤਾਈ ਦੀ ਸੇਵਾ ਕਰਨੀ ਸੀ 9ਕਿਉਂਕਿ ਪੁਰੋਹਿਤਾਂ ਦੀ ਰੀਤ ਦੇ ਅਨੁਸਾਰ ਉਸ ਦੇ ਨਾਂ ਦਾ ਗੁਣਾ ਨਿਕਲਿਆ ਸੀ ਕਿ ਉਹ ਹੈਕਲ ਵਿੱਚ ਜਾ ਕੇ ਵੇਦੀ ਉੱਤੇ ਧੂਪ ਧੁਖਾਏ । ਇਸ ਲਈ ਉਹ ਪ੍ਰਭੂ ਦੇ ਹੈਕਲ ਵਿੱਚ ਗਿਆ । 10ਉਸ ਸਮੇਂ ਸਾਰੀ ਸਭਾ ਬਾਹਰ ਪ੍ਰਾਰਥਨਾ ਕਰ ਰਹੀ ਸੀ ।
11ਜਦੋਂ ਜ਼ਕਰਯਾਹ ਅਜੇ ਹੈਕਲ ਦੇ ਅੰਦਰ ਹੀ ਸੀ ਤਾਂ ਉਸ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਇੱਕ ਸਵਰਗਦੂਤ ਖੜ੍ਹਾ ਦਿਖਾਈ ਦਿੱਤਾ । 12ਜ਼ਕਰਯਾਹ ਉਸ ਨੂੰ ਦੇਖ ਕੇ ਘਬਰਾ ਗਿਆ ਅਤੇ ਡਰ ਨਾਲ ਭਰ ਗਿਆ । 13ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ ! ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ । ਤੇਰੀ ਪਤਨੀ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਸ ਦਾ ਨਾਂ ਯੂਹੰਨਾ ਰੱਖੀਂ । 14ਉਸ ਦੇ ਜਨਮ ਤੋਂ ਤੈਨੂੰ ਬਹੁਤ ਖ਼ੁਸ਼ੀ ਅਤੇ ਅਨੰਦ ਹੋਵੇਗਾ ਅਤੇ ਬਹੁਤ ਸਾਰੇ ਲੋਕ ਉਸ ਦੇ ਜਨਮ ਤੋਂ ਪ੍ਰਸੰਨ ਹੋਣਗੇ । 15#ਗਿਣ 6:3ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਹੋਵੇਗਾ । ਉਹ ਨਾ ਮੈਅ ਅਤੇ ਨਾ ਮਦ ਪੀਵੇਗਾ । ਉਹ ਆਪਣੀ ਮਾਂ ਦੀ ਕੁੱਖ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ । 16ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜ ਲਿਆਵੇਗਾ । 17#ਮਲਾ 4:5-6ਉਹ ਪਰਮੇਸ਼ਰ ਦੇ ਸਾਹਮਣੇ ਏਲੀਯਾਹ ਨਬੀ ਦੀ ਤਰ੍ਹਾਂ ਆਤਮਾ ਵਿੱਚ ਭਰਪੂਰ ਹੋ ਕੇ ਚੱਲੇਗਾ ਤਾਂ ਜੋ ਉਹ ਮਾਤਾ-ਪਿਤਾ ਦਾ ਦਿਲ ਬੱਚਿਆਂ ਵੱਲ ਮੋੜੇ, ਦੁਸ਼ਟਾਂ#1:17 ਪਰਮੇਸ਼ਰ ਦੇ ਵਿਰੁੱਧ ਲੋਕ । ਨੂੰ ਨੇਕੀ ਦਾ ਪਾਠ ਸਿਖਾਵੇ ਅਤੇ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇ ।”
18ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਕਿਸ ਤਰ੍ਹਾਂ ਇਹ ਸਭ ਮੰਨਾਂ ? ਕਿਉਂਕਿ ਮੈਂ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਜ਼ੁਰਗ ਹੈ ।” 19#ਦਾਨੀ 8:16, 9:21ਸਵਰਗਦੂਤ ਨੇ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜਿਹੜਾ ਪਰਮੇਸ਼ਰ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ । ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਭੇਜਿਆ ਗਿਆ ਹਾਂ । 20ਪਰ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ ਉੱਤੇ ਪੂਰੀਆਂ ਹੋਣਗੀਆਂ । ਇਸ ਲਈ ਜਦੋਂ ਤੱਕ ਉਹ ਪੂਰੀਆਂ ਨਾ ਹੋ ਜਾਣ ਤੂੰ ਉਸ ਸਮੇਂ ਤੱਕ ਗੂੰਗਾ ਰਹੇਂਗਾ ਅਤੇ ਬੋਲ ਨਹੀਂ ਸਕੇਂਗਾ ।”
21ਬਾਹਰ ਸਭਾ ਜ਼ਕਰਯਾਹ ਦੀ ਉਡੀਕ ਕਰ ਰਹੀ ਸੀ । ਸਾਰੀ ਸਭਾ ਹੈਰਾਨ ਸੀ ਕਿ ਉਸ ਨੇ ਹੈਕਲ ਦੇ ਵਿੱਚ ਇੰਨਾ ਸਮਾਂ ਕਿਉਂ ਲਾ ਦਿੱਤਾ ਹੈ । 22ਜਦੋਂ ਜ਼ਕਰਯਾਹ ਬਾਹਰ ਆਇਆ ਤਾਂ ਉਹ ਬੋਲ ਨਾ ਸਕਿਆ । ਸਭਾ ਸਮਝ ਗਈ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਦੇਖਿਆ ਹੈ । ਉਹ ਕੇਵਲ ਇਸ਼ਾਰੇ ਹੀ ਕਰਦਾ ਸੀ ਪਰ ਬੋਲ ਨਹੀਂ ਸਕਦਾ ਸੀ ।
23ਫਿਰ ਜਦੋਂ ਉਸ ਦੀ ਸੇਵਾ ਦੇ ਦਿਨ ਖ਼ਤਮ ਹੋ ਗਏ ਤਾਂ ਉਹ ਆਪਣੇ ਘਰ ਵਾਪਸ ਚਲਾ ਗਿਆ । 24ਕੁਝ ਦਿਨਾਂ ਦੇ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ । ਉਸ ਨੇ ਪੰਜ ਮਹੀਨੇ ਤੱਕ ਇਸ ਗੱਲ ਨੂੰ ਲੁਕਾ ਕੇ ਰੱਖਿਆ । ਉਹ ਕਹਿੰਦੀ ਸੀ, 25“ਪ੍ਰਭੂ ਨੇ ਇਸ ਬੁਢਾਪੇ ਵਿੱਚ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ । ਉਹਨਾਂ ਨੇ ਮੇਰੀ ਸਾਰੀ ਸ਼ਰਮਿੰਦਗੀ ਦੂਰ ਕਰ ਦਿੱਤੀ ਹੈ ।”
ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ
26ਇਲੀਸਬਤ ਨੂੰ ਗਰਭਵਤੀ ਹੋਏ ਛੇ ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਭੇਜਿਆ । 27#ਮੱਤੀ 1:18ਸਵਰਗਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ । ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ਼ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ । 28ਸਵਰਗਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਕਿਹਾ, “ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ ! ਉਹ ਤੇਰੇ ਨਾਲ ਹਨ ।” 29ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਪਰਨਾਮ ਹੈ । 30ਸਵਰਗਦੂਤ ਨੇ ਮਰੀਅਮ ਨੂੰ ਕਿਹਾ, “ਮਰੀਅਮ ਨਾ ਡਰ ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ! 31#ਮੱਤੀ 1:21ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ । 32#2 ਸਮੂ 7:12, 13, 16, ਯਸਾ 9:7ਉਹ ਮਹਾਨ ਹੋਣਗੇ । ਉਹ ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਅਖਵਾਉਣਗੇ । ਪ੍ਰਭੂ ਪਰਮੇਸ਼ਰ ਉਹਨਾਂ ਦੇ ਪੁਰਖੇ ਦਾਊਦ ਦੀ ਰਾਜ-ਗੱਦੀ ਉਹਨਾਂ ਨੂੰ ਦੇਣਗੇ । 33ਉਹ ਅਨੰਤਕਾਲ ਤੱਕ ਯਾਕੂਬ ਦੀ ਪੀੜ੍ਹੀ ਉੱਤੇ ਰਾਜ ਕਰਨਗੇ । ਉਹਨਾਂ ਦੇ ਰਾਜ ਦਾ ਅੰਤ ਨਹੀਂ ਹੋਵੇਗਾ ।”
34ਮਰੀਅਮ ਨੇ ਸਵਰਗਦੂਤ ਨੂੰ ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ? ਮੈਂ ਅਜੇ ਕੁਆਰੀ ਹਾਂ ।” 35ਸਵਰਗਦੂਤ ਨੇ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ । ਇਸ ਲਈ ਜਿਹੜਾ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਅਖਵਾਏਗਾ । 36ਦੇਖ, ਤੇਰੀ ਰਿਸ਼ਤੇਦਾਰ ਇਲੀਸਬਤ ਜਿਹੜੀ ਬਾਂਝ ਸੀ, ਆਪਣੇ ਬੁਢਾਪੇ ਵਿੱਚ ਗਰਭਵਤੀ ਹੈ । ਇਹ ਉਸ ਦਾ ਛੇਵਾਂ ਮਹੀਨਾ ਹੈ । ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ । 37#ਉਤ 18:14ਕਿਉਂਕਿ ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ।”
38ਮਰੀਅਮ ਨੇ ਕਿਹਾ, “ਮੈਂ ਪਰਮੇਸ਼ਰ ਦੀ ਸੇਵਕ ਹਾਂ, ਜਿਸ ਤਰ੍ਹਾਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ ।” ਫਿਰ ਸਵਰਗਦੂਤ ਮਰੀਅਮ ਦੇ ਕੋਲੋਂ ਚਲਾ ਗਿਆ ।
ਮਰੀਅਮ ਦਾ ਇਲੀਸਬਤ ਦੇ ਘਰ ਜਾਣਾ
39ਇਸ ਘਟਨਾ ਦੇ ਬਾਅਦ ਮਰੀਅਮ ਛੇਤੀ ਹੀ ਤਿਆਰ ਹੋ ਕੇ ਯਹੂਦੀਯਾ ਦੇਸ਼ ਦੇ ਇੱਕ ਪਹਾੜੀ ਸ਼ਹਿਰ ਨੂੰ ਗਈ । 40ਉਹ ਜ਼ਕਰਯਾਹ ਪੁਰੋਹਿਤ ਦੇ ਘਰ ਗਈ ਅਤੇ ਇਲੀਸਬਤ ਨੂੰ ਨਮਸਕਾਰ ਕੀਤਾ । 41ਜਿਵੇਂ ਹੀ ਇਲੀਸਬਤ ਨੇ ਮਰੀਅਮ ਦਾ ਨਮਸਕਾਰ ਸੁਣਿਆ, ਉਸ ਦੀ ਕੁੱਖ ਵਿੱਚ ਬੱਚਾ ਉੱਛਲ ਪਿਆ । ਉਸੇ ਸਮੇਂ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ । 42ਉਸ ਨੇ ਉੱਚੀ ਆਵਾਜ਼ ਨਾਲ ਕਿਹਾ, “ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਤੇਰੀ ਕੁੱਖ ਦਾ ਫਲ ਵੀ ਧੰਨ ਹੈ । 43ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ । 44ਦੇਖ, ਜਿਵੇਂ ਹੀ ਤੇਰੇ ਨਮਸਕਾਰ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖ਼ੁਸ਼ੀ ਦੇ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ । 45ਤੂੰ ਧੰਨ ਹੈਂ ਜਿਸ ਨੇ ਪ੍ਰਭੂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਹੈ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ ।”
ਮਰੀਅਮ ਪ੍ਰਭੂ ਦੀ ਉਸਤਤ ਕਰਦੀ ਹੈ
46 # 1 ਸਮੂ 2:1-10 ਮਰੀਅਮ ਨੇ ਕਿਹਾ,
“ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ,
47ਮੇਰੀ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਖ਼ੁਸ਼ ਹੈ,
48 # 1 ਸਮੂ 1:11 ਕਿਉਂਕਿ ਉਹਨਾਂ ਨੇ ਆਪਣੀ ਸੇਵਕ ਦੀ ਨਿਮਰਤਾ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ।
ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ,
49ਕਿਉਂਕਿ ਮਹਾਨ ਪਰਮੇਸ਼ਰ ਨੇ ਮੇਰੇ ਲਈ ਅਦਭੁੱਤ ਕੰਮ ਕੀਤੇ ਹਨ,
ਉਹਨਾਂ ਦਾ ਨਾਮ ਪਵਿੱਤਰ ਹੈ ।
50ਉਹ ਆਪਣੇ ਆਦਰ ਕਰਨ ਵਾਲਿਆਂ ਉੱਤੇ,
ਪੀੜ੍ਹੀਓਂ ਪੀੜ੍ਹੀ ਦਇਆ ਕਰਦੇ ਹਨ ।
51ਉਹਨਾਂ ਨੇ ਆਪਣੀਆਂ ਬਾਹਾਂ ਦਾ ਬਲ ਦਿਖਾਇਆ ਹੈ ।
ਉਹਨਾਂ ਨੇ ਜਿਹੜੇ ਆਪਣੇ ਆਪ ਨੂੰ ਘਮੰਡੀ ਸਮਝਦੇ ਸਨ, ਤਿੱਤਰ-ਬਿੱਤਰ ਕੀਤਾ ਹੈ ।
52 # ਅੱਯੂ 5:11, 12:19 ਉਹਨਾਂ ਨੇ ਹਾਕਮਾਂ ਨੂੰ ਗੱਦੀਆਂ ਤੋਂ ਲਾਹਿਆ,
ਅਤੇ ਨਿਮਰ ਲੋਕਾਂ ਨੂੰ ਉੱਚਾ ਕੀਤਾ ਹੈ ।
53ਉਹਨਾਂ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ,
ਅਤੇ ਧਨੀਆਂ ਨੂੰ ਖ਼ਾਲੀ ਹੱਥ ਵਾਪਸ ਮੋੜ ਦਿੱਤਾ ਹੈ ।
54ਉਹਨਾਂ ਨੇ ਆਪਣੀ ਦਇਆ ਨੂੰ ਯਾਦ ਕੀਤਾ
ਅਤੇ ਆਪਣੇ ਸੇਵਕ ਇਸਰਾਏਲ ਦੀ ਮਦਦ ਕੀਤੀ ਹੈ ।
55 # ਉਤ 17:7 # 1 ਸਮੂ 2:1-10 ਇਹ ਸਭ ਉਹਨਾਂ ਨੇ ਆਪਣੀ ਅਨੰਤ ਦਇਆ ਦੇ ਨਾਲ ਅਬਰਾਹਾਮ ਅਤੇ ਉਸ ਦੇ ਕੁਲ ਦੇ ਸਾਡੇ ਪੁਰਖਿਆਂ ਦੇ ਨਾਲ ਕੀਤੇ ਹੋਏ
ਵਾਅਦਿਆਂ ਦੇ ਅਨੁਸਾਰ ਕੀਤਾ ਹੈ ।”
56ਮਰੀਅਮ ਇਲੀਸਬਤ ਦੇ ਨਾਲ ਤਿੰਨ ਮਹੀਨੇ ਤੱਕ ਰਹੀ ਅਤੇ ਫਿਰ ਆਪਣੇ ਘਰ ਨੂੰ ਵਾਪਸ ਚਲੀ ਗਈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ
57ਜਦੋਂ ਇਲੀਸਬਤ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । 58ਜਦੋਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਹੈ ਤਾਂ ਉਹਨਾਂ ਨੇ ਉਸ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਈ ।
59 # ਲੇਵੀ 12:3 ਯਹੂਦੀਆਂ ਦੀ ਰੀਤ ਅਨੁਸਾਰ ਉਹ ਅਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ । ਉਹ ਬੱਚੇ ਦੇ ਪਿਤਾ ਦੇ ਨਾਂ ਉੱਤੇ ਉਸ ਦਾ ਨਾਂ ਜ਼ਕਰਯਾਹ ਰੱਖਣ ਲੱਗੇ । 60ਪਰ ਇਲੀਸਬਤ ਨੇ ਕਿਹਾ, “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ ।” 61ਲੋਕਾਂ ਨੇ ਇਲੀਸਬਤ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਯੂਹੰਨਾ ਨਹੀਂ ਹੈ ।” 62ਫਿਰ ਉਹਨਾਂ ਨੇ ਇਸ਼ਾਰੇ ਨਾਲ ਬੱਚੇ ਦੇ ਪਿਤਾ ਜ਼ਕਰਯਾਹ ਤੋਂ ਪੁੱਛਿਆ ਕਿ ਉਹ ਆਪਣੇ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ । 63ਜ਼ਕਰਯਾਹ ਨੇ ਲਿਖਣ ਵਾਲੀ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖ ਦਿੱਤਾ, “ਬੱਚੇ ਦਾ ਨਾਂ ਯੂਹੰਨਾ ਹੈ ।” ਤਦ ਸਾਰੇ ਲੋਕ ਹੈਰਾਨ ਰਹਿ ਗਏ । 64ਇਕਦਮ ਜ਼ਕਰਯਾਹ ਦਾ ਮੂੰਹ ਅਤੇ ਜੀਭ ਖੁੱਲ੍ਹ ਗਏ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਨ ਲੱਗਾ । 65ਸਾਰੇ ਗੁਆਂਢੀ ਡਰ ਗਏ । ਇਹਨਾਂ ਗੱਲਾਂ ਦੀ ਚਰਚਾ ਯਹੂਦੀਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਹੋਣ ਲੱਗੀ । 66ਜਿਹੜਾ ਵੀ ਇਹਨਾਂ ਗੱਲਾਂ ਨੂੰ ਸੁਣਦਾ ਸੀ, ਉਹ ਇਹਨਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਸੋਚਦਾ ਅਤੇ ਕਹਿੰਦਾ ਸੀ, “ਪਤਾ ਨਹੀਂ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ ।
ਜ਼ਕਰਯਾਹ ਦੀ ਭਵਿੱਖਬਾਣੀ
67ਬੱਚੇ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ । ਉਸ ਨੇ ਇਹ ਭਵਿੱਖਬਾਣੀ ਕੀਤੀ,
68“ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ ।
ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ,
ਅਤੇ ਉਹਨਾਂ ਨੂੰ ਮੁਕਤੀ ਦਿੱਤੀ ਹੈ ।
69ਉਹਨਾਂ ਨੇ ਸਾਡੇ ਲਈ ਆਪਣੇ ਸੇਵਕ
ਦਾਊਦ ਦੀ ਕੁਲ ਵਿੱਚੋਂ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ ।
70ਉਹਨਾਂ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਆਪਣੇ
ਨਬੀਆਂ ਦੇ ਰਾਹੀਂ ਇਹ ਕਿਹਾ ਸੀ,
71ਉਹ ਸਾਡੇ ਵੈਰੀਆਂ ਤੋਂ ਸਾਨੂੰ ਬਚਾਉਣਗੇ
ਅਤੇ ਨਫ਼ਰਤ ਕਰਨ ਵਾਲਿਆਂ ਤੋਂ ਸਾਨੂੰ ਛੁਟਕਾਰਾ ਦੇਣਗੇ ।
72ਉਹ ਸਾਡੇ ਪੁਰਖਿਆਂ ਉੱਤੇ ਦਇਆ ਕਰਨਗੇ
ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਣਗੇ ।
73ਉਹਨਾਂ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ
74ਕਿ ਉਹ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਣਗੇ
ਤਾਂ ਜੋ ਅਸੀਂ ਨਿਡਰ ਹੋ ਕੇ
75ਜੀਵਨ ਭਰ ਉਹਨਾਂ ਦੀ ਭਗਤੀ
ਪਵਿੱਤਰਤਾ ਅਤੇ ਸੱਚਾਈ ਨਾਲ ਕਰੀਏ ।
76 # ਮਲਾ 3:1 ਹੇ ਮੇਰੇ ਬੱਚੇ, ਤੂੰ ਪਰਮ ਪ੍ਰਧਾਨ ਪਰਮੇਸ਼ਰ ਦਾ ਨਬੀ ਅਖਵਾਏਂਗਾ ।
ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਦੇ ਲਈ ਉਹਨਾਂ ਦੇ ਅੱਗੇ ਜਾਵੇਂਗਾ ।
77ਤੂੰ ਪ੍ਰਭੂ ਦੇ ਲੋਕਾਂ ਨੂੰ ਪਾਪ ਦੀ ਮਾਫ਼ੀ
ਅਤੇ ਮੁਕਤੀ ਦੀ ਸਿੱਖਿਆ ਦੇਵੇਂਗਾ
78ਕਿਉਂਕਿ ਸਾਡੇ ਪਰਮੇਸ਼ਰ ਦਿਆਲੂ
ਅਤੇ ਕਿਰਪਾਲੂ ਹਨ, ਉਹ ਸਾਡੇ ਉੱਤੇ,
ਸਵਰਗ ਤੋਂ ਮੁਕਤੀ ਦਾ ਚਾਨਣ ਕਰਨਗੇ
79 # ਯਸਾ 9:2 ਤਾਂ ਜੋ ਹਨੇਰੇ ਅਤੇ ਮੌਤ ਦੀ ਛਾਂ ਹੇਠਾਂ
ਰਹਿਣ ਵਾਲਿਆਂ ਨੂੰ ਚਾਨਣ ਦੇਣ ਅਤੇ
ਸਾਨੂੰ ਸ਼ਾਂਤੀ ਦੇ ਰਾਹ ਉੱਤੇ ਲੈ ਜਾਣ ।”
80ਉਹ ਬੱਚਾ ਸਰੀਰਕ ਅਤੇ ਆਤਮਿਕ ਤੌਰ ਤੇ ਵੱਧਦਾ ਗਿਆ । ਉਹ ਇਸਰਾਏਲ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਉਜਾੜ ਵਿੱਚ ਰਿਹਾ ।

S'ha seleccionat:

ਲੂਕਾ 1: CL-NA

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió

YouVersion utilitza galetes per personalitzar la teva experiència. En utilitzar el nostre lloc web, acceptes el nostre ús de galetes tal com es descriu a la nostra Política de privadesa