ਰੋਮੀਆਂ 14
14
ਆਪਣੇ ਭਰਾ ਉੱਤੇ ਦੋਸ਼ ਨਾ ਲਾਓ
1ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਹ ਨੂੰ ਆਪਣੀ ਸੰਗਤ ਵਿੱਚ ਰਲਾ ਲਉ ਪਰ ਉਹ ਦੇ ਭਰਮਾਂ ਦੇ ਉੱਤੇ ਫ਼ੈਸਲੇ ਕਰਨ ਦੇ ਲਈ ਨਹੀਂ। 2ਕਿਉਂਕਿ ਇੱਕ ਨੂੰ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਯੋਗ ਹੈ, ਪਰ ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਸਾਗ ਪੱਤ ਹੀ ਖਾਂਦਾ ਹੈ। 3ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ। 4ਤੂੰ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ। 5ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ, ਅਤੇ ਕੋਈ ਜਣਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ। 6ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ, ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। 7ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ। 8ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ। 9ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ। 10ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੋ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ। 11ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ। 12ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
ਆਪਣੇ ਭਰਾ ਦੇ ਨਾਸ ਹੋਣ ਦਾ ਕਾਰਨ ਨਾ ਬਣੋ
13ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ। 14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸ਼ੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸ਼ੁੱਧ ਹੈ। 15ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ। 16ਸੋ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ। 17ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ। 18ਅਤੇ ਜਿਹੜਾ ਇਸ ਤਰ੍ਹਾਂ ਨਾਲ ਮਸੀਹ ਦੀ ਸੇਵਾ ਕਰਦਾ ਹੈ, ਉਹ ਤਾਂ ਪਰਮੇਸ਼ੁਰ ਨੂੰ ਭਾਉਂਦਾ ਅਤੇ ਮਨੁੱਖਾਂ ਨੂੰ ਕਬੂਲ ਹੁੰਦਾ ਹੈ। 19ਸੋ ਚੱਲੋ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ। 20ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ। ਸਭ ਕੁਝ ਸ਼ੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ। 21ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵੇਂ ਅਤੇ ਨਾ ਤੂੰ ਸ਼ਰਾਬ ਪੀਵੇਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੋਕਰ ਖਾਵੇ। 22ਤੇਰਾ ਜੋ ਵਿਸ਼ਵਾਸ ਹੈ, ਉਸ ਨੂੰ ਪਰਮੇਸ਼ੁਰ ਦੇ ਸਾਹਮਣੇ ਆਪਣੇ ਮਨ ਵਿੱਚ ਰੱਖ। ਧੰਨ ਉਹ ਜਿਹੜਾ ਉਸ ਕੰਮ ਵਿੱਚ ਜਿਹ ਨੂੰ ਉਹ ਠੀਕ ਸਮਝਦਾ ਹੈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ। 23ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ।
S'ha seleccionat:
ਰੋਮੀਆਂ 14: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.