ਮਰਕੁਸ 12
12
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
ਮੱਤੀ 21:33-46; ਲੂਕਾ 20:9-19
1ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਕਿ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਦਿੱਤੀ ਅਤੇ ਰਸ ਲਈ ਇੱਕ ਹੋਦ ਬਣਾਇਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਆਪ ਪਰਦੇਸ ਚੱਲਿਆ ਗਿਆ। 2ਅਤੇ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਮਾਲੀਆਂ ਤੋਂ ਬਾਗ਼ ਦੇ ਫਲ ਵਿੱਚੋਂ ਕੁਝ ਲੈ ਕੇ ਆਵੇ। 3ਅਤੇ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਅਤੇ ਖਾਲੀ ਹੱਥੀਂ ਮੋੜ ਦਿੱਤਾ। 4ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਭੇਜਿਆ ਅਤੇ ਉਨ੍ਹਾਂ ਨੇ ਉਹ ਦਾ ਸਿਰ ਭੰਨਿਆ ਅਤੇ ਉਹ ਨੂੰ ਬੇਇੱਜ਼ਤ ਕੀਤਾ। 5ਫੇਰ ਉਸ ਨੇ ਇੱਕ ਹੋਰ ਭੇਜਿਆ ਅਤੇ ਉਨ੍ਹਾਂ ਨੇ ਉਹ ਨੂੰ ਵੀ ਮਾਰ ਸੁੱਟਿਆ ਅਤੇ ਉਸ ਨੇ ਹੋਰ ਬਹੁਤ ਸਾਰੇ ਭੇਜੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ। 6ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤਰ। ਆਖੀਰ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਭੇਜਿਆ ਜੋ ਉਹ ਮੇਰੇ ਪੁੱਤਰ ਦਾ ਮਾਣ ਰੱਖਣਗੇ। 7ਅਤੇ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਿਸ ਇਹੋ ਹੈ। ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ। 8ਅਤੇ ਉਨ੍ਹਾਂ ਨੇ ਉਹ ਨੂੰ ਫੜ੍ਹ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗ਼ੋਂ ਬਾਹਰ ਸੁੱਟਿਆ। 9ਸੋ ਬਾਗ਼ ਦਾ ਮਾਲਕ ਹੁਣ ਕੀ ਕਰੇਗਾ? ਉਹ ਆਵੇਗਾ ਅਤੇ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰਾਂ ਦਾ ਬਾਗ਼ ਹੋਰਨਾਂ ਨੂੰ ਸੌਂਪੇਗਾ। 10ਕੀ ਤੁਸੀਂ ਇਹ ਲਿਖਤ ਵੀ ਨਹੀਂ ਪੜ੍ਹੀ? ਕਿ
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ,
ਸੋਈ ਖੂੰਜੇ ਦਾ ਸਿਰਾ ਹੋ ਗਿਆ।
11 ਇਹ ਪ੍ਰਭੂ ਦੀ ਵੱਲੋਂ ਹੋਇਆ,
ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ।
12ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ।
ਕੈਸਰ ਨੂੰ ਕਰ ਦੇਣਾ
ਮੱਤੀ 22:15-22; ਲੂਕਾ 20:20-26
13ਫੇਰ ਉਨ੍ਹਾਂ ਨੇ ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੂੰ ਉਹ ਦੇ ਕੋਲ ਭੇਜਿਆ ਜੋ ਉਹ ਨੂੰ ਉਹ ਦੀਆਂ ਗੱਲਾਂ ਵਿੱਚ ਫਸਾਉਣ। 14ਸੋ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ! ਕੈਸਰ ਨੂੰ “ਕਰ” ਦੇਣਾ ਯੋਗ ਹੈ ਕਿ ਨਹੀਂ? ਅਸੀਂ ਦੇਈਏ ਕਿ ਨਾ ਦੇਈਏ? 15ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਸਿੱਕਾ ਮੇਰੇ ਕੋਲ ਲਿਆਓ ਤਾਂ ਵੇਖਾਂ। 16ਸੋ ਓਹ ਲਿਆਏ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ। 17ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ, ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ, ਉਹ ਪਰਮੇਸ਼ੁਰ ਨੂੰ ਦਿਓ ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ।
ਪੁਨਰ ਉੱਥਾਨ ਅਤੇ ਵਿਆਹ
ਮੱਤੀ 22:23-33; ਲੂਕਾ 20:27-40
18ਫੇਰ ਸਦੂਕੀ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ l ਉਸ ਕੋਲ ਆਏ ਅਤੇ ਉਸ ਨੂੰ ਇਹ ਸਵਾਲ ਕੀਤਾ 19ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇ ਕਿਸੇ ਦਾ ਭਰਾ ਮਰ ਜਾਵੇ ਅਤੇ ਉਹ ਦੀ ਪਤਨੀ ਰਹਿ ਜਾਵੇ ਅਤੇ ਕੋਈ ਉਲਾਦ ਨਾ ਛੱਡ ਗਿਆ ਹੋਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ। 20ਸੱਤ ਭਰਾ ਸਨ ਅਤੇ ਪਹਿਲੇ ਨੇ ਵਿਆਹ ਕਰਾਇਆ ਅਤੇ ਬੇ-ਔਲਾਦ ਹੀ ਮਰ ਗਿਆ। 21ਤਦ ਦੂਸਰੇ ਭਰਾ ਨੇ ਉਹ ਨੂੰ ਵਿਆਹ ਲਿਆ ਅਤੇ ਉਹ ਵੀ ਬੇ-ਔਲਾਦ ਹੀ ਮਰ ਗਿਆ, ਅਤੇ ਇਸੇ ਤਰ੍ਹਾਂ ਤੀਜੇ ਨੇ ਵੀ ਅਤੇ ਸੱਤੇ ਬੇ-ਔਲਾਦ ਹੀ ਮਰ ਗਏ। 22ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 23ਸੋ ਹੁਣ ਜੀ ਉੱਠਣ ਤੋਂ ਬਾਅਦ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂ ਜੋ ਓਹ ਹੁਣ ਸੱਤਾਂ ਦੀ ਪਤਨੀ ਹੋ ਗਈ ਸੀ? 24ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰ ਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ, ਕਿ ਤੁਸੀਂ ਨਾ ਪਵਿੱਤਰ ਗ੍ਰੰਥਾਂ ਨੂੰ, ਅਤੇ ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ? 25ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਤਾਂ ਉਹ ਨਾ ਵਿਆਹ ਕਰਦੇ ਹਨ, ਅਤੇ ਨਾ ਵਿਆਹੇ ਜਾਂਦੇ ਹਨ, ਪਰ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। 26ਪਰ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਵਿੱਚ ਕੀ ਤੁਸੀਂ ਮੂਸਾ ਦੀ ਪੋਥੀ ਵਿੱਚੋਂ ਝਾੜੀ ਦੀ ਕਥਾ ਨੂੰ ਨਹੀਂ ਪੜ੍ਹਿਆ, ਜੋ ਪਰਮੇਸ਼ੁਰ ਨੇ ਉਹ ਨੂੰ ਕਿਹਾ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? 27ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।
ਸਭ ਤੋਂ ਵੱਡਾ ਹੁਕਮ
ਮੱਤੀ 22:34-40; ਲੂਕਾ 10:25-28
28ਉਪਦੇਸ਼ਕਾਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਨ੍ਹਾਂ ਨਾਲ ਦਾ ਸਵਾਲ-ਜ਼ਵਾਬ ਸੁਣਿਆ ਅਤੇ ਇਹ ਸਮਝ ਕੇ ਜੋ ਉਸ ਨੇ ਉਨ੍ਹਾਂ ਨੂੰ ਚੰਗਾ ਜ਼ਵਾਬ ਦਿੱਤਾ ਹੈ ਉਹ ਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਵੱਡਾ ਹੁਕਮ ਕਿਹੜਾ ਹੈ? 29ਪ੍ਰਭੂ ਯਿਸੂ ਨੇ ਉਸ ਨੂੰ ਜ਼ਵਾਬ ਦਿੱਤਾ, ਕਿ ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ, ਪ੍ਰਭੂ ਸਾਡਾ ਪਰਮੇਸ਼ੁਰ ਇੱਕੋ ਪ੍ਰਭੂ ਹੈ। 30ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। 31ਦੂਜਾ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ। 32ਤਦ ਉਸ ਉਪਦੇਸ਼ਕ ਨੇ ਉਹ ਨੂੰ ਕਿਹਾ, ਠੀਕ ਗੁਰੂ ਜੀ, ਤੁਸੀਂ ਸੱਚ ਆਖਿਆ ਭਈ ਉਹ ਇੱਕੋ ਹੀ ਹੈ, ਅਤੇ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ। 33ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮ ਬਲੀਆਂ ਅਤੇ ਬਲੀਦਾਨਾਂ ਨਾਲੋਂ ਵੱਧਕੇ ਹੈ। 34ਜਦੋਂ ਪ੍ਰਭੂ ਯਿਸੂ ਨੇ ਵੇਖਿਆ ਕਿ ਉਹ ਨੇ ਸਮਝ ਨਾਲ ਉੱਤਰ ਦਿੱਤਾ ਤਾਂ ਉਹ ਨੂੰ ਕਿਹਾ, ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ, ਅਤੇ ਉਸ ਤੋਂ ਬਾਅਦ ਕਿਸੇ ਦਾ ਹੌਂਸਲਾ ਨਾ ਪਿਆ ਕਿ ਉਸ ਕੋਲੋਂ ਕੁਝ ਸਵਾਲ ਕਰੇ।
ਮਸੀਹ ਕਿਸ ਦਾ ਪੁੱਤਰ ਹੈ?
ਮੱਤੀ 22:42-46; ਲੂਕਾ 20:41-44
35ਫੇਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਇਹ ਕਿਹਾ ਉਪਦੇਸ਼ਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36ਦਾਊਦ ਨੇ ਪਵਿੱਤਰ ਆਤਮਾ ਦੀ ਰਾਹੀਂ ਆਪੇ ਕਿਹਾ ਹੈ ਕਿ
ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ,
ਜਦ ਤੱਕ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਹੇਠ ਨਾ ਕਰ ਦੇਵਾਂ l
37 ਦਾਊਦ ਤਾਂ ਆਪੇ ਉਹ ਨੂੰ ਪ੍ਰਭੂ ਆਖਦਾ ਹੈ ਫੇਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹ ਦੀ ਸੁਣਦੀ ਸੀ।
ਉਪਦੇਸ਼ਕਾਂ ਤੋਂ ਸਾਵਧਾਨ
ਮੱਤੀ 23:1-36; ਲੂਕਾ 20:45-47
38ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, ਉਪਦੇਸ਼ਕਾਂ ਤੋਂ ਚੌਕਸ ਰਹੋ ਜਿਹੜੇ ਲੰਮੇ ਬਸਤਰ ਪਹਿਨ ਕੇ ਤੁਰਨਾਂ ਫਿਰਨਾ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ 39ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਉੱਚੀਆਂ ਥਾਵਾਂ ਨੂੰ ਭਾਲਦੇ ਹੋ। 40ਉਹ ਵਿਧਵਾਵਾਂ ਦੇ ਘਰਾਂ ਨੂੰ ਖਾ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਸਜ਼ਾ ਮਿਲੇਗੀ।
ਕੰਗਾਲ ਵਿਧਵਾ ਦਾ ਦਾਨ
ਲੂਕਾ 21:1-4
41ਉਹ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਦਾਨ ਪਾਤਰ ਵਿੱਚ ਕਿਸ ਤਰ੍ਹਾਂ ਦਾਨ ਪਾਉਂਦੇ ਹਨ ਅਤੇ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ। 42ਅਤੇ ਇੱਕ ਕੰਗਾਲ ਵਿਧਵਾ ਨੇ ਆ ਕੇ ਦੋ ਦਮੜੀਆਂ ਪਾਈਆਂ। 43ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜੇ ਦਾਨ ਪਾਤਰ ਵਿੱਚ ਪਾਉਂਦੇ ਹਨ ਉਨ੍ਹਾਂ ਸਭ ਨਾਲੋਂ ਇਸ ਕੰਗਾਲ ਵਿਧਵਾ ਨੇ ਜਿਆਦਾ ਪਾਇਆ। 44ਕਿਉਂ ਜੋ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।
S'ha seleccionat:
ਮਰਕੁਸ 12: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.