ਉਤ 45
45
ਯੂਸੁਫ਼ ਦੁਆਰਾ ਆਪਣੇ ਆਪ ਨੂੰ ਪਰਗਟ ਕਰਨਾ
1ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਸਾਹਮਣੇ ਜਿਹੜੇ ਉਸ ਦੇ ਕੋਲ ਖੜ੍ਹੇ ਸਨ, ਰੋਕ ਨਾ ਸਕਿਆ, ਇਸ ਲਈ ਉਸ ਨੇ ਉੱਚੀ ਅਵਾਜ਼ ਨਾਲ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਬਾਹਰ ਕੱਢ ਦਿਓ ਅਤੇ ਜਦ ਕੋਈ ਮਨੁੱਖ ਉਸ ਦੇ ਕੋਲ ਖੜ੍ਹਾ ਨਾ ਰਿਹਾ ਤਦ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ 2ਅਤੇ ਉੱਚੀ-ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਤੇ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਗੱਲ ਦੀ ਖ਼ਬਰ ਹੋਈ। 3ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸੁਫ਼ ਹਾਂ, ਕੀ ਮੇਰਾ ਪਿਤਾ ਅਜੇ ਜੀਉਂਦਾ ਹੈ? ਪਰ ਉਸ ਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂ ਜੋ ਉਸ ਦੇ ਅੱਗੇ ਘਬਰਾ ਗਏ। 4ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਤਦ ਓਹ ਉਸ ਦੇ ਨੇੜੇ ਆਏ ਅਤੇ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਆਉਣ ਵਾਲਿਆਂ ਦੇ ਹੱਥ ਵੇਚਿਆ ਸੀ। 5ਹੁਣ ਤੁਸੀਂ ਨਾ ਪਛਤਾਓ ਅਤੇ ਨਾ ਹੀ ਘਬਰਾਓ ਕਿ ਤੁਸੀਂ ਮੈਨੂੰ ਇੱਧਰ ਵੇਚ ਦਿੱਤਾ ਸੀ ਕਿਉਂਕਿ ਪਰਮੇਸ਼ੁਰ ਨੇ ਤੁਹਾਡੀਆਂ ਜਾਨਾਂ ਬਚਾਉਣ ਲਈ ਮੈਨੂੰ ਤੁਹਾਡੇ ਅੱਗੇ ਭੇਜ ਦਿੱਤਾ ਸੀ। 6ਇਹਨਾਂ ਦੋ ਸਾਲਾਂ ਤੋਂ ਇਸ ਦੇਸ਼ ਵਿੱਚ ਕਾਲ ਹੈ ਅਤੇ ਹੁਣ ਪੰਜ ਸਾਲ ਹੋਰ ਹਨ, ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ। 7ਇਸ ਲਈ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ। 8ਹੁਣ ਤੁਸੀਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਇੱਥੇ ਭੇਜਿਆ ਹੈ ਅਤੇ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਰਗਾ ਅਤੇ ਉਸ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਹਾਕਮ ਠਹਿਰਾਇਆ ਹੈ। 9ਜਲਦੀ ਕਰੋ ਅਤੇ ਮੇਰੇ ਪਿਤਾ ਦੇ ਕੋਲ ਜਾਓ ਅਤੇ ਉਸ ਨੂੰ ਆਖੋ, ਤੇਰਾ ਪੁੱਤਰ ਯੂਸੁਫ਼ ਇਹ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ। ਇਸ ਲਈ ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ। 10ਤੁਸੀਂ ਗੋਸ਼ਨ ਦੇਸ਼ ਵਿੱਚ ਵੱਸੋਗੇ ਅਤੇ ਮੇਰੇ ਨਜ਼ਦੀਕ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ। 11ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ ਪੰਜ ਸਾਲ ਹੋਰ ਹਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਤੇ ਤੁਹਾਡਾ ਘਰਾਣਾ ਅਤੇ ਤੁਹਾਡੇ ਸਾਰੇ ਸੰਗੀ ਭੁੱਖ ਨਾਲ ਮਰ ਜਾਣ। 12ਅਤੇ ਵੇਖੋ, ਤੁਹਾਡੀਆਂ ਅੱਖਾਂ ਅਤੇ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਇਹ ਮੈਂ ਹੀ ਹਾਂ ਜੋ ਤੁਹਾਡੇ ਨਾਲ ਬੋਲਦਾ ਹੈ। 13ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ, ਅਤੇ ਜੋ ਕੁਝ ਤੁਸੀਂ ਵੇਖਿਆ ਹੈ ਮੇਰੇ ਪਿਤਾ ਨੂੰ ਦੱਸਿਓ ਅਤੇ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਨੂੰ ਐਥੇ ਲੈ ਆਓ। 14ਤਦ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਇਆ। 15ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਤੇ ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ। 16ਇਹ ਖ਼ਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਇਹ ਖ਼ਬਰ ਫ਼ਿਰਊਨ ਨੂੰ ਅਤੇ ਉਸ ਦੇ ਕਰਮਚਾਰੀਆਂ ਨੂੰ ਚੰਗੀ ਲੱਗੀ। 17ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਆਪਣੇ ਭਰਾਵਾਂ ਨੂੰ ਆਖ ਕਿ ਇਹ ਕੰਮ ਕਰੋ: ਆਪਣੇ ਜਾਨਵਰ ਲੱਦੋ ਅਤੇ ਕਨਾਨ ਦੇ ਦੇਸ਼ ਨੂੰ ਜਾਓ, 18ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਤੇ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ। 19ਹੁਣ ਤੈਨੂੰ ਇਹ ਆਗਿਆ ਹੈ: ਤੁਸੀਂ ਇਹ ਕਰੋ ਕਿ ਮਿਸਰ ਦੇਸ਼ ਤੋਂ ਗੱਡੇ ਲੈ ਜਾਓ ਅਤੇ ਆਪਣੇ ਬਾਲ ਬੱਚੇ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਆਓ। 20ਤੁਸੀਂ ਆਪਣੇ ਸਮਾਨ ਦਾ ਮੋਹ ਨਾ ਕਰਨਾ ਕਿਉਂ ਜੋ ਸਾਰੇ ਮਿਸਰ ਦੇਸ਼ ਦੇ ਪਦਾਰਥ ਤੁਹਾਡੇ ਹੀ ਹਨ। 21ਇਸਰਾਏਲ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਉਨ੍ਹਾਂ ਨੂੰ ਰਸਤੇ ਲਈ ਭੋਜਨ ਸਮੱਗਰੀ ਦਿੱਤੀ। 22ਉਸ ਨੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਜੋੜਾ ਬਸਤਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ#45:22 3.5 ਕਿਲੋਗ੍ਰਾਮ ਅਤੇ ਪੰਜ ਜੋੜੇ ਬਸਤਰ ਦਿੱਤੇ। 23ਉਸ ਨੇ ਆਪਣੇ ਪਿਤਾ ਨੂੰ ਜੋ ਕੁਝ ਭੇਜਿਆ ਉਹ ਇਹ ਹੈ ਅਰਥਾਤ ਮਿਸਰ ਦੇ ਚੰਗੇ ਪਦਾਰਥਾਂ ਦੇ ਲੱਦੇ ਹੋਏ ਦਸ ਗਧੇ ਅਤੇ ਅੰਨ-ਦਾਣੇ ਅਤੇ ਆਪਣੇ ਪਿਤਾ ਦੇ ਰਸਤੇ ਲਈ ਹੋਰ ਭੋਜਨ-ਸਮੱਗਰੀ ਦੀਆਂ ਲੱਦੀਆਂ ਹੋਈਆਂ ਦਸ ਗਧੀਆਂ। 24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਤੇ ਓਹ ਚਲੇ ਗਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਝਗੜਾ ਨਾ ਕਰਿਓ। 25ਸੋ ਓਹ ਮਿਸਰ ਤੋਂ ਵਾਪਿਸ ਆਏ ਅਤੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਪਹੁੰਚੇ। 26ਅਤੇ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਉਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ਼ ਉੱਤੇ ਰਾਜ ਕਰਦਾ ਹੈ, ਤਾਂ ਯਾਕੂਬ ਦਾ ਦਿਲ ਬੈਠ ਗਿਆ ਕਿਉਂ ਜੋ ਉਸ ਨੇ ਉਨ੍ਹਾਂ ਦੀ ਗੱਲ ਦਾ ਭਰੋਸਾ ਨਾ ਕੀਤਾ। 27ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਆਖੀਆਂ ਸਨ, ਉਸ ਨੂੰ ਦੱਸੀਆਂ। ਜਦ ਉਸ ਨੇ ਉਹ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਭੇਜੇ ਸਨ ਵੇਖੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ। 28ਤਦ ਇਸਰਾਏਲ ਨੇ ਆਖਿਆ, ਇਹੋ ਬਹੁਤ ਹੈ ਕਿ ਮੇਰਾ ਪੁੱਤਰ ਯੂਸੁਫ਼ ਅਜੇ ਜੀਉਂਦਾ ਹੈ। ਮੈਂ ਜਾਂਵਾਂਗਾ ਅਤੇ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ।
S'ha seleccionat:
ਉਤ 45: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.