ਕੂਚ 22
22
ਨੁਕਸਾਨ ਭਰਨ ਦੇ ਸੰਬੰਧੀ ਨਿਯਮ
1ਜੇ ਕੋਈ ਮਨੁੱਖ ਬਲ਼ਦ ਜਾਂ ਭੇਡ ਚੁਰਾਵੇ ਜਾਂ ਉਸ ਨੂੰ ਮਾਰ ਸੁੱਟੇ ਜਾਂ ਉਸ ਨੂੰ ਵੇਚ ਦੇਵੇ ਤਾਂ ਚੌਣੇ ਵਿੱਚੋਂ ਉਸ ਦੇ ਵੱਟੇ ਪੰਜ ਬਲ਼ਦ ਅਤੇ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ। 2ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਇਹ ਖੂਨ ਦਾ ਦੋਸ਼ ਨਹੀਂ ਹੈ। 3ਪਰ ਜੇ ਉਸ ਉੱਤੇ ਸੂਰਜ ਚੜ੍ਹ ਜਾਵੇ ਤਾਂ ਉਹ ਦੇ ਲਈ ਖੂਨ ਦਾ ਦੋਸ਼ ਹੋਵੇਗਾ, ਉਹ ਵੱਟਾ ਭਰ ਦੇਵੇ। ਜੇ ਉਹ ਦੇ ਕੋਲ ਕੁਝ ਨਹੀਂ ਹੈਂ ਤਾਂ ਉਹ ਆਪਣੀ ਚੋਰੀ ਦੇ ਕਾਰਨ ਵੇਚਿਆ ਜਾਵੇ। 4ਜੇ ਚੋਰੀ ਦਾ ਮਾਲ ਉਹ ਦੇ ਹੱਥੋਂ ਜਿਉਂਦਾ ਲੱਭ ਜਾਵੇ ਭਾਵੇਂ ਬਲ਼ਦ ਭਾਵੇਂ ਗਧਾ ਭਾਵੇਂ ਭੇਡ ਤਾਂ ਉਹ ਦੁੱਗਣਾ ਵੱਟਾ ਭਰੇ। 5ਜਦ ਕੋਈ ਮਨੁੱਖ ਪੈਲੀ ਜਾਂ ਦਾਖ਼ ਦੇ ਬਾਗ਼ ਨੂੰ ਖਿਲਾ ਦੇਵੇ ਜਾਂ ਆਪਣੇ ਪਸ਼ੂ ਛੱਡੇ ਜੋ ਉਹ ਦੂਜੇ ਦੀ ਪੈਲੀ ਨੂੰ ਖਾ ਜਾਵੇ ਤਾਂ ਆਪਣੇ ਖੇਤ ਦੀ ਬਹੁਤ ਉੱਤਮ ਪੈਦਾਵਾਰ ਤੋਂ ਜਾਂ ਬਾਗ਼ ਦੀ ਬਹੁਤ ਉੱਤਮ ਦਾਖ਼ ਤੋਂ ਵੱਟਾ ਭਰੇ। 6ਜੇ ਕਦੀ ਅੱਗ ਭੱਖ ਉੱਠੇ ਅਤੇ ਕੰਡੇ ਕਾਠ ਨੂੰ ਇਸ ਤਰ੍ਹਾਂ ਜਾ ਲੱਗੇ ਕਿ ਅੰਨ ਦਾ ਖਲਵਾੜਾ ਜਾਂ ਅੰਨ ਦੀ ਖੜੀ ਪੈਲੀ ਜਾਂ ਖੇਤ ਸੜ ਜਾਵੇ ਤਾਂ ਅੱਗ ਦੇ ਲਾਉਣ ਵਾਲਾ ਜ਼ਰੂਰ ਵੱਟਾ ਭਰੇ। 7ਜਦ ਕੋਈ ਮਨੁੱਖ ਆਪਣੇ ਗੁਆਂਢੀ ਨੂੰ ਚਾਂਦੀ ਜਾਂ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੁੱਖ ਦੇ ਘਰੋਂ ਚੁਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੁੱਗਣਾ ਭਰੇ। 8ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਂਈਆਂ#22:8 ਪਰਮੇਸ਼ੁਰ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਲੂਮ ਹੋਵੇ ਕਿ ਉਸ ਨੇ ਆਪਣਾ ਹੱਥ ਆਪਣੇ ਗੁਆਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ। 9ਅਪਰਾਧ ਦੀ ਹਰ ਪਰਕਾਰ ਦੀ ਗੱਲ ਵਿੱਚ ਭਾਵੇਂ ਬਲ਼ਦ ਦੀ ਭਾਵੇਂ ਗਧੇ ਦੀ ਭਾਵੇਂ ਭੇਡ ਦੀ ਭਾਵੇਂ ਚਾਦਰ ਦੀ ਭਾਵੇਂ ਕਿਸੇ ਗਵਾਚੀ ਹੋਈ ਚੀਜ਼ ਦੀ ਜਿਸ ਵਿਖੇ ਕੋਈ ਆਖੇ ਕਿ ਇਹੋ ਹੀ ਹੈ ਤਾਂ ਉਨ੍ਹਾਂ ਦੋਹਾਂ ਦੀ ਗੱਲ ਨਿਆਂਈਆਂ#22:9 ਪਰਮੇਸ਼ੁਰ ਕੋਲ ਆਵੇ ਅਤੇ ਜਿਹ ਨੂੰ ਨਿਆਈਂ ਦੋਸ਼ੀ ਠਹਿਰਾਉਣ ਉਹ ਆਪਣੇ ਗੁਆਂਢੀ ਨੂੰ ਦੁੱਗਣਾ ਭਰ ਦੇਵੇ। 10ਜੇ ਕੋਈ ਮਨੁੱਖ ਆਪਣੇ ਗੁਆਂਢੀ ਨੂੰ ਗਧਾ ਜਾਂ ਬਲ਼ਦ ਜਾਂ ਭੇਡ ਜਾਂ ਕੋਈ ਪਸ਼ੂ ਸਾਂਭਣ ਲਈ ਦੇਵੇ ਅਤੇ ਉਹ ਮਰ ਜਾਵੇ ਜਾਂ ਸੱਟ ਖਾ ਜਾਵੇ ਜਾਂ ਕਿਸੇ ਦੇ ਵੇਖੇ ਬਿਨਾਂ ਕਿਤੇ ਹੱਕਿਆ ਜਾਵੇ 11ਤਾਂ ਉਨ੍ਹਾਂ ਦੋਹਾਂ ਦੇ ਵਿੱਚ ਯਹੋਵਾਹ ਦੀ ਸਹੁੰ ਹੋਵੇਗੀ ਕਿ ਉਸ ਨੇ ਆਪਣੇ ਗੁਆਂਢੀ ਦੇ ਮਾਲ ਨੂੰ ਹੱਥ ਨਹੀਂ ਲਾਇਆ ਅਤੇ ਉਹ ਦਾ ਮਾਲਕ ਸੁਣ ਲਵੇ ਤਾਂ ਉਹ ਵੱਟਾ ਨਾ ਭਰੇ। 12ਜੇ ਉਹ ਸੱਚ-ਮੁੱਚ ਉਸ ਤੋਂ ਚੁਰਾਇਆ ਜਾਵੇ ਤਾਂ ਉਹ ਉਸ ਦੇ ਮਾਲਕ ਨੂੰ ਵੱਟਾ ਭਰੇ। 13ਜੇ ਉਹ ਸੱਚ-ਮੁੱਚ ਪਾੜਿਆ ਜਾਵੇ ਤਾਂ ਉਹ ਉਸ ਨੂੰ ਉਗਾਹੀ ਵਿੱਚ ਲਿਆਵੇ ਅਤੇ ਪਾੜੇ ਹੋਏ ਦਾ ਵੱਟਾ ਨਾ ਭਰੇ। 14ਜਦ ਕੋਈ ਮਨੁੱਖ ਆਪਣੇ ਗੁਆਂਢੀ ਤੋਂ ਕੁਝ ਉਧਾਰ ਲਵੇ ਅਤੇ ਉਹ ਸੱਟ ਖਾ ਜਾਵੇ ਜਾਂ ਮਰ ਜਾਵੇ ਜਦ ਕਿ ਉਹ ਦਾ ਮਾਲਕ ਕੋਲ ਨਹੀਂ ਹੈ ਤਾਂ ਉਹ ਜ਼ਰੂਰ ਵੱਟਾ ਭਰੇ। 15ਜੇ ਉਹ ਦਾ ਮਾਲਕ ਉਹ ਦੇ ਕੋਲ ਹੋਵੇ ਤਾਂ ਉਹ ਵੱਟਾ ਨਾ ਭਰੇ ਜੇ ਉਹ ਭਾੜੇ ਉੱਤੇ ਹੋਵੇ ਤਾਂ ਉਹ ਭਾੜੇ ਵਿੱਚ ਗਿਣਿਆ ਜਾਵੇ।
ਨੈਤਿਕ ਅਤੇ ਧਾਰਮਿਕ ਨਿਯਮ
16ਜਦ ਕੋਈ ਮਨੁੱਖ ਕਿਸੇ ਕੁਆਰੀ ਨੂੰ ਜਿਹ ਦੀ ਕੁੜਮਾਈ ਨਹੀਂ ਹੋਈ ਝਾਂਸਾ ਦੇਵੇ ਅਤੇ ਉਸ ਦੇ ਨਾਲ ਲੇਟੇ ਉਹ ਜ਼ਰੂਰ ਉਸ ਦਾ ਮੁੱਲ ਦੇ ਕੇ ਉਸ ਨੂੰ ਵਿਆਹ ਲਵੇ। 17ਜੇ ਉਸ ਦਾ ਪਿਤਾ ਉਸ ਨੂੰ ਦੇਣ ਤੋਂ ਉੱਕਾ ਹੀ ਇਨਕਾਰੀ ਹੋਵੇ ਤਾਂ ਉਹ ਕੁਆਰੀਆਂ ਦੇ ਮੇਹਰ ਅਨੁਸਾਰ ਚਾਂਦੀ ਤੋਲ ਕੇ ਦੇਵੇ। 18ਤੂੰ ਜਾਦੂਗਰਨੀ ਨੂੰ ਜਿਉਂਦੀ ਨਾ ਛੱਡ। 19ਜੋ ਕੋਈ ਪਸ਼ੂ ਨਾਲ ਕੁਕਰਮ ਕਰੇ ਉਹ ਜ਼ਰੂਰ ਮਾਰਿਆ ਜਾਵੇ। 20ਜਿਹੜਾ ਕੇਵਲ ਯਹੋਵਾਹ ਤੋਂ ਬਿਨਾਂ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆਨਾਸ ਕੀਤਾ ਜਾਵੇ। 21ਤੁਸੀਂ ਪਰਦੇਸੀ ਨੂੰ ਨਾ ਸਤਾਓ ਨਾ ਦੁੱਖ ਦਿਓ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਰਹੇ। 22ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ। 23ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਉਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ 24ਅਤੇ ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਔਰਤਾਂ ਵਿਧਵਾ ਅਤੇ ਤੁਹਾਡੇ ਪੁੱਤਰ ਯਤੀਮ ਹੋ ਜਾਣਗੇ। 25ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ। 26ਜੇ ਤੂੰ ਆਪਣੇ ਗੁਆਂਢੀ ਦੀ ਚਾਦਰ ਗਹਿਣੇ ਰੱਖੇਂ ਤਾਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਉਹ ਨੂੰ ਮੋੜ ਦੇ 27ਕਿਉਂ ਜੋ ਉਹੀ ਉਸ ਦਾ ਓੜ੍ਹਨਾ ਹੈ। ਇਹ ਉਸ ਦੇ ਸਰੀਰ ਲਈ ਚਾਦਰ ਹੈ, ਉਹ ਕਾਹਦੇ ਵਿੱਚ ਲੰਮਾ ਪਵੇਗਾ? ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਮੇਰੇ ਅੱਗੇ ਦੁਹਾਈ ਦੇਵੇਗਾ ਤਾਂ ਮੈਂ ਸੁਣਾਂਗਾ ਕਿਉਂ ਜੋ ਮੈਂ ਕਿਰਪਾਲੂ ਹਾਂ। 28ਤੂੰ ਪਰਮੇਸ਼ੁਰ ਨੂੰ ਨਾ ਕੋਸ ਅਤੇ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਫਿਟਕਾਰ ਨਾ ਦੇ। 29ਆਪਣੇ ਖਲਵਾੜੇ ਅਤੇ ਆਪਣੇ ਕੋਹਲੂ ਦੇ ਰਸ ਦੇ ਚੜ੍ਹਾਉਣ ਲਈ ਢਿੱਲ ਨਾ ਕਰ। ਤੂੰ ਆਪਣੇ ਪੁੱਤਰਾਂ ਵਿੱਚੋਂ ਪਹਿਲੌਠਾ ਮੈਨੂੰ ਦੇ। 30ਇਸ ਤਰ੍ਹਾਂ ਤੂੰ ਆਪਣੇ ਬਲ਼ਦ ਅਤੇ ਆਪਣੀ ਭੇਡ ਨਾਲ ਕਰ ਕਿ ਸੱਤ ਦਿਨ ਉਹ ਆਪਣੀ ਮਾਂ ਨਾਲ ਰਹੇ ਪਰ ਅੱਠਵੇਂ ਦਿਨ ਉਹ ਤੂੰ ਮੈਨੂੰ ਦੇ। 31ਤੁਸੀਂ ਮੇਰੇ ਲਈ ਪਵਿੱਤਰ ਮਨੁੱਖ ਹੋਵੋ ਇਸ ਲਈ ਦਰਿੰਦਿਆਂ ਤੋਂ ਪਾੜਿਆ ਹੋਇਆ ਮਾਸ ਨਾ ਖਾਓ। ਤੁਸੀਂ ਉਹ ਨੂੰ ਕੁੱਤਿਆਂ ਅੱਗੇ ਸੁੱਟ ਦਿਓ।
S'ha seleccionat:
ਕੂਚ 22: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.