ਮੱਤੀ 1

1
ਯਿਸੂ ਦੀ ਵੰਸ਼ਾਵਲੀ
ਲੂਕਾ 2:23-38
1ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ। 2ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ। 3ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ। 4ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ। 5ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ। 6ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ। 7ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ। 8ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ। 9ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ। 10ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ। 11ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ।
12ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ। 13ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ। 14ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ। 15ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ। 16ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ। ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ।
17ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ।
ਯਿਸੂ ਦਾ ਜਨਮ
ਲੂਕਾ 1:26-38; 2:1-7
18ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। 19ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ। 20ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ। 21ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ। 22ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ, 23ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”। 24ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ। 25ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ।

Kleurmerk

Deel

Kopieer

None

Wil jy jou kleurmerke oor al jou toestelle gestoor hê? Teken in of teken aan