ਮੱਤੀਯਾਹ 13

13
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
1ਉਸੇ ਦਿਨ ਯਿਸ਼ੂ ਘਰੋਂ ਨਿਕਲ ਕੇ ਝੀਲ ਦੇ ਕਿਨਾਰੇ ਜਾ ਕੇ ਬੈਠ ਗਏ। 2ਅਤੇ ਬਹੁਤ ਵੱਡੀ ਭੀੜ ਉਸਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਉਹ ਕਿਸ਼ਤੀ ਉੱਤੇ ਚੜ੍ਹ ਕੇ ਬੈਠ ਗਿਆ ਅਤੇ ਲੋਕ ਕੰਢੇ ਉੱਤੇ ਹੀ ਖੜ੍ਹੇ ਰਹੇ। 3ਤਾਂ ਉਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਦੱਸੀਆਂ: “ਸੁਣੋ! ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ 4ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆ। 5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਜਿੱਥੇ ਉਸ ਨੂੰ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਾਰਨ ਉਹ ਛੇਤੀ ਹੀ ਉੱਗ ਪਿਆ। 6ਪਰ ਜਦੋਂ ਸੂਰਜ ਚੜਿਆ, ਤਾਂ ਉਹ ਪੌਦਾ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ। 7ਅਤੇ ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। 8ਅਤੇ ਕੁਝ ਬੀਜ ਚੰਗੀ ਜ਼ਮੀਨ ਤੇ ਡਿੱਗਿਆ ਅਤੇ ਫ਼ਲ ਲਿਆਇਆ, ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ। 9ਜਿਸ ਦੇ ਕੰਨ ਹੋਣ ਉਹ ਸੁਣੇ ਲਵੇ।”
10ਚੇਲਿਆਂ ਨੇ ਨੇੜੇ ਜਾ ਕੇ ਉਸ ਤੋਂ ਪੁੱਛਿਆ, “ਤੁਸੀਂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦੇ ਹੋ?”
11ਉਸ ਨੇ ਉੱਤਰ ਦਿੱਤਾ, “ਕਿਉਂਕਿ ਸਵਰਗ ਦੇ ਰਾਜ ਦੇ ਭੇਤਾਂ ਦਾ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਉਹਨਾਂ ਨੂੰ ਨਹੀਂ। 12ਕਿਉਂਕਿ ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ, ਤਾਂ ਕਿ ਉਸਦੇ ਕੋਲ ਬਹੁਤ ਜ਼ਿਆਦਾ ਹੋਵੇ। ਪਰ ਜਿਸ ਦੇ ਕੋਲ ਨਹੀਂ ਹੈ, ਉਸ ਕੋਲੋ ਜੋ ਕੁਝ ਵੀ ਹੈ ਵਾਪਸ ਲੈ ਲਿਆ ਜਾਵੇਗਾ। 13ਇਸ ਲਈ ਮੈਂ ਉਹਨਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦਾ ਹਾਂ:
“ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ;
ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।
14ਉਹਨਾਂ ਉੱਤੇ ਯਸ਼ਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ:
“ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ;
ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।
15ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ,
ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ,
ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ,
ਅਤੇ ਆਪਣੇ ਕੰਨਾਂ ਨਾਲ ਸੁਣਦੇ,
ਉਹ ਦਿਲ ਨਾਲ ਸਮਝਦੇ,
ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।#13:15 ਯਸ਼ਾ 6:9,10 (ਸੈਪਟੁਜਿੰਟ ਦੇਖੋ)
16ਪਰ ਮੁਬਾਰਕ ਹਨ ਤੁਹਾਡੀਆਂ ਅੱਖਾਂ ਕਿਉਂ ਜੋ ਇਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਇਹ ਸੁਣਦੇ ਹਨ। 17ਇਸ ਲਈ ਮੈਂ ਤੁਹਾਨੂੰ ਸੱਚ ਆਖਦਾ ਹਾਂ, ਬਹੁਤ ਸਾਰੇ ਨਬੀ ਅਤੇ ਧਰਮੀ ਲੋਕ ਚਾਹੁੰਦੇ ਸਨ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।
18“ਹੁਣ ਬੀਜ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਮਤਲਬ ਸਮਝੋ: 19ਜਦੋਂ ਕੋਈ ਵੀ ਰਾਜ ਦੇ ਵਚਨ ਬਾਰੇ ਸੁਣਦਾ ਹੈ ਪਰ ਨਹੀਂ ਸਮਝਦਾ, ਤਾਂ ਸ਼ੈਤਾਨ ਆ ਕੇ ਜੋ ਕੁਝ ਵੀ ਉਸਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ, ਇਹ ਉਹ ਬੀਜ ਹੈ ਜਿਹੜਾ ਰਾਹ ਦੇ ਕੰਢੇ ਵੱਲ ਡਿੱਗਿਆ ਸੀ। 20ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦਾ ਹੈ। 21ਪਰ ਕਿਉਂਕਿ ਇਸ ਦੀਆਂਂ ਜੜ੍ਹਾਂ ਨਹੀਂ ਹਨ, ਉਹ ਥੋੜ੍ਹੇ ਸਮੇਂ ਲਈ ਰਹਿੰਦਾ ਹੈ, ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ। 22ਅਤੇ ਜਿਹੜਾ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਉਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਵਚਨ ਸੁਣਦੇ ਹਨ, ਪਰ ਇਸ ਸੰਸਾਰ ਦੀਆਂਂ ਚਿੰਤਾਵਾਂ ਅਤੇ ਧਨ-ਦੌਲਤ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫ਼ਲ ਨਹੀਂ ਦਿੰਦਾ। 23ਪਰ ਜਿਹੜਾ ਬੀਜ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਉਹ ਇਸ ਨੂੰ ਦਰਸਾਉਂਦਾ ਹੈ ਕਿ ਜੋ ਵਚਨ ਸੁਣਦਾ ਅਤੇ ਸਮਝਦਾ ਹੈ, ਉਹ ਜ਼ਰੂਰ ਫ਼ਲ ਦਿੰਦਾ ਹੈ ਅਤੇ ਕੋਈ ਸੌ ਗੁਣਾ, ਕੋਈ ਸੱਠ ਗੁਣਾ, ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”
ਜੰਗਲੀ ਬੂਟੀ ਦਾ ਦ੍ਰਿਸ਼ਟਾਂਤ
24ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25ਪਰ ਜਦੋਂ ਸਾਰੇ ਸੌਂ ਰਹੇ ਸਨ ਤਦ ਦੁਸ਼ਮਣ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। 26ਜਦੋਂ ਕਣਕ ਉੱਗ ਪਈ ਅਤੇ ਸਿੱਟੇ ਲੱਗੇ, ਤਦ ਜੰਗਲੀ ਬੂਟੀ ਵੀ ਦਿੱਸਣ ਲੱਗ ਪਈ।
27“ਤਾਂ ਨੌਕਰਾਂ ਨੇ ਮਾਲਕ ਨੂੰ ਆ ਕੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ?’
28“ ‘ਉਸਨੇ ਉੱਤਰ ਦਿੱਤਾ,’ ਇਹ ਕਿਸੇ ਦੁਸ਼ਮਣ ਦਾ ਕੰਮ ਹੈ।
“ਤਾਂ ਨੌਕਰਾਂ ਨੇ ਪੁੱਛਿਆ, ‘ਅਗਰ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਇਸ ਨੂੰ ਪੁੱਟ ਦੇਈਏ?’
29“ਉਸਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟਣ ਦੇ ਸਮੇਂ ਕਣਕ ਨੂੰ ਵੀ ਨਾਲ ਹੀ ਪੁੱਟ ਦਿਓ। 30ਵਾਢੀ ਤੱਕ ਦੋਵੇਂ ਇਕੱਠੇ ਹੀ ਵਧਣ ਦਿਓ। ਉਸ ਸਮੇਂ ਮੈਂ ਵੱਢਣ ਵਾਲਿਆਂ ਨੂੰ ਕਹਾਂਗਾ: ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਉਨ੍ਹਾਂ ਨੂੰ ਸਾੜੇ ਜਾਣ ਵਾਲੇ ਗਠੜਿਆਂ ਵਿੱਚ ਬੰਨ੍ਹੋ; ਫਿਰ ਕਣਕ ਨੂੰ ਇਕੱਠਾ ਕਰੋ ਅਤੇ ਇਸ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ।’ ”
ਸਰੋਂ ਦੇ ਬੀਜ ਦਾ ਦ੍ਰਿਸ਼ਟਾਂਤ
31ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ: “ਸਵਰਗ ਦਾ ਰਾਜ ਇੱਕ ਰਾਈ ਦੇ ਬੀਜ ਵਰਗਾ ਹੈ, ਜਿਸਨੂੰ ਕਿਸੇ ਆਦਮੀ ਨੇ ਲਿਆ ਅਤੇ ਆਪਣੇ ਖੇਤ ਵਿੱਚ ਬੀਜਿਆ। 32ਭਾਵੇਂ ਉਹ ਸਾਰੇ ਬੀਜਾਂ ਵਿੱਚੋਂ ਸਭ ਤੋਂ ਛੋਟਾ ਹੈ, ਪਰ ਜਦੋਂ ਉੱਗਦਾ ਹੈ ਤਾਂ ਬਾਗ਼ ਦੇ ਸਾਰੇ ਪੌਦਿਆਂ ਨਾਲੋਂ ਸਭ ਤੋਂ ਵੱਡਾ ਬਣ ਜਾਂਦਾ ਹੈ ਅਤੇ ਇੱਕ ਰੁੱਖ ਬਣ ਜਾਂਦਾ ਅਤੇ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਹਨ।”
33ਯਿਸ਼ੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ: “ਸਵਰਗ ਦਾ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਸਤਾਈ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰ ਹੋ ਗਿਆ।”
34ਇਹ ਸਾਰੀਆਂ ਗੱਲਾਂ ਯਿਸ਼ੂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਸੁਣਾਉਦੇ ਸਨ; ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਹਨਾਂ ਨੂੰ ਕੁਝ ਨਹੀਂ ਬੋਲਦੇ ਸਨ। 35ਤਾਂ ਜਿਹੜਾ ਵਚਨ ਨਬੀਆਂ ਦੁਆਰਾ ਬੋਲਿਆ ਗਿਆ ਸੀ ਉਹ ਪੂਰਾ ਹੋਵੇ:
“ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ,
ਮੈਂ ਉਹਨਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਸ੍ਰਿਸ਼ਟੀ ਦੇ ਸ਼ੁਰੂਆਤ ਤੋਂ ਗੁਪਤ ਰਹੀਆ ਹਨ।”#13:35 ਜ਼ਬੂ 78:2
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦੀ ਵਿਆਖਿਆ
36ਫਿਰ ਭੀੜ ਨੂੰ ਛੱਡ ਕੇ ਉਹ ਘਰ ਵਿੱਚ ਆਇਆ ਅਤੇ ਉਸਦੇ ਚੇਲਿਆਂ ਨੇ ਕੋਲ ਆ ਕੇ ਕਿਹਾ, “ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾਓ।”
37ਉਸਨੇ ਉੱਤਰ ਦਿੱਤਾ, “ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ। 38ਖੇਤ ਸੰਸਾਰ ਹੈ ਅਤੇ ਚੰਗੇ ਬੀਜ ਰਾਜ ਦੇ ਲੋਕ ਹਨ। ਜੰਗਲੀ ਬੂਟੀ ਦੁਸ਼ਟ ਲੋਕ ਹਨ, 39ਅਤੇ ਉਹ ਜਿਸ ਦੁਸ਼ਮਣ ਨੇ ਉਸਨੂੰ ਬੀਜਿਆ, ਉਹ ਦੁਸ਼ਟ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ।
40“ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਸੁੱਟ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਇਸ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। 41ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ ਅਤੇ ਉਹ ਉਸਦੇ ਰਾਜ ਵਿੱਚੋਂ ਹਰ ਚੀਜ਼ ਬਾਹਰ ਕੱਢ ਦੇਣਗੇ ਜੋ ਪਾਪ ਕਰਨ ਅਤੇ ਬੁਰਿਆਈ ਕਰਨ ਦਾ ਕਾਰਨ ਹੈ। 42ਅਤੇ ਉਹਨਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ, ਉੱਥੇ ਰੌਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ। 43ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਸ ਦੇ ਕੰਨ ਹਨ ਉਹ ਸੁਣੇ।”
ਗੁਪਤ ਖਜ਼ਾਨੇ ਦਾ ਦ੍ਰਿਸ਼ਟਾਂਤ
44“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ। ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
45“ਫੇਰ, ਸਵਰਗ ਦਾ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ। 46ਜਦ ਉਸਨੂੰ ਇੱਕ ਮੋਤੀ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸਨੂੰ ਖਰੀਦ ਲਿਆਂ।
ਜਾਲ ਦਾ ਦ੍ਰਿਸ਼ਟਾਂਤ
47“ਇੱਕ ਵਾਰ ਫਿਰ, ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ। 48ਜਦੋਂ ਉਹ ਭਰ ਗਿਆ ਤਾਂ ਮਛੇਰਿਆ ਨੇ ਉਸਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ। 49ਸੋ ਇਸੇ ਤਰ੍ਹਾਂ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ ਸਵਰਗਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰਨਗੇ। 50ਅਤੇ ਉਹਨਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ, ਉੱਥੇ ਰੌਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।”
51ਯਿਸ਼ੂ ਨੇ ਪੁੱਛਿਆ, “ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ?”
ਉਹਨਾਂ ਨੇ ਜਵਾਬ ਦਿੱਤਾ, “ਜੀ ਹਾਂ।”
52ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਸ ਲਈ ਹਰ ਇੱਕ ਨੇਮ ਦਾ ਉਪਦੇਸ਼ਕ ਜਿਹੜਾ ਸਵਰਗ ਰਾਜ ਵਿੱਚ ਇੱਕ ਚੇਲਾ ਬਣ ਗਿਆ ਹੈ, ਉਹ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।”
ਨਾਜ਼ਰੇਥ ਵਿੱਚ ਯਿਸ਼ੂ ਦਾ ਨਿਰਾਦਰ
53ਜਦੋਂ ਯਿਸ਼ੂ ਨੇ ਇਨ੍ਹਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ। 54ਅਤੇ ਆਪਣੇ ਜੱਦੀ ਸ਼ਹਿਰ ਨਾਜ਼ਰੇਥ ਵੱਲ ਚੱਲ ਪਿਆ, ਉਸਨੇ ਉਹਨਾਂ ਦੇ ਪ੍ਰਾਰਥਨਾ ਸਥਾਨ ਵਿੱਚ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਹੈਰਾਨ ਹੋ ਕੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਕਿ ਇਸ ਆਦਮੀ ਨੂੰ ਇਹ ਬੁੱਧ ਅਤੇ ਇਹ ਚਮਤਕਾਰੀ ਸ਼ਕਤੀ ਕਿੱਥੋਂ ਮਿਲੀ? 55ਕੀ ਇਹ ਤਰਖਾਣ ਦਾ ਪੁੱਤਰ ਨਹੀਂ? ਅਤੇ ਇਸਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਹ ਦੇ ਭਰਾ ਯਾਕੋਬ, ਯੋਸੇਫ਼ ਸ਼ਿਮਓਨ ਤੇ ਯਹੂਦਾਹ ਨਹੀਂ ਹਨ? 56ਅਤੇ ਉਸ ਦੀਆਂਂ ਸਾਰੀਆਂ ਭੈਣਾਂ ਸਾਡੇ ਨਾਲ ਨਹੀਂ ਹਨ? ਫਿਰ ਉਸਨੂੰ ਇਹ ਸਭ ਕੁਝ ਕਿੱਥੋਂ ਮਿਲਿਆ?” 57ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਧੀ।
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।”
58ਅਤੇ ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਦੀ ਘਾਟ ਦੇ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ।

Àwon tá yàn lọ́wọ́lọ́wọ́ báyìí:

ਮੱਤੀਯਾਹ 13: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀

Àwọn fídíò fún ਮੱਤੀਯਾਹ 13