1 ਕੁਰਿੰਥੀਆਂ 11

11
1ਤੁਸੀਂ ਮੇਰੀ ਰੀਸ ਕਰੋ, ਜਿਸ ਤਰ੍ਹਾਂ ਮੈਂ ਮਸੀਹ ਦੀ ਰੀਸ ਕਰਦਾ ਹਾਂ।
ਅਰਾਧਨਾ ਵਿੱਚ ਸਿਰ ਢੱਕਣਾ
2ਮੈਨੂੰ ਹਰ ਇੱਕ ਚੀਜ਼ ਵਿੱਚ ਯਾਦ ਰੱਖਣ ਲਈ ਮੈਂ ਤੁਹਾਡੀ ਹਰ ਗੱਲ ਵਿੱਚ ਪ੍ਰਸ਼ੰਸਾ ਕਰਦਾ ਹਾਂ ਅਤੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਤੁਸੀਂ ਮਜ਼ਬੂਤੀ ਨਾਲ ਉਸ ਨੂੰ ਫੜ੍ਹੀ ਰੱਖਿਆ। 3ਪਰ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਹਰ ਮਨੁੱਖ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ#11:3 ਔਰਤ ਦਾ ਸਿਰ ਆਦਮੀ ਹੈ ਅਰਥਾਤ ਉਸਦਾ ਪਤੀ ਅਤੇ ਮਸੀਹ ਦਾ ਸਿਰ ਪਰਮੇਸ਼ਵਰ ਹੈ। 4ਹਰ ਇੱਕ ਆਦਮੀ ਜਿਹੜਾ ਸਿਰ#11:4 ਸਿਰ ਅਰਥਾਤ ਮਸੀਹ ਢੱਕ ਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ। 5ਪਰ ਹਰ ਇੱਕ ਔਰਤ ਜੋ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ, ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਆਪਣੇ ਸਿਰ ਦੇ ਵਾਲ ਕਟਵਾ ਲਏ ਹੋਣ। 6ਕਿਉਂਕਿ ਜੇ ਔਰਤ ਸਿਰ ਨਾ ਢੱਕੇ, ਤਾਂ ਆਪਣੇ ਵਾਲ ਕਟਵਾ ਲਵੇ; ਜੇ ਔਰਤ ਨੂੰ ਵਾਲ ਕਟਵਾਉਣ ਵਿੱਚ ਸ਼ਰਮ ਆਉਂਦੀ ਹੈ ਤਾਂ ਸਿਰ ਢੱਕ ਲਵੇ।
7ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂਕਿ ਉਹ ਪਰਮੇਸ਼ਵਰ ਦਾ ਸਰੂਪ ਅਤੇ ਮਹਿਮਾ ਹੈ; ਪਰ ਔਰਤ ਆਦਮੀ ਦੀ ਮਹਿਮਾ ਦਰਸਾਉਂਦੀ ਹੈ।#11:7 1 ਕੁਰਿੰ 11:3 8ਕਿਉਂਕਿ ਆਦਮੀ ਔਰਤ ਤੋਂ ਨਹੀਂ ਪਰ ਔਰਤ ਆਦਮੀ ਤੋਂ ਹੋਈ ਹੈ।#11:8 ਉਤ 2:21-23 9ਅਤੇ ਨਾ ਹੀ ਆਦਮੀ ਔਰਤ ਲਈ ਉਤਪਤ ਹੋਇਆ ਪਰ ਔਰਤ ਆਦਮੀ ਦੇ ਲਈ ਉਤਪਤ ਹੋਈ।#11:9 ਉਤ 2:18 10ਇਸੇ ਕਾਰਨ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਰੱਖੇ। 11ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਨਾ ਆਦਮੀ ਔਰਤ ਤੋਂ ਅਲੱਗ ਹੈ। 12ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ ਉਸੇ ਪ੍ਰਕਾਰ ਆਦਮੀ ਔਰਤ ਰਾਹੀ ਹੈ, ਪਰ ਸਭ ਕੁਝ ਪਰਮੇਸ਼ਵਰ ਤੋਂ ਹੈ।
13ਤੁਸੀਂ ਆਪ ਹੀ ਫ਼ੈਸਲਾ ਕਰੋ: ਕੀ ਇਹ ਚੰਗਾ ਲੱਗਦਾ ਹੈ ਜੋ ਔਰਤ ਬਿਨ੍ਹਾਂ ਸਿਰ ਢੱਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੇ। 14ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਆਦਮੀ ਦੇ ਸਿਰ ਦੇ ਵਾਲ ਲੰਮੇ ਹਨ, ਤਾਂ ਇਹ ਉਸ ਦੇ ਲਈ ਨਿਰਾਦਰ ਹੈ? 15ਪਰ ਜੇ ਔਰਤ ਦੇ ਵਾਲ ਲੰਮੇ ਹਨ, ਤਾਂ ਉਸ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ ਉਸ ਨੂੰ ਪੜਦੇ ਦੇ ਲਈ ਦਿੱਤੇ ਗਏ ਹਨ। 16ਜੇ ਕੋਈ ਇਸ ਵਿਸ਼ੇ ਬਾਰੇ ਵਿਵਾਦ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਕੋਲ ਹੋਰ ਕੋਈ ਰੀਤੀ ਰਿਵਾਜ ਨਹੀਂ ਹੈ ਅਤੇ ਨਾ ਹੀ ਪਰਮੇਸ਼ਵਰ ਦੀਆਂ ਕਲੀਸਿਆਵਾਂ ਦਾ।
ਪ੍ਰਭੂ ਭੋਜ ਦੇ ਸੰਬੰਧੀ ਨਿਰਦੇਸ਼
17ਹੁਣ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ। 18ਸਭ ਤੋਂ ਪਹਿਲਾਂ ਤਾਂ ਇਹ ਹੈ: ਮੈਂ ਸੁਣਿਆ ਸੀ ਕਿ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਦਾ ਹੁੰਦੇ ਹਨ ਅਤੇ ਮੈਂ ਇਸ ਨੂੰ ਥੋੜ੍ਹਾ ਬਹੁਤਾ ਸੱਚ ਵੀ ਮੰਨਦਾ ਹਾਂ। 19ਹਾਂ ਇਹ ਸੱਚ ਹੈ ਕਿ ਤੁਹਾਡੇ ਵਿੱਚ ਫੁੱਟ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਪਰਮੇਸ਼ਵਰ ਦੁਆਰਾ ਚੁਣੇ ਗਏ ਹਨ ਪ੍ਰਕਾਸ਼ ਹੋ ਜਾਣ। 20ਇਸ ਲਈ, ਜਦੋਂ ਤੁਸੀਂ ਇੱਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ। 21ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ। 22ਕੀ ਖਾਣ-ਪੀਣ ਨੂੰ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਹੋ? ਅਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਕਿਹਾ? ਕੀ ਇਸ ਵਿੱਚ ਮੈਂ ਤੁਹਾਡੀ ਵਡਿਆਈ ਕਰਾਂ? ਬਿਲਕੁਲ ਨਹੀਂ!
23ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ: ਜਿਸ ਰਾਤ ਪ੍ਰਭੂ ਯਿਸ਼ੂ ਨੂੰ ਫੜਵਾਇਆ ਗਿਆ ਸੀ, ਉਸ ਨੇ ਰੋਟੀ ਲਈ, 24ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।” 25ਇਸੇ ਤਰ੍ਹਾਂ, ਭੋਜਨ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ; ਜਦੋਂ ਵੀ ਕਦੇ ਤੁਸੀਂ ਇਹ ਪੀਓ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” 26ਕਿਉਂਕਿ ਜਦ ਕਦੇ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਪਿਆਲਾ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ।
27ਇਸ ਕਰਕੇ, ਜੇ ਕੋਈ ਬਿਨ੍ਹਾਂ ਯੋਗਤਾ ਦੇ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। 28ਹਰ ਕੋਈ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। 29ਉਹਨਾਂ ਲਈ ਜਿਹੜੇ ਖਾਂਦੇ ਅਤੇ ਪੀਂਦੇ ਹਨ ਜੇ ਉਹ ਸਰੀਰ ਦੀ ਜਾਂਚ ਨਹੀਂ ਕਰਦੇ ਤਾਂ ਆਪਣੇ ਉੱਤੇ ਪਰਮੇਸ਼ਵਰ ਦੀ ਸਜ਼ਾ ਲਾ ਕੇ ਖਾਂਦੇ ਅਤੇ ਪੀਂਦੇ ਹਨ। 30ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮੌਤ ਵਿੱਚ ਸੁੱਤੇ ਪਏ ਹਨ। 31ਪਰ ਜੇ ਅਸੀਂ ਆਪਣੇ ਆਪ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਤਾਂ ਅਸੀਂ ਅਜਿਹੇ ਪਰਮੇਸ਼ਵਰ ਦੇ ਨਿਆਂ ਦੇ ਅਧੀਨ ਨਾ ਆਉਂਦੇ। 32ਇਸ ਦੇ ਬਾਵਜੂਦ, ਜਦੋਂ ਪ੍ਰਭੂ ਦੁਆਰਾ ਸਾਡੇ ਨਾਲ ਇਸ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ, ਤਾਂ ਸਾਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ ਤਾਂ ਜੋ ਅੰਤ ਵਿੱਚ ਸੰਸਾਰ ਨਾਲ ਅਸੀਂ ਦੋਸ਼ੀ ਨਾ ਠਹਿਰਾਏ ਜਾਈਏ।
33ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਸਰੇ ਦੀ ਉਡੀਕ ਕਰੋ। 34ਅਗਰ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ, ਤਾਂ ਜੋ ਤੁਸੀਂ ਇਕੱਠੇ ਹੋਣ ਤੋਂ ਦੋਸ਼ੀ ਨਾ ਠਹਿਰਾਏ ਜਾਓ।
ਅਤੇ ਰਹਿੰਦੀਆਂ ਗੱਲਾਂ ਦਾ ਜਦੋਂ ਮੈਂ ਆਵਾਂਗਾ ਤਦ ਨਿਰਦੇਸ਼ ਦੇਵਾਂਗਾ।

Àwon tá yàn lọ́wọ́lọ́wọ́ báyìí:

1 ਕੁਰਿੰਥੀਆਂ 11: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀