12
ਆਤਮਿਕ ਦਾਤਾਂ
1ਹੇ ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਤਾਂ ਤੋਂ ਅਣਜਾਣ ਰਹੋ। 2ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਮਸੀਹ ਵਿੱਚ ਅਵਿਸ਼ਵਾਸੀ ਸੀ ਤਦ ਗੂੰਗੀਆਂ ਮੂਰਤੀਆਂ ਦੇ ਪਿੱਛੇ ਤੁਹਾਨੂੰ ਕੁਰਾਹੇ ਪਾ ਦਿੱਤਾ ਜਾਂਦਾ ਸੀ। 3ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਪਰਮੇਸ਼ਵਰ ਦੇ ਆਤਮਾ ਦੇ ਰਾਹੀ ਇਹ ਬੋਲ ਕੇ ਨਹੀਂ ਆਖ ਸਕਦਾ ਕਿ, “ਯਿਸ਼ੂ ਸਰਾਪਤ ਹੈ,” ਅਤੇ ਕੋਈ ਨਹੀਂ ਕਹਿ ਸਕਦਾ, “ਯਿਸ਼ੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀ।
4ਆਤਮਿਕ ਵਰਦਾਨ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਦਾ ਆਤਮਾ#12:4 ਆਤਮਾ ਪਰਮੇਸ਼ਵਰ ਦਾ ਆਤਮਾ ਇੱਕੋ ਹੈ। 5ਸੇਵਾ ਕਈ ਪ੍ਰਕਾਰ ਦੀਆਂ ਹਨ, ਪਰ ਪ੍ਰਭੂ ਇੱਕ ਹੈ। 6ਅਤੇ ਕੰਮ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਇੱਕੋ ਹੈ ਜੋ ਇਹਨਾਂ ਸਭਨਾਂ ਵਿੱਚ ਕੰਮ ਕਰਦਾ ਹੈ।
7ਪਰ ਪਰਮੇਸ਼ਵਰ ਦੇ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਭਲੇ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ। 8ਇੱਕ ਨੂੰ ਤਾਂ ਪਰਮੇਸ਼ਵਰ ਦੇ ਆਤਮਾ ਰਾਹੀ ਬੁੱਧ ਦੀ ਗੱਲ ਪ੍ਰਾਪਤ ਹੁੰਦੀ ਹੈ, ਅਤੇ ਦੂਸਰੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਗਿਆਨ ਨਾਲ ਭਰਿਆ ਸੰਦੇਸ਼ ਪ੍ਰਾਪਤ ਹੁੰਦਾ ਹੈ। 9ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ, 10ਕਿਸੇ ਨੂੰ ਚਮਤਕਾਰ ਕਰਨ ਦੀ ਸ਼ਕਤੀ, ਕਿਸੇ ਨੂੰ ਭਵਿੱਖਬਾਣੀ ਕਰਨ ਦੀ, ਕਿਸੇ ਨੂੰ ਆਤਮਾ ਪਰਖਣ ਦੀ, ਕਿਸੇ ਨੂੰ ਗ਼ੈਰ-ਭਾਸ਼ਾ ਬੋਲਣ ਅਤੇ ਹੋਰ ਕਿਸੇ ਨੂੰ ਗ਼ੈਰ-ਭਾਸ਼ਾ ਦਾ ਅਨੁਵਾਦ ਕਰਨ ਦੀ। 11ਇਹ ਸਾਰੇ ਵਰਦਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਮਿਲਦੇ ਹਨ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
ਇੱਕ ਸਰੀਰ ਅੰਗ ਅਲੱਗ-ਅਲੱਗ
12ਜਿਵੇਂ ਕਿ ਸਰੀਰ ਇੱਕ ਹੈ, ਅਤੇ ਇਸ ਦੇ ਅੰਗ ਬਹੁਤ ਹਨ, ਭਾਵੇਂ ਬਹੁਤ ਅੰਗ ਹਨ ਪਰ ਮਿਲ ਕੇ ਇੱਕ ਸਰੀਰ ਹੀ ਹੈ, ਇਸੇ ਤਰ੍ਹਾਂ ਮਸੀਹ ਵੀ ਹੈ। 13ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ। 14ਇਸੇ ਤਰ੍ਹਾਂ ਸਰੀਰ ਇੱਕ ਅੰਗ ਨਹੀਂ, ਸਗੋਂ ਅਨੇਕ ਅੰਗ ਹਨ।
15ਜੇ ਪੈਰ ਆਖੇ, “ਕਿ ਮੈਂ ਹੱਥ ਨਹੀਂ ਇਸ ਲਈ ਮੈਂ ਸਰੀਰ ਦਾ ਨਹੀਂ ਹਾਂ,” ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ? 16ਅਗਰ ਕੰਨ ਇਹ ਆਖੇ, “ਮੈਂ ਅੱਖ ਨਹੀਂ ਹਾਂ, ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ,” ਤਾਂ ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ? 17ਅਗਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿਸ ਨਾਲ ਸੀ? ਅਗਰ ਸਾਰਾ ਸਰੀਰ ਕੰਨ ਹੀ ਹੁੰਦਾ, ਤਾਂ ਸੁੰਘਣਾ ਕਿਸ ਤਰ੍ਹਾਂ ਸੀ। 18ਪਰ ਹੁਣ ਪਰਮੇਸ਼ਵਰ ਜਿਸ ਪ੍ਰਕਾਰ ਉਸ ਨੂੰ ਚੰਗਾ ਲੱਗਦਾ ਸੀ, ਅੰਗਾਂ ਨੂੰ ਸਰੀਰ ਵਿੱਚ ਇੱਕ-ਇੱਕ ਕਰਕੇ ਨਿਯੁਕਤ ਕੀਤਾ। 19ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ? 20ਜਿਸ ਤਰ੍ਹਾਂ ਅੰਗ ਬਹੁਤ ਹਨ, ਪਰ ਸਰੀਰ ਇੱਕ ਹੀ ਹੈ।
21ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਕਿ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!” ਅਤੇ ਹੱਥ ਪੈਰ ਨੂੰ ਨਹੀਂ ਕਹਿ ਸਕਦਾ, “ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!” 22ਇਸੇ ਤਰ੍ਹਾਂ ਸਰੀਰ ਦੇ ਉਹ ਅੰਗ ਜਿਹੜੇ ਦੂਸਰਿਆ ਅੰਗਾਂ ਨਾਲੋਂ ਕਮਜ਼ੋਰ ਦਿਸਦੇ ਹਨ, ਉਹ ਵੀ ਬਹੁਤ ਜ਼ਰੂਰੀ ਹਨ। 23ਅਤੇ ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਬਹੁਤ ਜ਼ਿਆਦਾ ਮਹੱਤਵਪੂਰਨ ਨਹੀਂ ਸਮਝਦੇ ਹਾਂ, ਉਹਨਾਂ ਨਾਲ ਹੀ ਅਸੀਂ ਵਧੇਰੇ ਧਿਆਨ ਨਾਲ ਪੇਸ਼ ਆਉਂਦੇ ਹਾਂ। ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ। 24ਜਦੋਂ ਕਿ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰ ਜਿਨ੍ਹਾਂ ਅੰਗਾਂ ਨੂੰ ਕੁਝ ਘਾਟ ਸੀ, ਉਹਨਾਂ ਨੂੰ ਪਰਮੇਸ਼ਵਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ। 25ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਪਵੇ, ਸਗੋਂ ਇੱਕ ਦੂਸਰੇ ਲਈ ਇੱਕ ਸਮਾਨ ਚਿੰਤਾ ਕਰਨ। 26ਇਸ ਲਈ ਇੱਕ ਅੰਗ ਦੁਖੀ ਹੋਵੇ, ਤਾਂ ਸਾਰੇ ਅੰਗ ਉਸ ਨਾਲ ਦੁਖੀ ਹੁੰਦੇ ਹਨ; ਜੇ ਇੱਕ ਅੰਗ ਦਾ ਆਦਰ ਹੁੰਦਾ ਹੈ ਤਾਂ ਸਾਰੇ ਉਸ ਨਾਲ ਖੁਸ਼ੀ ਮਨਾਉਂਦੇ ਹਨ।
27ਹੁਣ ਤੁਸੀਂ ਮਸੀਹ ਦੇ ਸਰੀਰ ਹੋ, ਅਤੇ ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ। 28ਕਲੀਸਿਆ ਵਿੱਚ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਰਸੂਲਾਂ ਨੂੰ, ਦੂਸਰਾ ਨਬੀਆਂ ਨੂੰ, ਤੀਸਰਾ ਉਪਦੇਸ਼ਕਾ ਨੂੰ, ਫਿਰ ਕਰਾਮਾਤਾਂ ਕਰਨ ਵਾਲਿਆਂ ਨੂੰ, ਫਿਰ ਉਹਨਾਂ ਨੂੰ ਜਿਨ੍ਹਾਂ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ, ਭਲਾ ਕਰਨ ਵਾਲਿਆਂ ਨੂੰ, ਹਾਕਮਾ ਨੂੰ, ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ਨਿਯੁਕਤ ਕੀਤਾ ਹੈ। 29ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਕਰਾਮਾਤਾਂ ਕਰਨ ਵਾਲੇ ਹਨ। 30ਕੀ ਸਾਰਿਆ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ? ਕੀ ਸਾਰੇ ਗ਼ੈਰ-ਭਾਸ਼ਾ ਬੋਲਦੇ ਹਨ? ਕੀ ਸਾਰੇ ਅਰਥ ਦੱਸਦੇ ਹਨ? 31ਪਰ ਤੁਸੀਂ ਚੰਗੇ ਵਰਦਾਨ ਦੀ ਇੱਛਾ ਰੱਖੋ।
ਪਿਆਰ ਲਾਜ਼ਮੀ ਹੈ
ਮੈਂ ਤੁਹਾਨੂੰ ਇੱਕ ਸਭ ਤੋਂ ਉੱਤਮ ਮਾਰਗ ਦੱਸਦਾ ਹਾਂ।