10
ਇਸਰਾਏਲ ਦੇ ਇਤਿਹਾਸ ਤੋਂ ਚੇਤਾਵਨੀ
1ਹੇ ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਾਰੇ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ।#10:1 ਕੂਚ 14:29; ਜ਼ਬੂ 105:39 2ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੋਸ਼ੇਹ ਦਾ ਬਪਤਿਸਮਾ ਮਿਲਿਆ। 3ਅਤੇ ਉਹਨਾਂ ਸਾਰਿਆ ਨੇ ਇੱਕੋ ਹੀ ਆਤਮਿਕ ਭੋਜਨ ਖਾਧਾ।#10:3 ਕੂਚ 16:34; ਬਿਵ 8:3 4ਅਤੇ ਸਾਰਿਆ ਨੇ ਇੱਕੋ ਹੀ ਆਤਮਿਕ ਜਲ ਪੀਤਾ, ਅਤੇ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ-ਨਾਲ ਚਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।#10:4 ਕੂਚ 17:6; ਗਿਣ 20:11 5ਪਰੰਤੂ ਉਹਨਾਂ ਵਿੱਚੋਂ ਬਹੁਤਿਆਂ ਨਾਲ ਪਰਮੇਸ਼ਵਰ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਾਰੇ ਗਏ।#10:5 ਇਬ 3:17
6ਹੁਣ ਇਹ ਸਾਰੀਆਂ ਗੱਲਾਂ ਸਾਡੇ ਲਈ ਉਦਾਹਰਣਾਂ ਹਨ ਤਾਂ ਕਿ ਅਸੀਂ ਬੁਰੀਆਂ ਚੀਜ਼ਾ ਦੀ ਇੱਛਾ ਨਾ ਰੱਖੀਏ ਜਿਵੇਂ ਉਹਨਾਂ ਨੇ ਕੀਤੀ ਸੀ। 7ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।”#10:7 ਕੂਚ 32:1-6; 32:19 8ਸਾਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਸੀ ਅਤੇ ਇੱਕ ਦਿਨ ਵਿੱਚ ਉਹਨਾਂ ਵਿੱਚੋਂ 23 ਹਜ਼ਾਰ ਦੀ ਮੌਤ ਹੋ ਗਈ।#10:8 ਗਿਣ 25:1,9 9ਅਤੇ ਸਾਨੂੰ ਮਸੀਹ ਨੂੰ ਪਰਖਣਾ ਨਹੀਂ ਚਾਹੀਦਾ, ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਸੀ, ਅਤੇ ਸੱਪਾਂ ਦੇ ਡੰਗਣ ਤੋਂ ਨਾਸ ਹੋ ਗਏ।#10:9 ਗਿਣ 21:5-6; ਜ਼ਬੂ 78:18 10ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਅਤੇ ਨਾਸ ਕਰਨ ਵਾਲੇ ਦੇ ਦੁਆਰਾ ਨਾਸ ਕੀਤੇ ਗਏ।#10:10 ਗਿਣ 16:41-50
11ਇਹ ਗੱਲਾਂ ਉਹਨਾਂ ਲਈ ਇੱਕ ਉਦਾਹਰਣਾਂ ਵਜੋਂ ਵਾਪਰੀਆਂ ਅਤੇ ਚੇਤਾਵਨੀ ਦੇਣ ਲਈ ਸਾਡੇ ਵਾਸਤੇ ਲਿਖੀਆਂ ਗਈਆਂ, ਇਸ ਸੰਸਾਰ ਦਾ ਅੰਤ ਆ ਗਿਆ ਹੈ। 12ਇਸ ਲਈ ਜੇ ਕੋਈ ਆਪਣੇ ਆਪ ਨੂੰ ਪਰਤਾਵਿਆ ਲਈ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਕਿ ਉਹ ਕਿਤੇ ਡਿੱਗ ਨਾ ਜਾਵੇਂ। 13ਤੁਹਾਡੇ ਉੱਤੇ ਇਹੋ ਜਿਹੀ ਕੋਈ ਪਰਿਖਿਆ ਨਹੀਂ ਆਈ, ਜਿਹੜੀ ਸਭ ਮਨੁੱਖਾਂ ਤੋਂ ਸਹਿਣ ਨਾ ਹੋ ਸਕੇ। ਪਰਮੇਸ਼ਵਰ ਵਫ਼ਾਦਾਰ ਹੈ; ਉਹ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਪਰਿਖਿਆ ਵਿੱਚ ਨਹੀਂ ਪੈਣ ਦੇਵੇਗਾ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਸਗੋਂ ਤੁਹਾਨੂੰ ਪਰਿਖਿਆ ਦੇ ਨਾਲ-ਨਾਲ ਬਚਣ ਦਾ ਰਾਸਤਾ ਵੀ ਦੱਸੇਗਾ ਤਾਂ ਜੋ ਤੁਸੀਂ ਬਚ ਸਕੋ।#10:13 2 ਪਤ 2:9
ਮੂਰਤੀਆਂ ਦੇ ਚੜਾਵੇ ਅਤੇ ਪ੍ਰਭੂ ਭੋਜ
14ਇਸ ਲਈ ਮੇਰੇ ਪਿਆਰੇ ਮਿੱਤਰੋ, ਤੁਸੀਂ ਮੂਰਤੀ ਪੂਜਾ ਤੋਂ ਦੂਰ ਰਹੋ। 15ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਇਹ ਬੋਲਦਾ ਹਾਂ; ਆਪਣੇ ਆਪ ਵਿੱਚ ਇਸਦੀ ਪਰਖ ਕਰੋ ਜੋ ਮੈਂ ਆਖਦਾ ਹਾਂ। 16ਕੀ ਉਹ ਧੰਨਵਾਦ ਦਾ ਪਿਆਲਾ ਨਹੀਂ ਜਿਸ ਵਿੱਚ ਅਸੀਂ ਮਸੀਹ ਦੇ ਲਹੂ ਵਿੱਚ ਸ਼ਾਮਲ ਹੁੰਦੇ ਹਾਂ? ਅਤੇ ਕੀ ਉਹ ਰੋਟੀ ਨਹੀਂ ਜਿਹੜੀ ਅਸੀਂ ਮਸੀਹ ਦੇ ਸਰੀਰ ਵਿੱਚ ਭਾਗੀਦਾਰ ਹੋ ਕੇ ਤੋੜਦੇ ਹਾਂ? 17ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।
18ਇਸਰਾਏਲ ਦੇ ਲੋਕਾਂ ਬਾਰੇ ਸੋਚੋ: ਉਹ ਜਗਵੇਦੀ ਉੱਤੇ ਚੜ੍ਹਾਈ ਹੋਈ ਬਲੀ ਵਿੱਚੋਂ ਖਾਂਦੇ ਹਨ, ਕੀ ਇਸ ਦੇ ਦੁਆਰਾ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ?#10:18 ਲੇਵਿ 10:12-15; ਬਿਵ 18:1-4 19ਸੋ ਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਮੂਰਤੀ ਤੇ ਚੜਾਈ ਗਈ ਵਸਤੂ ਕੁਝ ਹੈ ਜਾਂ ਉਹ ਮੂਰਤੀ ਕੁਝ ਹੈ? 20ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਜੋ ਜਿਹੜੀਆਂ ਵਸਤਾਂ ਗ਼ੈਰ-ਯਹੂਦੀ ਚੜ੍ਹਾਵੇ ਲਈ ਚੜ੍ਹਾਉਂਦੇ ਹਨ ਉਹ ਦੁਸ਼ਟ ਆਤਮਾ ਲਈ ਚੜ੍ਹਾਉਂਦੇ ਹਨ ਪਰਮੇਸ਼ਵਰ ਲਈ ਨਹੀਂ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਦੁਸ਼ਟ ਆਤਮਾ ਦੇ ਭਾਗੀਦਾਰ ਬਣੋ। 21ਤੁਸੀਂ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ ਨਾਲੇ ਹੀ ਦੁਸ਼ਟ ਆਤਮਾ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ; ਅਤੇ ਇਸੇ ਤਰ੍ਹਾਂ ਤੁਸੀਂ ਪ੍ਰਭੂ ਦੇ ਮੇਜ਼ ਵਿੱਚ ਅਤੇ ਦੁਸ਼ਟ ਆਤਮਾ ਦੇ ਮੇਜ਼ ਦੋਨਾਂ ਵਿੱਚ ਹੀ ਸ਼ਾਮਲ ਨਹੀਂ ਹੋ ਸਕਦੇ। 22ਕੀ ਅਸੀਂ ਪ੍ਰਭੂ ਦੇ ਗੁੱਸੇ ਨੂੰ ਜਗਾਉਂਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਉਸ ਨਾਲੋਂ ਜ਼ਿਆਦਾ ਤਾਕਤਵਰ ਹਾਂ?#10:22 ਬਿਵ 32:16,21
ਵਿਸ਼ਵਾਸੀਆ ਦੀ ਅਜ਼ਾਦੀ
23ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਚੀਜ਼ਾ ਭਲੇ ਲਈ ਨਹੀਂ ਹਨ। “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਗੁਣਕਾਰ ਨਹੀਂ ਹਨ।#10:23 1 ਕੁਰਿੰ 6:12 24ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੀ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਲਈ ਵੀ ਜਤਨ ਕਰੋ।
25ਇਸ ਲਈ ਤੁਸੀਂ ਕੋਈ ਵੀ ਮਾਸ ਖਾ ਸਕਦੇ ਹੋ ਜੋ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ, ਬਿਨਾਂ ਜ਼ਮੀਰ ਦੇ ਸਵਾਲ ਉਠਾਏ। 26ਕਿਉਂ ਜੋ, “ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।”#10:26 ਜ਼ਬੂ 24:1
27ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ। 28ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।” ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ। 29ਮੇਰਾ ਮਤਲਬ ਤੁਹਾਡੇ ਆਪਣੇ ਜ਼ਮੀਰ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਦੇ ਜ਼ਮੀਰ ਦੇ ਲਈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਜ਼ਮੀਰ ਦੁਆਰਾ ਨਿਆਂ ਕੀਤਾ ਜਾਵੇ? 30ਜੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਕੇ ਭੋਜਨ ਵਿੱਚ ਹਿੱਸਾ ਲੈਂਦਾ ਹਾਂ, ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?
31ਇਸ ਲਈ ਭਾਵੇਂ ਤੁਸੀਂ ਜੋ ਕੁਝ ਵੀ ਕਰੋ ਚਾਹੇ ਖਾਓ ਚਾਹੇ ਪੀਓ, ਇਹ ਸਭ ਪਰਮੇਸ਼ਵਰ ਦੀ ਮਹਿਮਾ ਲਈ ਕਰੋ। 32ਤੁਸੀਂ ਨਾ ਯਹੂਦਿਆ, ਨਾ ਯੂਨਾਨੀਆਂ, ਨਾ ਪਰਮੇਸ਼ਵਰ ਦੀ ਕਲੀਸਿਆ ਦੇ ਲਈ ਠੋਕਰ ਦਾ ਕਾਰਨ ਬਣੋ। 33ਜਿਵੇਂ ਮੈਂ ਸਭਨਾਂ ਨੂੰ ਹਰ ਇੱਕ ਗੱਲ ਵਿੱਚ ਪਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਖੁਦ ਦੇ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਬਾਰੇ ਸੋਚਦਾ ਹਾਂ, ਤਾਂ ਜੋ ਉਹ ਸਾਰੇ ਹੀ ਬਚਾਏ ਜਾਣ।