9
ਰਸੂਲ ਦੇ ਅਧਿਕਾਰ
1ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸ਼ੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੇ ਕੰਮ ਦਾ ਨਤੀਜਾ ਨਹੀਂ ਹੋ? 2ਭਾਵੇਂ ਕਿ ਮੈਂ ਹੋਰਨਾ ਲਈ ਰਸੂਲ ਨਹੀਂ ਹਾਂ, ਪਰ ਤੁਹਾਡੇ ਲਈ ਹਾਂ ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ।
3ਉਹਨਾਂ ਲਈ ਜਿਹੜੇ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਇਹੋ ਮੇਰਾ ਉੱਤਰ ਹੈ। 4ਕੀ ਸਾਨੂੰ ਖਾਣ ਜਾਂ ਪੀਣ ਦਾ ਹੱਕ ਨਹੀਂ ਹੈ? 5ਕੀ ਸਾਨੂੰ ਇਹ ਅਧਿਕਾਰ ਨਹੀਂ ਜੋ ਕਿਸੇ ਵਿਸ਼ਵਾਸੀ ਨਾਲ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾ ਸਕੀਏ, ਜਿਸ ਤਰ੍ਹਾਂ ਦੂਸਰੇ ਰਸੂਲ, ਕੈਫ਼ਾਸ#9:5 ਕੈਫ਼ਾਸ ਪਤਰਸ ਦਾ ਦੂਸਰਾ ਨਾਮ ਹੈ ਅਤੇ ਪ੍ਰਭੂ ਦੇ ਭਰਾਂ ਕਰਦੇ ਹਨ? 6ਅਤੇ ਇਹ ਕੇਵਲ ਬਰਨਬਾਸ ਅਤੇ ਮੈਂ ਹਾਂ ਜਿਨ੍ਹਾਂ ਨੂੰ ਆਪਣੇ ਆਪ ਦੀ ਸਹਾਇਤਾ ਲਈ ਕੰਮ ਕਰਨਾ ਪਏਗਾ?
7ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸ ਦਾ ਫ਼ਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ? 8ਕੀ ਮੈਂ ਇਹ ਮਨੁੱਖਾਂ ਦੇ ਨਿਯਮ ਅਨੁਸਾਰ ਆਖਦਾ ਹਾਂ? ਅਤੇ ਕੀ ਬਿਵਸਥਾ ਇਹ ਨਹੀਂ ਕਹਿੰਦੀ? 9ਕਿਉਂਕਿ ਮੋਸ਼ੇਹ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ: “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।” ਕੀ ਪਰਮੇਸ਼ਵਰ ਬਲਦਾਂ ਦੀ ਹੀ ਚਿੰਤਾ ਕਰਦਾ ਹੈ?#9:9 ਬਿਵ 25:4 10ਕਿ ਸਾਡੇ ਲਈ ਉਹ ਇਹ ਨਹੀਂ ਆਖਦਾ ਹੈ? ਸਾਡੇ ਲਈ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ, ਕਿਉਂਕਿ ਚਾਹੀਦਾ ਹੈ ਕਿ ਜਿਹੜਾ ਆਸ ਨਾਲ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਵੱਢਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਵੱਢੇ। 11ਜੇ ਅਸੀਂ ਤੁਹਾਡੇ ਵਿੱਚ ਆਤਮਿਕ ਬੀਜ ਬੀਜੇ ਹਨ, ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਤੁਹਾਡੇ ਦੁਆਰਾ ਦੁਨਿਆਵੀ ਪਦਾਰਥ ਪ੍ਰਾਪਤ ਕਰੀਏ? 12ਜੇ ਦੂਸਰਿਆ ਰਸੂਲਾਂ ਨੂੰ ਤੁਹਾਡੇ ਉੱਤੇ ਅਧਿਕਾਰ ਹੈ ਤਾਂ ਕੀ ਸਾਡਾ ਅਧਿਕਾਰ ਉਹਨਾਂ ਨਾਲੋਂ ਵੱਧ ਕੇ ਤੁਹਾਡੇ ਉੱਤੇ ਨਹੀਂ?
ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਨਹੀਂ ਵਰਤਿਆ। ਪਰੰਤੂ ਇਸ ਦੇ ਬਾਵਜੂਦ ਵੀ ਅਸੀਂ ਸਭ ਕੁਝ ਸਹਾਰਦੇ ਰਹੇ, ਤਾਂ ਜੋ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਆਵੇ।
13ਕੀ ਤੁਸੀਂ ਇਹ ਨਹੀਂ ਜਾਣਦੇ ਜਿਹੜੇ ਹੈਕਲ#9:13 ਹੈਕਲ ਯਹੂਦਿਆਂ ਦਾ ਮੰਦਰ ਵਿੱਚ ਕੰਮ ਕਰਦੇ ਹਨ ਉਹ ਭੋਜਨ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ, ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਦੇ ਚੜ੍ਹਾਵੇ ਦੇ ਹਿੱਸੇਦਾਰ ਹੁੰਦੇ ਹਨ।#9:13 ਲੇਵਿ 6:16,26; 18:1-3 14ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖ਼ਬਰੀ ਦੇ ਪ੍ਰਚਾਰਕਾਂ ਨੂੰ ਵੀ ਆਗਿਆ ਦਿੱਤੀ ਹੈ ਜੋ ਉਹ ਖੁਸ਼ਖ਼ਬਰੀ ਤੋਂ ਹੀ ਆਪਣਾ ਗੁਜਾਰਾ ਕਰਨ।#9:14 ਮੱਤੀ 10:10; ਲੂਕ 10:7; 1 ਤਿਮੋ 5:18; ਗਲਾ 6:6
15ਪਰ ਮੈਂ ਇਨ੍ਹਾਂ ਅਧਿਕਾਰਾਂ ਵਿੱਚੋਂ ਕੋਈ ਵੀ ਨਹੀਂ ਵਰਤਿਆ। ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖ ਰਿਹਾ ਤਾਂ ਜੋ ਮੇਰੇ ਨਾਲ ਇਸ ਤਰ੍ਹਾਂ ਕੁਝ ਹੋਵੇ, ਕਿਉਂ ਮੇਰੇ ਲਈ ਮਰਨਾ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ। 16ਜਦੋਂ ਮੈ ਤੁਹਾਨੂੰ ਖੁਸ਼ਖ਼ਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਹੈ, ਕਿਉਂਕਿ ਮੈਂ ਇਹ ਕਰਨ ਦੇ ਆਦੇਸ਼ ਦੇ ਅਧੀਨ ਹਾਂ। ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖ਼ਬਰੀ ਦਾ ਪ੍ਰਚਾਰ ਨਾ ਕਰਾ! 17ਅਗਰ ਮੈਂ ਆਪਣੀ ਇੱਛਾ ਨਾਲ ਪ੍ਰਚਾਰ ਕਰਾ, ਤਾਂ ਮੇਰੇ ਲਈ ਇਨਾਮ ਹੈ, ਅਗਰ ਆਪਣੀ ਇੱਛਾ ਤੋਂ ਬਿਨ੍ਹਾਂ ਤਾਂ ਇਹ ਸਿਰਫ ਇੱਕ ਜ਼ਿੰਮੇਵਾਰੀ ਸੀ ਜਿਸ ਨੂੰ ਪੂਰਾ ਕਰਨਾ ਸੀ ਹੈ। 18ਤਾਂ ਮੇਰੇ ਲਈ ਕੀ ਇਨਾਮ ਹੈ? ਕਿ ਇਹ: ਜੋ ਮੈਂ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਮੁ਼ਫ਼ਤ ਵਿੱਚ ਕਰਦਾ ਰਹਾਂ, ਅਤੇ ਇਸ ਲਈ ਖੁਸ਼ਖ਼ਬਰੀ ਦੇ ਪ੍ਰਚਾਰਕ ਵਜੋਂ ਮੈਂ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਨਾ ਕਰਾਂ।
ਪੌਲੁਸ ਦਾ ਆਪਣੀ ਅਜ਼ਾਦੀ ਦਾ ਇਸਤੇਮਾਲ ਕਰਨਾ
19ਭਾਵੇਂ ਕਿ ਮੈਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭਨਾਂ ਦਾ ਦਾਸ ਬਣਾਇਆ, ਤਾਂ ਜੋ ਬਹੁਤ ਸਾਰਿਆ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ। 20ਯਹੂਦਿਆਂ ਲਈ ਮੈਂ ਯਹੂਦਿਆਂ ਵਰਗਾ ਬਣਿਆ, ਤਾਂ ਜੋ ਉਹਨਾਂ ਨੂੰ ਪ੍ਰਭੂ ਲਈ ਜਿੱਤ ਸਕਾ। ਭਾਵੇਂ ਮੈਂ ਬਿਵਸਥਾ ਦੇ ਅਧੀਨ ਨਹੀਂ ਹਾਂ, ਤਾਂ ਵੀ ਮੈਂ ਉਹਨਾਂ ਵਰਗਾ ਬਣਿਆ ਜਿਹੜੇ ਬਿਵਸਥਾ ਦੇ ਅਧੀਨ ਹਨ, ਤਾਂਕਿ ਮੈਂ ਉਹਨਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। 21ਜਿਹੜੇ ਬਿਵਸਥਾ ਅਧੀਨ ਨਹੀਂ ਹਨ ਮੈਂ ਉਹਨਾਂ ਵਰਗਾ ਬਣਿਆ, (ਜਦਕਿ ਮੈਂ ਖੁਦ ਪਰਮੇਸ਼ਵਰ ਦੀ ਬਿਵਸਥਾ ਦੇ ਅਧੀਨ ਹਾਂ, ਪਰ ਮੈਂ ਮਸੀਹ ਦੀ ਬਿਵਸਥਾ ਦੇ ਅਧੀਨ ਵੀ ਹਾਂ), ਤਾਂ ਜੋ ਬਿਵਸਥਾ ਹੀਣਾ ਨੂੰ ਵੀ ਪ੍ਰਭੂ ਲਈ ਜਿੱਤ ਸਕਾ।#9:21 ਗਲਾ 6:2 22ਮੈਂ ਕਮਜ਼ੋਰ ਵਿਸ਼ਵਾਸ ਵਾਲਿਆਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। ਮੈਂ ਸਾਰੇ ਲੋਕਾਂ ਲਈ ਸਭ ਕੁਝ ਬਣਿਆ ਤਾਂ ਜੋ ਹਰ ਇੱਕ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੁਕਤੀ ਲਈ ਜਿੱਤ ਸਕਾ। 23ਅਤੇ ਮੈਂ ਇਹ ਸਭ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਕਰਕੇ ਕਰਦਾ ਹਾਂ, ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਇਸ ਵਿੱਚ ਭਾਗੀਦਾਰ ਹੋ ਜਾਂਵਾ।
ਸਵੈ-ਅਨੁਸ਼ਾਸਨ ਦੀ ਜ਼ਰੂਰਤ
24ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ। 25ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ। 26ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਜਿਸ ਤਰ੍ਹਾਂ ਕੋਈ ਬਿਨ੍ਹਾਂ ਮਕਸਦ ਦੌੜਦਾ ਹੈ; ਮੈਂ ਇਸ ਤਰ੍ਹਾਂ ਨਹੀਂ ਲੜਦਾ ਜਿਵੇਂ ਕੋਈ ਹਵਾ ਵਿੱਚ ਮੁੱਕੇ ਮਾਰਦਾ ਹੋਵੇ। 27ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਆਪਣੇ ਵੱਸ ਵਿੱਚ ਰੱਖਦਾ ਹਾਂ ਤਾਂ ਜੋ ਮੈਂ ਦੂਸਰਿਆ ਨੂੰ ਪ੍ਰਚਾਰ ਕਰਨ ਤੋਂ ਬਾਅਦ, ਕਿਤੇ ਆਪਣੇ ਆਪ ਨੂੰ ਉਸ ਇਨਾਮ ਤੋਂ ਅਯੋਗ ਨਾ ਬਣਾ ਲਵਾ।#9:27 2 ਕੁਰਿੰ 13:5-7