ਕਹਾਉਤਾਂ 25
25
ਸ਼ਲੋਮੋਨ ਦੀਆਂ ਹੋਰ ਕਹਾਵਤਾਂ
1ਇਹ ਸ਼ਲੋਮੋਨ ਦੀਆਂ ਹੋਰ ਕਹਾਵਤਾਂ ਹਨ, ਜੋ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਆਦਮੀਆਂ ਦੁਆਰਾ ਸੰਕਲਿਤ ਕੀਤੀਆਂ ਗਈਆਂ ਹਨ:
2ਪਰਮੇਸ਼ਵਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ,
ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3ਜਿਵੇਂ ਅਕਾਸ਼ ਉੱਚੇ ਅਤੇ ਧਰਤੀ ਡੂੰਘੀ ਹੈ,
ਤਿਵੇਂ ਹੀ ਰਾਜਿਆਂ ਦੇ ਦਿਲਾਂ ਨੂੰ ਨਹੀਂ ਜਾਣਿਆ ਜਾ ਸਕਦਾ।
4ਚਾਂਦੀ ਦਾ ਖੋਟ ਕੱਢੋ,
ਤਾਂ ਸਰਾਪ ਲਈ ਭਾਂਡਾ ਬਣੇਗਾ।
5ਰਾਜੇ ਦੀ ਹਜ਼ੂਰੀ ਤੋਂ ਦੁਸ਼ਟ ਅਧਿਕਾਰੀਆਂ ਨੂੰ ਕੱਢੋ,
ਅਤੇ ਉਹ ਦਾ ਸਿੰਘਾਸਣ ਧਰਮ ਦੁਆਰਾ ਕਾਇਮ ਕੀਤਾ ਜਾਵੇਗਾ।
6ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ,
ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;
7ਉਸ ਲਈ ਇਹ ਚੰਗਾ ਹੈ ਕਿ ਉਹ ਤੁਹਾਨੂੰ ਕਹੇ, “ਇਧਰ ਆ ਜਾਓ,”
ਇਸ ਨਾਲੋਂ ਕਿ ਉਹ ਤੁਹਾਨੂੰ ਆਪਣੇ ਅਹਿਲਕਾਰਾਂ ਅੱਗੇ ਬੇਇੱਜ਼ਤ ਕਰੇ।
ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ,
8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ,
ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ,
ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?
9ਜੇ ਤੁਸੀਂ ਆਪਣੇ ਗੁਆਂਢੀ ਨੂੰ ਅਦਾਲਤ ਵਿੱਚ ਲੈ ਜਾਓ,
ਇਸ ਭੇਤ ਬਾਰੇ ਕਿਸੇ ਦੂਸਰੇ ਨੂੰ ਨਾ ਦੱਸ,
10ਕਿਤੇ ਸੁਣਨ ਵਾਲਾ ਤੁਹਾਨੂੰ ਸ਼ਰਮਿੰਦਾ ਕਰੇ
ਅਤੇ ਤੁਹਾਡੀ ਬਦਨਾਮੀ ਕਰੇ।
11ਟਿਕਾਣੇ ਸਿਰ ਆਖੇ ਹੋਏ ਬਚਨ,
ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ,
ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13ਜਿਵੇਂ ਵਾਢੀ ਦੇ ਸਮੇਂ ਬਰਫ਼ ਦੀ ਠੰਡ ਹੁੰਦੀ ਹੈ,
ਉਸੇ ਤਰ੍ਹਾਂ ਹੀ ਭਰੋਸੇਮੰਦ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆ ਦੇ ਲਈ ਹੁੰਦਾ ਹੈ,
ਉਹ ਆਪਣੇ ਮਾਲਕ ਦੀ ਆਤਮਾ ਨੂੰ ਤਰੋਤਾਜ਼ਾ ਕਰਦਾ ਹੈ।
14ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ,
ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਸ ਵਿੱਚ ਮੀਂਹ ਨਹੀਂ ਹੈ।
15ਧੀਰਜ ਨਾਲ ਹਾਕਮ ਨੂੰ ਕਾਇਲ ਕੀਤਾ ਜਾ ਸਕਦਾ ਹੈ,
ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਤੋੜ ਸਕਦੀ ਹੈ।
16ਜੇਕਰ ਤੁਹਾਨੂੰ ਸ਼ਹਿਦ ਮਿਲ ਜਾਵੇ ਤਾਂ ਜਿੰਨੀ ਲੋੜ ਹੈ ਉਨਾ ਹੀ ਖਾਓ,
ਕਿਤੇ ਜ਼ਿਆਦਾ ਖਾ ਕੇ ਤੁਹਾਨੂੰ ਉਲਟੀ ਆ ਜਾਵੇ।
17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ,
ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।
18ਜਿਹੜਾ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ,
ਉਹ ਹਥੌੜੇ ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।
19ਮੁਸੀਬਤ ਦੇ ਸਮੇਂ ਬੇਵਫ਼ਾ ਉੱਤੇ ਭਰੋਸਾ ਕਰਨਾ,
ਟੁੱਟੇ ਹੋਏ ਦੰਦ ਜਾਂ ਲੰਗੜੇ ਪੈਰ ਵਾਂਗ ਹੈ।
20ਜਿਵੇਂ ਉਦਾਸ ਮਨ ਵਾਲੇ ਮਨੁੱਖ ਦੇ ਸਾਮ੍ਹਣੇ ਗੀਤ ਗਾਉਣਾ,
ਸਿਆਲ ਵਿੱਚ ਕੱਪੜਾ ਉਤਾਰਨ,
ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ।
21ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ ਦਿਓ,
ਜੇ ਉਹ ਪਿਆਸਾ ਹੈ ਤਾਂ ਉਸ ਨੂੰ ਪੀਣ ਲਈ ਪਾਣੀ ਦਿਓ।
22ਅਜਿਹਾ ਕਰਨ ਨਾਲ ਤੁਸੀਂ ਉਸਦੇ ਸਿਰ ਉੱਤੇ ਬਲਦੇ ਕੋਲਿਆਂ ਦਾ ਢੇਰ ਲਗਾਓਗੇ,
ਅਤੇ ਯਾਹਵੇਹ ਤੁਹਾਨੂੰ ਇਨਾਮ ਦੇਵੇਗਾ।
23ਉੱਤਰੀ ਪੌਣ ਅਚਾਨਕ ਵਰਖਾ ਲਿਆਉਂਦੀ ਹੈ
ਨਿੰਦਿਆ ਕਰਨ ਵਾਲੀ ਜੀਭ ਨਰਾਜਗੀ ਨੂੰ ਲਿਆਉਂਦੀ ਹੈ।
24ਝਗੜਾਲੂ ਪਤਨੀ ਨਾਲ ਸਾਂਝੇ ਘਰ ਵਿੱਚ ਰਹਿਣ ਨਾਲੋਂ,
ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।
25ਜਿਵੇਂ ਥੱਕੇ ਹੋਏ ਮਨੁੱਖ ਲਈ ਠੰਡਾ ਪਾਣੀ
ਤਿਵੇਂ ਹੀ ਦੂਰ ਦੇਸ਼ ਤੋਂ ਆਈ ਖੁਸ਼ਖ਼ਬਰੀ ਹੈ।
26ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਝੁੱਕ ਜਾਂਦਾ ਹੈ,
ਉਹ ਗੰਦੇ ਚਸ਼ਮੇ ਜਾਂ ਪਲੀਤ ਖੂਹ ਵਾਂਗ ਹੈ।
27ਬਹੁਤਾ ਸ਼ਹਿਦ ਖਾਣਾ ਚੰਗਾ ਨਹੀਂ,
ਅਤੇ ਨਾ ਹੀ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰਨੀ ਚੰਗੀ ਗੱਲ ਹੈ।
28ਉਹ ਵਿਅਕਤੀ ਜਿਸ ਵਿੱਚ ਸੰਜਮ ਦੀ ਘਾਟ ਹੈ,
ਉਸ ਸ਼ਹਿਰ ਵਰਗਾ ਹੈ ਜਿਸ ਦੀਆਂ ਕੰਧਾਂ ਅਤੇ ਦੀਵਾਰ ਟੁੱਟ ਗਈਆ ਹਨ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.