ਕਹਾਉਤਾਂ 24
24
ਕਹਾਵਤ 20
1ਦੁਸ਼ਟਾਂ ਨਾਲ ਈਰਖਾ ਨਾ ਕਰੋ,
ਉਹਨਾਂ ਦੀ ਸੰਗਤ ਦੀ ਇੱਛਾ ਨਾ ਕਰੋ।
2ਉਹਨਾਂ ਦੇ ਦਿਲਾਂ ਵਿੱਚ ਹਿੰਸਾ ਦੀ ਸਾਜ਼ਿਸ਼ ਹੈ,
ਅਤੇ ਉਹਨਾਂ ਦੇ ਬੁੱਲ ਮੁਸੀਬਤ ਦੀਆਂ ਗੱਲਾਂ ਕਰਦੇ ਹਨ।
ਕਹਾਵਤ 21
3ਬੁੱਧ ਨਾਲ ਘਰ ਬਣਾਇਆ ਜਾਂਦਾ ਹੈ,
ਅਤੇ ਸਮਝ ਨਾਲ ਉਹ ਸਥਾਪਿਤ ਹੁੰਦਾ ਹੈ।
4ਗਿਆਨ ਦੁਆਰਾ ਇਸ ਦੇ ਕਮਰੇ ਅਣਮੁੱਲੇ
ਅਤੇ ਸੁੰਦਰ ਖ਼ਜ਼ਾਨਿਆਂ ਨਾਲ ਭਰੇ ਹੋਏ ਹੋਣਗੇ।
ਕਹਾਵਤ 22
5ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ,
ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।
6ਯਕੀਨਨ ਤੁਹਾਨੂੰ ਯੁੱਧ ਕਰਨ ਲਈ ਅਗਵਾਈ ਦੀ ਲੋੜ ਹੈ,
ਅਤੇ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ।
ਕਹਾਵਤ 23
7ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ;
ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।
ਕਹਾਵਤ 24
8ਜੋ ਕੋਈ ਬੁਰਾਈ ਦੀ ਸਾਜ਼ਿਸ਼ ਰਚਦਾ ਹੈ,
ਇੱਕ ਚਾਲਬਾਜ਼ ਵਜੋਂ ਜਾਣਿਆ ਜਾਵੇਗਾ।
9ਮੂਰਖਤਾ ਦੀਆਂ ਜੁਗਤਾਂ ਪਾਪ ਹਨ,
ਅਤੇ ਲੋਕ ਮਖੌਲ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ।
ਕਹਾਵਤ 25
10ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ,
ਤੁਹਾਡੀ ਤਾਕਤ ਕਿੰਨੀ ਛੋਟੀ ਹੈ!
11ਉਹਨਾਂ ਨੂੰ ਬਚਾਓ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ,
ਉਹਨਾਂ ਨੂੰ ਰੋਕੋ ਜੋ ਕਤਲੇਆਮ ਵੱਲ ਵਧ ਰਹੇ ਹਨ।
12ਜੇ ਤੁਸੀਂ ਆਖਦੇ ਹੋ, “ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,”
ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ?
ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ?
ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?
ਕਹਾਵਤ 26
13ਹੇ ਮੇਰੇ ਪੁੱਤਰ, ਸ਼ਹਿਦ ਖਾ, ਇਹ ਚੰਗਾ ਹੈ;
ਛੱਤੇ ਦਾ ਸ਼ਹਿਦ ਤੁਹਾਡੇ ਸੁਆਦ ਲਈ ਮਿੱਠਾ ਹੁੰਦਾ ਹੈ।
14ਇਹ ਵੀ ਜਾਣੋ ਕਿ ਬੁੱਧ ਤੁਹਾਡੇ ਲਈ ਸ਼ਹਿਦ ਵਰਗੀ ਹੈ:
ਜੇ ਤੁਸੀਂ ਇਹ ਲੱਭ ਲੈਂਦੇ ਹੋ, ਤਾਂ ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਹੈ,
ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।
ਕਹਾਵਤ 27
15ਚੋਰ ਵਾਂਗੂੰ ਧਰਮੀ ਦੇ ਘਰ ਦੇ ਨੇੜੇ ਨਾ ਲੁਕੋ,
ਉਹਨਾਂ ਦੇ ਘਰ ਨੂੰ ਲੁੱਟੋ ਨਾ।
16ਕਿਉਂਕਿ ਭਾਵੇਂ ਧਰਮੀ ਸੱਤ ਵਾਰ ਡਿੱਗੇ, ਉਹ ਮੁੜ ਉੱਠਦੇ ਹਨ,
ਪਰ ਦੁਸ਼ਟ ਬਿਪਤਾ ਦੇ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
ਕਹਾਵਤ 28
17ਜਦੋਂ ਤੁਹਾਡਾ ਵੈਰੀ ਡਿੱਗ ਪਵੇ ਤਾਂ ਖੁਸ਼ ਨਾ ਹੋਵੋ;
ਜਦੋਂ ਉਹ ਠੋਕਰ ਖਾਣ, ਤਾਂ ਤੁਹਾਡਾ ਦਿਲ ਅਨੰਦ ਨਾ ਹੋਵੇ,
18ਕਿਤੇ ਯਾਹਵੇਹ ਇਹ ਵੇਖ ਕੇ ਬੁਰਾ ਮੰਨੇ,
ਅਤੇ ਆਪਣਾ ਕ੍ਰੋਧ ਉਹਨਾਂ ਤੋਂ ਹਟਾ ਲਵੇ।
ਕਹਾਵਤ 29
19ਦੁਸ਼ਟਾਂ ਦੇ ਕਾਰਨ ਨਾ ਘਬਰਾਓ
ਅਤੇ ਦੁਸ਼ਟਾਂ ਤੋਂ ਈਰਖਾ ਨਾ ਕਰੋ,
20ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ,
ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।
ਕਹਾਵਤ 30
21ਹੇ ਮੇਰੇ ਪੁੱਤਰ, ਯਾਹਵੇਹ ਅਤੇ ਪਾਤਸ਼ਾਹ ਤੋਂ ਡਰ,
ਅਤੇ ਵਿਦਰੋਹੀਆਂ ਨਾਲ ਨਾ ਰਲ,
22ਕਿਉਂ ਜੋ ਉਹ ਦੋਨਾਂ ਉੱਤੇ ਅਚਾਨਕ ਤਬਾਹੀ ਆਵੇਗੀ,
ਅਤੇ ਕੌਣ ਜਾਣਦਾ ਹੈ ਕਿ ਉਹ ਕਿਹੜੀਆਂ ਬਿਪਤਾਵਾਂ ਲਿਆ ਸਕਦੇ ਹਨ?
ਬੁੱਧੀਮਾਨ ਦੀਆਂ ਹੋਰ ਗੱਲਾਂ
23ਇਹ ਵੀ ਬੁੱਧੀਮਾਨਾਂ ਦੀਆਂ ਗੱਲਾਂ ਹਨ,
ਨਿਆਂ ਵੇਲੇ ਪੱਖਪਾਤ ਕਰਨਾ ਚੰਗਾ ਨਹੀਂ ਹੈ।
24ਜੇ ਕੋਈ ਦੋਸ਼ੀ ਨੂੰ ਕਹੇ, “ਤੂੰ ਨਿਰਦੋਸ਼ ਹੈ,”
ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਦੁਆਰਾ ਨਿੰਦਾ ਕੀਤੀ ਜਾਵੇਗੀ,
25ਪਰ ਜਿਹੜੇ ਦੋਸ਼ੀ ਠਹਿਰਾਉਂਦੇ ਹਨ ਉਹਨਾਂ ਦਾ ਭਲਾ ਹੋਵੇਗਾ,
ਅਤੇ ਉਹਨਾਂ ਉੱਤੇ ਬਹੁਤ ਬਰਕਤਾਂ ਆਉਣਗੀਆਂ।
26ਜਿਹੜਾ ਇਮਾਨਦਾਰੀ ਨਾਲ ਉੱਤਰ ਦਿੰਦਾ ਹੈ,
ਉਹ ਦੇ ਬੋਲਾਂ ਨੂੰ ਹਰੇਕ ਪਿਆਰ ਕਰਦਾ ਹੈ।
27ਪਹਿਲਾ ਬਾਹਰ ਆਪਣਾ ਕੰਮ ਤਿਆਰ ਕਰ,
ਅਤੇ ਆਪਣੇ ਖੇਤ ਨੂੰ ਸਵਾਰ;
ਉਸ ਤੋਂ ਬਾਅਦ, ਆਪਣਾ ਘਰ ਬਣਾਓ।
28ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ,
ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?
29ਇਹ ਨਾ ਆਖ, “ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ,
ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।”
30ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ,
ਉਸ ਵਿਅਕਤੀ ਦੇ ਅੰਗੂਰੀ ਬਾਗ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।
31ਅਤੇ ਉੱਥੇ ਹਰ ਪਾਸੇ ਕੰਡੇ ਉੱਗੇ ਹੋਏ ਸਨ,
ਜ਼ਮੀਨ ਜੰਗਲੀ ਬੂਟੀ ਨਾਲ ਢੱਕੀ ਹੋਈ ਸੀ,
ਅਤੇ ਪੱਥਰ ਦੀ ਕੰਧ ਢਹਿ ਗਈ ਸੀ।
32ਜੋ ਕੁਝ ਮੈਂ ਦੇਖਿਆ ਮੈਂ ਆਪਣੇ ਦਿਲ ਵਿੱਚ ਵਿਚਾਰ ਕੀਤਾ,
ਅਤੇ ਜੋ ਕੁਝ ਮੈਂ ਦੇਖਿਆ ਉਸ ਤੋਂ ਇੱਕ ਸਿੱਖਿਆ ਪ੍ਰਾਪਤ ਕੀਤੀ,
33ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ,
ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ,
34ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆ ਆਵੇਗੀ,
ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਉੱਤੇ ਆ ਪਏਗੀ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.