ਕਹਾਉਤਾਂ 17
17
1ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸੁੱਕੀ ਰੋਟੀ
ਦਾ ਭੋਜਨ ਇੱਕ ਝਗੜੇ ਦੇ ਤਿਉਹਾਰ ਨਾਲੋਂ ਬਿਹਤਰ ਹੈ।
2ਇੱਕ ਸਮਝਦਾਰ ਸੇਵਕ ਬੇਇੱਜ਼ਤ ਕਰਨ ਵਾਲੇ ਪੁੱਤਰ ਉੱਤੇ ਰਾਜ ਕਰੇਗਾ,
ਅਤੇ ਪਰਿਵਾਰ ਵਿੱਚੋਂ ਇੱਕ ਵਜੋਂ ਵਿਰਾਸਤ ਵਿੱਚ ਹਿੱਸਾ ਲਵੇਗਾ।
3ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ,
ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।
4ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ,
ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।
5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ,
ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।
6ਪੋਤਰੇ ਬਜ਼ੁਰਗਾਂ ਦੇ ਮੁਕਟ ਹਨ,
ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।
7ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ,
ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!
8ਰਿਸ਼ਵਤ ਦੇਣ ਵਾਲੇ ਨੂੰ ਇੱਕ ਸੁਹਜ ਸਮਝਿਆ ਜਾਂਦਾ ਹੈ,
ਉਹ ਸੋਚਦੇ ਹਨ ਕਿ ਸਫਲਤਾ ਹਰ ਮੋੜ ਤੇ ਆਵੇਗੀ।
9ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ,
ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।
10ਸਮਝਦਾਰ ਉੱਤੇ ਇੱਕ ਝਿੜਕ,
ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।
11ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ,
ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।
12ਮੂਰਖ ਦੀ ਬੇਵਕੂਫ਼ੀ ਵਿੱਚ ਫਸਣ ਨਾਲੋਂ ਚੰਗਾ ਹੋਵੇਗਾ,
ਬੱਚੇ ਖੋਹ ਚੁੱਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।
13ਬੁਰਾਈ ਕਦੇ ਵੀ ਉਸ ਦੇ ਘਰ ਨੂੰ ਨਹੀਂ ਛੱਡਦੀ,
ਜੋ ਭਲਿਆਈ ਦੇ ਬਦਲੇ ਹਮੇਸ਼ਾ ਬੁਰਿਆਈ ਹੀ ਕਰਦਾ ਹੈ।
14ਝਗੜਾ ਸ਼ੁਰੂ ਕਰਨਾ ਪਾਣੀ ਦੇ ਬੰਨ੍ਹ ਨੂੰ ਤੋੜਨ ਦੇ ਬਰਾਬਰ ਹੈ,
ਇਸ ਲਈ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਮਾਮਲਾ ਛੱਡ ਦਿਓ।
15ਦੋਸ਼ੀ ਨੂੰ ਧਰਮੀ ਠਹਿਰਾਉਣਾ ਅਤੇ ਨਿਰਦੋਸ਼ ਨੂੰ ਦੋਸ਼ੀ ਠਹਿਰਾਉਣਾ,
ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।
16ਮੂਰਖਾਂ ਦੇ ਹੱਥ ਵਿੱਚ ਸਿਆਣਪ ਲੈਣ ਲਈ ਧਨ ਕਿਉਂ ਹੋਵੇ,
ਜਦੋਂ ਉਹ ਸਮਝ ਨਹੀਂ ਸਕਦੇ?
17ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ,
ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।
18ਕੇਵਲ ਮੂਰਖ ਮਨੁੱਖ ਹੀ
ਕਿਸੇ ਪਰਾਏ ਮਨੁੱਖ ਦੇ ਕਰਜ਼ੇ ਦੀ ਜਿੰਮੇਦਾਰੀ ਲੈਂਦਾ ਹੈ।
19ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ ਉਹ ਪਾਪ ਨੂੰ ਪਿਆਰ ਕਰਦਾ ਹੈ,
ਜੋ ਕੋਈ ਉੱਚਾ ਦਰਵਾਜ਼ਾ ਬਣਾਉਂਦਾ ਹੈ ਉਹ ਤਬਾਹੀ ਨੂੰ ਸੱਦਾ ਦਿੰਦਾ ਹੈ।
20ਜਿਸ ਦਾ ਮਨ ਭ੍ਰਿਸ਼ਟ ਹੈ ਉਹ ਸਫਲ ਨਹੀਂ ਹੁੰਦਾ,
ਜਿਸ ਦੀ ਜੀਭ ਵਿਗੜਦੀ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।
21ਇੱਕ ਬੱਚੇ ਲਈ ਮੂਰਖ ਹੋਣਾ ਦੁੱਖ ਲਿਆਉਂਦਾ ਹੈ,
ਅਧਰਮੀ ਮੂਰਖ ਦੇ ਮਾਤਾ-ਪਿਤਾ ਲਈ ਕੋਈ ਖੁਸ਼ੀ ਨਹੀਂ ਹੈ।
22ਖੁਸ਼ ਦਿਲ ਚੰਗੀ ਦਵਾਈ ਹੈ,
ਪਰ ਕੁਚਲਿਆ ਹੋਇਆ ਆਤਮਾ ਹੱਡੀਆਂ ਨੂੰ ਸੁਕਾ ਦਿੰਦਾ ਹੈ।
23ਦੁਸ਼ਟ ਨਿਆਂ ਦੇ ਰਾਹ ਨੂੰ,
ਵਿਗਾੜਨ ਲਈ ਗੁਪਤ ਵਿੱਚ ਰਿਸ਼ਵਤ ਲੈਂਦੇ ਹਨ।
24ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ,
ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆਂ ਹਨ।
25ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ,
ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।
26ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ,
ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।
27ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ,
ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।
28ਮੂਰਖ ਵੀ ਸਿਆਣਾ ਸਮਝਿਆ ਜਾਂਦਾ ਹੈ ਜੇ ਉਹ ਚੁੱਪ ਰਹੇ,
ਅਤੇ ਸਮਝਦਾਰ ਜੇ ਉਹ ਆਪਣੀਆਂ ਜੀਭਾਂ ਨੂੰ ਫੜੀ ਰੱਖੇ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.