Fò sí àkóónú

ਕਹਾਉਤਾਂ 16

16
1ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ,
ਪਰ ਜ਼ੁਬਾਨੋ ਸਹੀ ਉੱਤਰ ਯਾਹਵੇਹ ਤੋਂ ਆਉਂਦਾ ਹੈ।
2ਮਨੁੱਖ ਦੇ ਸਾਰੇ ਰਾਹ ਉਸ ਨੂੰ ਸ਼ੁੱਧ ਜਾਪਦੇ ਹਨ,
ਪਰ ਯਾਹਵੇਹ ਦਿਲਾਂ ਨੂੰ ਜਾਂਚਦਾ ਹੈ।
3ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ,
ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
4ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ,
ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।
5ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ,
ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।
6ਪਿਆਰ ਅਤੇ ਵਫ਼ਾਦਾਰੀ ਦੁਆਰਾ ਪਾਪ ਨੂੰ ਮਾਫ਼ ਕੀਤਾ ਜਾਂਦਾ ਹੈ,
ਯਾਹਵੇਹ ਦੇ ਭੈਅ ਦੁਆਰਾ ਬੁਰਾਈ ਤੋਂ ਬਚਿਆ ਜਾਂਦਾ ਹੈ।
7ਜਦੋਂ ਯਾਹਵੇਹ ਕਿਸੇ ਦੇ ਰਾਹ ਤੋਂ ਪ੍ਰਸੰਨ ਹੁੰਦਾ ਹੈ,
ਤਾਂ ਉਹ ਉਹਨਾਂ ਦੇ ਦੁਸ਼ਮਣਾਂ ਨਾਲ ਉਹਨਾਂ ਦਾ ਮੇਲ ਕਰਾਉਂਦਾ ਹੈ।
8ਬੇਇਨਸਾਫ਼ੀ ਦੇ ਬਹੁਤੇ ਲਾਭ ਨਾਲੋਂ,
ਧਰਮ ਦਾ ਥੋੜਾ ਜਿਹਾ ਲਾਭ ਚੰਗਾ ਹੈ।
9ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ,
ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।
10ਰਾਜੇ ਦੇ ਮੂੰਹੋਂ ਐਲਾਨੇ ਗਏ ਫ਼ੈਸਲੇ ਬ੍ਰਹਮ ਵਾਕ ਵਾਂਗ ਹਨ,
ਅਤੇ ਉਹ ਦਾ ਮੂੰਹ ਇਨਸਾਫ਼ ਨੂੰ ਧੋਖਾ ਨਹੀਂ ਦਿੰਦਾ।
11ਇਮਾਨਦਾਰ ਤੱਕੜੀ ਅਤੇ ਸਹੀ ਤੁਲਨਾ ਯਾਹਵੇਹ ਦੇ ਹਨ,
ਥੈਲੇ ਦੇ ਸਾਰੇ ਵੱਟੇ ਉਸ ਨੇ ਬਣਾਏ ਹੋਏ ਹਨ।
12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ,
ਕਿਉਂ ਜੋ ਸਿੰਘਾਸਣ ਧਰਮ ਨਾਲ ਕਾਇਮ ਹੁੰਦਾ ਹੈ।
13ਧਰਮੀ ਦੇ ਬੁੱਲ੍ਹਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ,
ਉਹ ਉਸ ਦੀ ਕਦਰ ਕਰਦੇ ਹਨ ਜੋ ਸਹੀ ਬੋਲਦਾ ਹੈ।
14ਰਾਜੇ ਦਾ ਕ੍ਰੋਧ ਮੌਤ ਦੇ ਦੂਤ ਵਰਗਾ ਹੈ,
ਪਰ ਬੁੱਧਵਾਨ ਇਸ ਨੂੰ ਸ਼ਾਂਤ ਕਰੇਗਾ।
15ਰਾਜੇ ਦੇ ਚਿਹਰੇ ਦੀ ਚਮਕ ਵਿੱਚ ਜੀਵਨ ਹੈ;
ਉਸ ਦੀ ਕਿਰਪਾ ਬਸੰਤ ਵਿੱਚ ਮੀਂਹ ਦੇ ਬੱਦਲ ਵਰਗੀ ਹੈ।
16ਸੋਨੇ ਨਾਲੋਂ ਬੁੱਧ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ,
ਚਾਂਦੀ ਨਾਲੋਂ ਸਮਝ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ!
17ਨੇਕੀ ਦਾ ਮਾਰਗ ਬੁਰਿਆਈ ਤੋਂ ਬਚਦਾ ਹੈ।
ਜਿਹੜੇ ਆਪਣੇ ਰਾਹਾਂ ਦੀ ਰਾਖੀ ਕਰਦੇ ਹਨ ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ।
18ਨਾਸ ਤੋਂ ਪਹਿਲਾਂ ਹੰਕਾਰ,
ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਆਤਮਾ ਆਉਂਦੀ ਹੈ।
19ਹੰਕਾਰੀਆਂ ਨਾਲ ਲੁੱਟ ਸਾਂਝੇ ਕਰਨ ਨਾਲੋਂ,
ਦੱਬੇ-ਕੁਚਲੇ ਲੋਕਾਂ ਦੇ ਨਾਲ ਨੀਵਾਂ ਹੋਣਾ ਚੰਗਾ ਹੈ।
20ਜੋ ਕੋਈ ਉਪਦੇਸ਼ ਨੂੰ ਮੰਨਦਾ ਹੈ ਉਹ ਖੁਸ਼ਹਾਲ ਹੁੰਦਾ ਹੈ,
ਅਤੇ ਮੁਬਾਰਕ ਹੈ ਉਹ ਜੋ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ।
21ਬੁੱਧਵਾਨ ਦਿਲ ਸਮਝਦਾਰ ਕਹਾਉਂਦਾ ਹੈ,
ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵਧ ਜਾਂਦੀ ਹੈ।
22ਬੁੱਧ ਸਮਝਦਾਰ ਲਈ ਜੀਵਨ ਦਾ ਸੋਤਾ ਹੈ,
ਪਰ ਮੂਰਖਤਾ ਮੂਰਖਾਂ ਨੂੰ ਸਜ਼ਾ ਦਿੰਦੀ ਹੈ।
23ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ,
ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।
24ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ,
ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।
25ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ,
ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।
26ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ;
ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।
27ਇੱਕ ਦੁਸ਼ਟ ਬੁਰਿਆਈ ਦੀ ਸਾਜ਼ਿਸ਼ ਘੜਦਾ ਹੈ,
ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਉਹ ਬਲਦੀ ਅੱਗ ਵਰਗਾ ਹੈ।
28ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ,
ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।
29ਇੱਕ ਹਿੰਸਕ ਵਿਅਕਤੀ ਆਪਣੇ ਗੁਆਂਢੀ ਨੂੰ ਭਰਮਾਉਂਦਾ ਹੈ
ਅਤੇ ਉਹਨਾਂ ਨੂੰ ਅਜਿਹੇ ਰਾਹ ਤੇ ਲੈ ਜਾਂਦਾ ਹੈ ਜੋ ਚੰਗਾ ਨਹੀਂ ਹੈ।
30ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ।
ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।
31ਧੌਲਾ ਸਿਰ ਦਾ ਤਾਜ ਹੈ;
ਇਹ ਧਰਮ ਦੇ ਰਾਹ ਵਿੱਚ ਪ੍ਰਾਪਤ ਹੁੰਦਾ ਹੈ।
32ਜਿਹੜਾ ਕ੍ਰੋਧ ਵਿੱਚ ਧੀਮਾ ਉਹ ਸੂਰਮੇ ਨਾਲੋਂ,
ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਨਾਲੋਂ ਚੰਗਾ ਹੈ।
33ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ,
ਪਰ ਇਸ ਦਾ ਫ਼ੈਸਲਾ ਯਾਹਵੇਹ ਵੱਲੋਂ ਹੁੰਦਾ ਹੈ।