ਮਰਕੁਸ 4
4
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
ਮੱਤੀ 13:1-9; ਲੂਕਾ 8:4-8
1ਉਹ ਫੇਰ ਝੀਲ ਦੇ ਕਿਨਾਰੇ ਉੱਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਐਨੀ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਝੀਲ ਦੇ ਕਿਨਾਰੇ ਧਰਤੀ ਉੱਤੇ ਰਹੀ। 2ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ, 3ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। 4ਅਤੇ ਇਸ ਤਰ੍ਹਾਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਰਾਹ ਦੇ ਕੰਢੇ ਡਿੱਗ ਪਏ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ। 5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਰਕੇ ਉਹ ਛੇਤੀ ਉੱਗ ਪਿਆ। 6ਅਤੇ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ। 7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ। 8ਪਰ ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਉੱਗਦਿਆਂ ਸਾਰ ਵਧਿਆ ਅਤੇ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਫਲ ਦਿੱਤਾ। 9ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।
ਦ੍ਰਿਸ਼ਟਾਂਤਾਂ ਦਾ ਮਕਸਦ
ਮੱਤੀ 13:10-17; ਲੂਕਾ 8:9, 10
10ਜਦੋਂ ਉਹ ਇਕਾਂਤ ਵਿੱਚ ਸੀ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹ ਨੂੰ ਪੁੱਛਿਆ। 11ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ,
12 ਉਹ ਵੇਖਦੇ ਹੋਏ ਵੇਖਣ ਤਾਂ ਸਹੀ ਪਰ ਬੁੱਝਣ ਨਾ,
ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ,
ਕਿਤੇ ਇੰਝ ਨਾ ਹੋਵੇ ਜੋ ਉਹ ਮੁੜ ਆਉਣ, ਅਤੇ ਉਨ੍ਹਾ ਨੂੰ ਮਾਫ਼ੀ ਮਿਲੇ।
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ
ਮੱਤੀ 13:18-23; ਲੂਕਾ 8:11-15
13ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਦ੍ਰਿਸ਼ਟਾਂਤ ਦੀ ਉਦਾਹਰਣ ਨੂੰ ਨਹੀਂ ਸਮਝਦੇ? ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕਿਵੇਂ ਸਮਝੋਗੇ? 14ਬੀਜਣ ਵਾਲਾ ਪਰਮੇਸ਼ੁਰ ਦਾ ਬਚਨ ਬੀਜਦਾ ਹੈ। 15ਅਤੇ ਰਾਹ ਦੇ ਕਿਨਾਰੇ ਵਾਲੇ ਉਹ ਹਨ ਜਿਹਨਾਂ ਨੇ ਸੁਣਿਆ, ਤਾਂ ਸ਼ੈਤਾਨ ਆਣ ਕੇ ਉਸ ਬਚਨ ਨੂੰ ਉਨ੍ਹਾ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ। 16ਅਤੇ ਇਸੇ ਤਰ੍ਹਾਂ ਜਿਹੜੇ ਪਥਰੀਲੀ ਜ਼ਮੀਨ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ। 17ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜ੍ਹਾ ਸਮਾਂ ਰਹਿੰਦੇ ਹਨ ਅਤੇ ਜਦੋਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ। 18ਅਤੇ ਹੋਰ ਉਹ ਹਨ ਜਿਹੜੇ ਝਾੜੀਆਂ ਵਿੱਚ ਬੀਜੇ ਜਾਂਦੇ। ਇਹ ਉਹ ਹਨ ਜਿਨ੍ਹਾਂ ਨੇ ਬਚਨ ਨੂੰ ਸੁਣਿਆ 19ਅਤੇ ਸੰਸਾਰ ਦੀ ਚਿੰਤਾ ਤੇ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਬੇਫੱਲ ਰਹਿ ਜਾਂਦਾ ਹੈ। 20ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ।
ਦੀਵੇ ਦਾ ਦ੍ਰਿਸ਼ਟਾਂਤ
ਲੂਕਾ 8:16-18
21ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਦੀਵਾ ਇਸ ਲਈ ਲਿਆਉਂਦੇ ਹਨ ਕਿ ਟੋਕਰੇ ਜਾਂ ਮੰਜੇ ਥੱਲੇ ਰੱਖਿਆ ਜਾਵੇ, ਕੀ ਇਸ ਲਈ ਨਹੀਂ ਕੀ ਉਹ ਦੀਵਟ ਉੱਤੇ ਰੱਖਿਆ ਜਾਵੇ? 22ਕੋਈ ਚੀਜ਼ ਗੁਪਤ ਨਹੀਂ ਪਰ ਇਸ ਲਈ ਜੋ ਉਹ ਪਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੂ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ। 23ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣੇ। 24ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ! ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ। 25ਕਿਉਂਕਿ ਜਿਹ ਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਵੀ ਲੈ ਲਿਆ ਜਾਵੇਗਾ।
ਉੱਗਣ ਵਾਲੇ ਬੀਜ ਦਾ ਦ੍ਰਿਸ਼ਟਾਂਤ
26ਫੇਰ ਉਹ ਨੇ ਕਿਹਾ, ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕੋਈ ਮਨੁੱਖ ਜ਼ਮੀਨ ਵਿੱਚ ਬੀਜ ਬੀਜੇ। 27ਅਤੇ ਬੀਜ ਬੀਜਣ ਵਾਲਾ ਰਾਤ ਨੂੰ ਸੌਂਦਾ ਅਤੇ ਦਿਨ ਵੇਲੇ ਜਾਗਦਾ, ਪਰ ਉਹ ਨਹੀਂ ਜਾਣਦਾ ਕਿ ਬੀਜ ਕਿਵੇਂ ਉੱਗ ਪਿਆ। 28ਜ਼ਮੀਨ ਤਾਂ ਆਪਣੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਕੂਰ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ। 29ਅਤੇ ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ।
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ
ਮੱਤੀ 13:31-34; ਲੂਕਾ 13:18, 19
30ਫੇਰ ਉਹ ਨੇ ਕਿਹਾ, ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਜਾਂ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ? 31ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤਾਂ ਜ਼ਮੀਨ ਦੇ ਸਭਨਾਂ ਬੀਜਾਂ ਨਾਲੋਂ ਛੋਟਾ ਹੈ। 32ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰਿਆਂ ਪੋਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਅਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸਕਦੇ ਹਨ।
33ਉਹ ਇਹੋ ਜਿਹਿਆਂ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨਾਲ ਬਚਨ ਕਰਦਾ ਸੀ ਜਿਸ ਤਰ੍ਹਾਂ ਉਹ ਸਮਝ ਸਕਦੇ ਸਨ। 34ਅਤੇ ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਇਕਾਂਤ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁਝ ਖੋਲ੍ਹ ਕੇ ਦੱਸਦਾ ਸੀ।
ਤੂਫਾਨ ਨੂੰ ਸ਼ਾਂਤ ਕਰਨਾ
ਮੱਤੀ 8:23-27; ਲੂਕਾ 8:22-25
35ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਆਓ ਅਸੀਂ ਉਸ ਪਾਰ ਚੱਲੀਏ। 36ਅਤੇ ਉਹ ਭੀੜ ਨੂੰ ਛੱਡ ਕੇ ਜਿਵੇਂ ਉਹ ਬੇੜੀ ਉੱਤੇ ਸੀ ਤਿਵੇਂ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹ ਦੇ ਨਾਲ ਸਨ। 37ਤਦ ਇੱਕ ਵੱਡਾ ਤੂਫ਼ਾਨ ਆਇਆ, ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਉੱਤੇ ਐਥੋਂ ਤੱਕ ਪਹੁੰਚ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ। 38ਅਤੇ ਯਿਸੂ ਆਪ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਾਹਣਾ ਰੱਖ ਕੇ ਸੁੱਤੇ ਪਏ ਸਨ। ਤਦ ਉਨ੍ਹਾਂ ਨੇ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੁਹਾਨੂੰ ਸਾਡਾ ਕੋਈ ਫ਼ਿਕਰ ਨਹੀਂ ਜੋ ਅਸੀਂ ਡੁੱਬ ਚੱਲੇ ਹਾਂ? 39ਤਦ ਉਸ ਨੇ ਉੱਠ ਕੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ। 40ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ? 41ਤਾਂ ਉਹ ਬਹੁਤ ਡਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਗੱਲ ਮੰਨ ਲੈਂਦੇ ਹਨ?
Поточний вибір:
ਮਰਕੁਸ 4: IRVPun
Позначайте
Копіювати
Порівняти
Поділитись
Хочете, щоб ваші позначення зберігалися на всіх ваших пристроях? Зареєструйтеся або увійдіть
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.