ਮਰਕੁਸ 3
3
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
ਮੱਤੀ 12:9-14; ਲੂਕਾ 6:6-11
1ਯਿਸੂ ਫੇਰ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ, ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਕਿ ਨਹੀਂ ਤਾਂ ਕਿ ਉਹ ਦੇ ਜੁੰਮੇ ਦੋਸ਼ ਲਾਉਣ। 3ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, ਵਿਚਕਾਰ ਖੜ੍ਹਾ ਹੋ। 4ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ? ਜਾਨ ਬਚਾਉਣੀ ਜਾਂ ਜਾਨ ਨੂੰ ਮਾਰਨਾ? ਪਰ ਉਹ ਚੁੱਪ ਹੀ ਰਹੇ। 5ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਨ੍ਹਾਂ ਵੱਲ ਗੁੱਸੇ ਨਾਲ ਚਾਰੇ-ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਵਧਾ। ਤਾਂ ਉਸ ਨੇ ਵਧਾਇਆ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ। 6ਤਦ ਫ਼ਰੀਸੀ ਨਿੱਕਲ ਕੇ ਉਸ ਵੇਲੇ ਹੇਰੋਦੀਆਂ ਨਾਲ ਉਹ ਦੇ ਵਿਰੁੱਧ ਯੋਜਨਾ ਬਣਾਉਣ ਲੱਗੇ ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ।
ਭੀੜ ਯਿਸੂ ਦੇ ਪਿੱਛੇ ਚੱਲਦੀ ਹੈ
7ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਅਤੇ ਗਲੀਲ ਤੋਂ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਤੁਰ ਪਈ। 8ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿੰਨੇ ਵੱਡੇ-ਵੱਡੇ ਕੰਮ ਕਰਦਾ ਹੈ, ਉਹ ਦੇ ਕੋਲ ਆਈ। 9ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕਿਹਾ, ਭੀੜ ਦੇ ਕਾਰਨ ਇੱਕ ਕਿਸ਼ਤੀ ਮੇਰੇ ਲਈ ਤਿਆਰ ਕਰੋ ਤਾਂ ਕਿ ਲੋਕ ਮੈਨੂੰ ਦਬਾ ਨਾ ਲੈਣ। 10ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੱਕ ਕਿ ਜਿੰਨੇ ਰੋਗੀ ਸਨ, ਉਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ। 11ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਤੇ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ! 12ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਕਿਹਾ ਜੋ ਮੈਨੂੰ ਉਜਾਗਰ ਨਾ ਕਰੋ!।
ਬਾਰਾਂ ਚੇਲਿਆਂ ਦੀ ਨਿਯੁਕਤੀ
ਮੱਤੀ 10:1-4; ਲੂਕਾ 6:12-16
13ਫੇਰ ਉਹ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। 14ਅਤੇ ਉਹ ਨੇ ਬਾਰਾਂ ਪੁਰਸ਼ ਠਹਿਰਾਏ (ਉਹਨਾਂ ਨੂੰ ਉਸਨੇ ਰਸੂਲ ਆਖਿਆ) ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ, ਜੋ ਪਰਚਾਰ ਕਰਨ। 15ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ। 16ਅਤੇ ਉਹ ਇਹ ਹਨ, ਸ਼ਮਊਨ ਜਿਸ ਦਾ ਨਾਮ ਉਹ ਨੇ ਪਤਰਸ ਰੱਖਿਆ, 17ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਵਾਂ ਦਾ ਨਾਮ ਉਹ ਨੇ ਬਨੀ-ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤਰ 18ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ 19ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ ਸੀ।
ਯਿਸੂ ਅਤੇ ਬਆਲਜ਼ਬੂਲ
ਮੱਤੀ 12:22-32; ਲੂਕਾ 11:14-23; 12:10
20ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ। 21ਜਦੋਂ ਉਹ ਦੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਫੜਨ ਲਈ ਨਿੱਕਲੇ ਕਿਉਂ ਜੋ ਉਨ੍ਹਾਂ ਨੇ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ। 22ਅਤੇ ਉਪਦੇਸ਼ਕਾਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਕਿ ਉਹ ਸ਼ੈਤਾਨ (ਮੂਲ ਭਾਸ਼ਾ ਵਿੱਚ ਬਾਲਜਬੂਲ) ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। 23ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨੂੰ ਕਿਹਾ ਕਿ ਸ਼ੈਤਾਨ ਨੂੰ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ? 24ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ। 25ਅਤੇ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ। 26ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ ਸਗੋਂ ਉਹ ਦਾ ਅੰਤ ਹੀ ਹੋ ਜਾਵੇਗਾ। 27ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਨਹੀਂ ਲੁੱਟ ਸਕਦਾ ਜੇ ਪਹਿਲਾਂ ਉਸ ਨੂੰ ਬੰਨ੍ਹ ਨਾ ਲਵੇ, ਤਦ ਉਹ ਉਸ ਦਾ ਘਰ ਲੁੱਟ ਸਕੇਗਾ। 28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਅਤੇ ਨਿੰਦਿਆ ਜਿੰਨੇ ਉਹ ਕਰਨ, ਮਾਫ਼ ਕੀਤੇ ਜਾ ਸਕਦੇ ਹਨ। 29ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਕੇ ਦੋਸ਼ੀ ਠਹਿਰੇਗਾ। 30ਕਿਉਂ ਜੋ ਉਨ੍ਹਾਂ ਨੇ ਆਖਿਆ ਸੀ ਜੋ ਉਹ ਦੇ ਵਿੱਚ ਅਸ਼ੁੱਧ ਆਤਮਾ ਹੈ।
ਯਿਸੂ ਦੀ ਮਾਤਾ ਅਤੇ ਭਰਾ
ਮੱਤੀ 12:46-50; ਲੂਕਾ 8:19-21
31ਤਦ ਉਹ ਦੀ ਮਾਤਾ ਅਤੇ ਉਹ ਦੇ ਭਰਾ ਆਏ ਅਤੇ ਬਾਹਰ ਖੜੇ ਹੋ ਕੇ ਉਹ ਨੂੰ ਬੁਲਾਵਾ ਭੇਜਿਆ। 32ਅਤੇ ਬਹੁਤ ਲੋਕ ਉਹ ਦੇ ਚੁਫ਼ੇਰੇ ਬੈਠੇ ਸਨ ਸੋ ਉਹ ਨੂੰ ਕਹਿਣ ਲੱਗੇ, ਵੇਖੋ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਖੜ੍ਹੇ ਹਨ। 33ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ? 34ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ-ਦੁਆਲੇ ਬੈਠੇ ਸਨ, ਚਾਰੇ ਪਾਸੇ ਵੇਖ ਕੇ ਕਿਹਾ, ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।
Поточний вибір:
ਮਰਕੁਸ 3: IRVPun
Позначайте
Копіювати
Порівняти
Поділитись
Хочете, щоб ваші позначення зберігалися на всіх ваших пристроях? Зареєструйтеся або увійдіть
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.