Preskoči na vsebino

ਕਹਾਉਤਾਂ 9

9
ਬੁੱਧ ਅਤੇ ਮੂਰਖਤਾ ਦਾ ਸੱਦਾ
1ਬੁੱਧ ਨੇ ਆਪਣਾ ਘਰ ਬਣਾਇਆ ਹੈ,
ਉਸਨੇ ਆਪਣੇ ਸੱਤ ਥੰਮ੍ਹਾਂ ਨੂੰ ਸਥਾਪਿਤ ਕੀਤਾ ਹੈ।
2ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ,
ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।
3ਉਸ ਨੇ ਆਪਣੀਆਂ ਦਾਸੀਆਂ ਨੂੰ ਸੁਨੇਹਾ ਭੇਜਿਆ ਹੈ,
ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,
4“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!”
ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,
5“ਆਓ, ਮੇਰਾ ਭੋਜਨ ਖਾਓ
ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।
6ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ।
ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”
7ਜੋ ਕੋਈ ਮਖੌਲ ਕਰਨ ਵਾਲੇ ਨੂੰ ਸੁਧਾਰਦਾ ਹੈ, ਆਪਣੀ ਹੀ ਬੇਇੱਜਤੀ ਕਰਵਾਉਂਦਾ ਹੈ,
ਜੋ ਕੋਈ ਦੁਸ਼ਟ ਨੂੰ ਝਿੜਕਦਾ ਹੈ ਆਪਣੇ ਉੱਪਰ ਹੀ ਬੁਰੇ ਸ਼ਬਦ ਲੈਦਾ ਹੈ।
8ਮਜ਼ਾਕ ਕਰਨ ਵਾਲਿਆਂ ਨੂੰ ਨਾ ਝਿੜਕ, ਨਹੀਂ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ,
ਬੁੱਧਵਾਨਾਂ ਨੂੰ ਝਿੜਕ ਅਤੇ ਉਹ ਤੁਹਾਨੂੰ ਪਿਆਰ ਕਰਨਗੇ।
9ਬੁੱਧਵਾਨਾਂ ਨੂੰ ਉਪਦੇਸ਼ ਦੇ ਉਹ ਹੋਰ ਵੀ ਸਿਆਣੇ ਹੋ ਜਾਣਗੇ,
ਧਰਮੀ ਨੂੰ ਸਿਖਾ ਅਤੇ ਉਹ ਸਿੱਖਿਆ ਵਿੱਚ ਵੱਧ ਜਾਣਗੇ।
10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ,
ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।
11ਕਿਉਂ ਜੋ ਬੁੱਧ ਦੇ ਕਾਰਨ ਤੁਹਾਡੇ ਦਿਨ ਬਹੁਤ ਹੋਣਗੇ,
ਅਤੇ ਤੁਹਾਡੇ ਜੀਵਨ ਵਿੱਚ ਸਾਲਾਂ ਦਾ ਵਾਧਾ ਹੋਵੇਗਾ।
12ਜੇ ਤੁਸੀਂ ਸਿਆਣੇ ਹੋ ਤਾਂ ਤੁਹਾਡੀ ਬੁੱਧ ਤੁਹਾਨੂੰ ਇਨਾਮ ਦੇਵੇਗੀ,
ਜੇ ਤੁਸੀਂ ਮਖੌਲ ਕਰਨ ਵਾਲੇ ਹੋ ਤਾਂ ਤੁਸੀਂ ਹੀ ਦੁੱਖ ਝੱਲੋਗੇ।
13ਮੂਰਖ ਔਰਤ ਬੜਬੋਲੀ ਹੈ,
ਉਹ ਭੋਲੀ ਹੈ ਅਤੇ ਕੁਝ ਨਹੀਂ ਜਾਣਦੀ।
14ਉਹ ਆਪਣੇ ਘਰ ਦੇ ਦਰਵਾਜ਼ੇ ਤੇ,
ਸ਼ਹਿਰ ਦੇ ਸਭ ਤੋਂ ਉੱਚੇ ਸਥਾਨ ਉੱਤੇ ਬੈਠੀ ਹੈ,
15ਜਿਹੜੇ ਰਾਹ ਜਾਂਦੇ ਹਨ,
ਆਪਣੇ ਰਾਹ ਤੁਰਨ ਵਾਲਿਆਂ ਨੂੰ ਪੁਕਾਰਦੇ ਹਨ।
16“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!”
ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,
17“ਚੋਰੀ ਦਾ ਪਾਣੀ ਮਿੱਠਾ ਹੈ,
ਲੁਕ-ਛਿਪ ਕੇ ਖਾਧਾ ਖਾਣਾ ਸੁਆਦੀ ਹੁੰਦਾ ਹੈ!”
18ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ,
ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।