ਅਸਤਰ 5
5
ਏਸਤੇਰ ਦੀ ਰਾਜੇ ਅੱਗੇ ਬੇਨਤੀ
1ਤੀਜੇ ਦਿਨ ਏਸਤੇਰ ਆਪਣੇ ਸ਼ਾਹੀ ਬਸਤਰ ਪਾ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਰਾਜੇ ਦੇ ਹਾਲ ਦੇ ਸਾਮ੍ਹਣੇ ਖੜ੍ਹੀ ਹੋਈ। ਰਾਜਾ ਪ੍ਰਵੇਸ਼ ਦੁਆਰ ਵੱਲ ਮੂੰਹ ਕਰਕੇ ਹਾਲ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠਾ ਸੀ। 2ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਧਾਇਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।
3ਤਦ ਰਾਜੇ ਨੇ ਪੁੱਛਿਆ, “ਰਾਣੀ ਏਸਤੇਰ, ਕੀ ਹੋਇਆ? ਤੇਰੀ ਕੀ ਮੰਗ ਹੈ? ਜੇ ਤੂੰ ਮੇਰੇ ਤੋਂ ਅੱਧਾ ਰਾਜ ਵੀ ਮੰਗੇ, ਤਾਂ ਉਹ ਵੀ ਮੈਂ ਤੁਹਾਨੂੰ ਦੇ ਦੇਵਾਂਗਾ।”
4ਏਸਤੇਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।”
5ਰਾਜੇ ਨੇ ਕਿਹਾ, “ਹਾਮਾਨ ਨੂੰ ਤੁਰੰਤ ਲਿਆਓ ਤਾਂ ਜੋ ਏਸਤੇਰ ਜੋ ਕਹੇ ਅਸੀਂ ਉਹੀ ਕਰੀਏ।”
ਇਸ ਲਈ ਰਾਜਾ ਅਤੇ ਹਾਮਾਨ ਏਸਤੇਰ ਦੁਆਰਾ ਤਿਆਰ ਕੀਤੀ ਗਈ ਦਾਅਵਤ ਵਿੱਚ ਗਏ। 6ਜਦੋਂ ਉਹ ਦਾਅਵਤ ਵਿੱਚ ਸ਼ਰਾਬ ਪੀਣ ਲਈ ਬੈਠ ਗਏ, ਤਾਂ ਰਾਜੇ ਨੇ ਏਸਤੇਰ ਨੂੰ ਪੁੱਛਿਆ, “ਤੇਰੀ ਕੀ ਮੰਗ ਹੈ, ਤਾਂ ਜੋ ਇਹ ਪੂਰੀ ਹੋ ਸਕੇ? ਤੇਰੀ ਕੀ ਇੱਛਾ ਹੈ? ਜੇਕਰ ਇਹ ਮੇਰੇ ਰਾਜ ਦੇ ਅੱਧੇ ਹਿੱਸੇ ਹੈ, ਤਾਂ ਇਹ ਦਿੱਤਾ ਜਾਵੇਗਾ।”
7ਏਸਤੇਰ ਨੇ ਉੱਤਰ ਦੇ ਕੇ ਕਿਹਾ, “ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ: 8ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜਨ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ।”
ਮਾਰਦਕਈ ਦੇ ਵਿਰੁੱਧ ਹਾਮਾਨ ਦਾ ਗੁੱਸਾ
9ਹਾਮਾਨ ਉਸ ਦਿਨ ਖੁਸ਼ ਅਤੇ ਉੱਚੇ ਜੋਸ਼ ਨਾਲ ਬਾਹਰ ਗਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਵੇਖਿਆ ਅਤੇ ਦੇਖਿਆ ਕਿ ਉਹ ਉਸ ਦੀ ਹਾਜ਼ਰੀ ਵਿੱਚ ਨਾ ਤਾਂ ਉੱਠਿਆ ਅਤੇ ਨਾ ਹੀ ਡਰਿਆ, ਤਾਂ ਉਹ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ। 10ਫਿਰ ਵੀ, ਹਾਮਾਨ ਨੇ ਆਪਣੇ ਆਪ ਨੂੰ ਰੋਕ ਲਿਆ ਅਤੇ ਘਰ ਚਲਾ ਗਿਆ।
ਅਤੇ ਉਸ ਨੇ ਆਪਣੇ ਦੋਸਤਾਂ ਅਤੇ ਆਪਣੀ ਪਤਨੀ ਜ਼ਰੇਸ਼ ਨੂੰ ਆਪਣੇ ਕੋਲ ਬੁਲਾ ਲਿਆ। 11ਤਦ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ। 12“ਹਾਮਾਨ ਨੇ ਇਹ ਵੀ ਕਿਹਾ, ਰਾਣੀ ਏਸਤੇਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ। 13ਪਰ ਜਦੋਂ ਤੱਕ ਮੈਂ ਉਸ ਯਹੂਦੀ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਬੈਠਾ ਵੇਖਦਾ ਹਾਂ, ਇਹ ਸਭ ਕੁਝ ਮੈਨੂੰ ਸੰਤੁਸ਼ਟੀ ਨਹੀਂ ਦਿੰਦਾ।”
14ਉਸ ਦੀ ਪਤਨੀ ਜ਼ਰੇਸ਼ ਅਤੇ ਉਸ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਆਖਿਆ, “ਪੰਜਾਹ ਹੱਥ#5:14 ਲਗਭਗ 75 ਫੁੱਟ ਦੀ ਉਚਾਈ ਤੱਕ ਇੱਕ ਖੰਭਾ ਲਗਾਓ ਅਤੇ ਸਵੇਰੇ ਪਾਤਸ਼ਾਹ ਨੂੰ ਮਾਰਦਕਈ ਨੂੰ ਸੂਲੀ ਉੱਤੇ ਚੜ੍ਹਾਉਣ ਲਈ ਕਹੋ। ਫੇਰ ਰਾਜੇ ਦੇ ਨਾਲ ਦਾਅਵਤ ਵਿੱਚ ਜਾਓ ਅਤੇ ਆਨੰਦ ਮਾਣੋ।” ਇਸ ਸੁਲਾਹ ਨੇ ਹਾਮਾਨ ਨੂੰ ਬਹੁਤ ਖੁਸ਼ ਕੀਤਾ ਅਤੇ ਉਸ ਨੇ ਖੰਭੇ ਨੂੰ ਖੜ੍ਹਾ ਕਰ ਦਿੱਤਾ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.