YouVersion Logo
Search Icon

2 ਕੁਰਿੰਥੁਸ 9

9
ਲੋੜਵੰਦ ਵਿਸ਼ਵਾਸੀਆਂ ਦੀ ਮਦਦ
1ਮੈਨੂੰ ਇਹ ਲਿਖਣ ਦੀ ਲੋੜ ਨਹੀਂ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਲੋਕਾਂ ਦੀ ਮਦਦ ਕਰਨ ਬਾਰੇ ਲਿਖਾਂ । 2ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਦੇ ਲਈ ਤਿਆਰ ਹੋ । ਇਸ ਦੇ ਬਾਰੇ ਮੈਂ ਬੜੇ ਮਾਣ ਨਾਲ ਮਕਦੂਨਿਯਾ ਨਿਵਾਸੀ ਲੋਕਾਂ ਨੂੰ ਦੱਸਿਆ ਕਿ ਅਖਾਯਾ ਨਿਵਾਸੀ ਪਿਛਲੇ ਸਾਲ ਤੋਂ ਹੀ ਇਸ ਸੇਵਾ ਲਈ ਤਿਆਰ ਹਨ । ਤੁਹਾਡੇ ਉਤਸ਼ਾਹ ਨੂੰ ਦੇਖ ਕੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਮਿਲੀ ਹੈ 3ਪਰ ਹੁਣ ਭਰਾਵਾਂ ਨੂੰ ਭੇਜਣ ਦਾ ਮੇਰਾ ਇਹ ਹੀ ਉਦੇਸ਼ ਹੈ ਕਿ ਸਾਡਾ ਤੁਹਾਡੇ ਬਾਰੇ ਕੀਤਾ ਗਿਆ ਮਾਣ ਗ਼ਲਤ ਸਿੱਧ ਨਾ ਹੋਵੇ । ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਹੇ ਅਨੁਸਾਰ ਇਹ ਸੇਵਾ ਕਰਨ ਦੇ ਲਈ ਤਿਆਰ ਰਹੋ । 4ਅਜਿਹਾ ਨਾ ਹੋਵੇ ਕਿ ਕੁਝ ਮਕਦੂਨਿਯਾ ਨਿਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਦੇਖਣ । ਤਦ ਨਾ ਕੇਵਲ ਸਾਨੂੰ ਸਗੋਂ ਤੁਹਾਨੂੰ ਵੀ ਸਾਡੇ ਕੀਤੇ ਗਏ ਭਰੋਸੇ ਦੇ ਕਾਰਨ ਸ਼ਰਮਿੰਦਾ ਹੋਣਾ ਪਵੇ । 5ਇਸ ਲਈ ਮੈਂ ਇਹ ਜ਼ਰੂਰੀ ਸਮਝਿਆ ਕਿ ਭਰਾਵਾਂ ਅੱਗੇ ਬੇਨਤੀ ਕਰਾਂ ਕਿ ਉਹ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਦਾਨ ਨੂੰ ਜਿਸ ਦਾ ਤੁਸੀਂ ਵਾਅਦਾ ਕੀਤਾ ਸੀ ਤਿਆਰ ਕਰਨ । ਜਦੋਂ ਮੈਂ ਆਵਾਂ ਤਦ ਇਹ ਦਾਨ ਤਿਆਰ ਹੋਵੇ ਅਤੇ ਇਹ ਖੁੱਲ੍ਹ-ਦਿਲੀ ਨਾਲ ਦਿੱਤਾ ਹੋਵੇ ਨਾ ਕਿ ਮਜਬੂਰੀ ਨਾਲ ।
6ਇਹ ਯਾਦ ਰੱਖੋ, ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ, ਜਿਹੜਾ ਬਹੁਤ ਬੀਜਦਾ ਹੈ ਉਹ ਬਹੁਤ ਵੱਢੇਗਾ । 7ਹਰ ਕੋਈ ਆਪਣੇ ਦਿਲ ਵਿੱਚ ਕੀਤੇ ਫ਼ੈਸਲੇ ਅਨੁਸਾਰ ਦੇਵੇ, ਇਹ ਕਿਸੇ ਝਿਜਕ ਜਾਂ ਦਬਾਅ ਨਾਲ ਨਾ ਹੋਵੇ ਕਿਉਂਕਿ ਪਰਮੇਸ਼ਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦੇ ਹਨ । 8ਪਰਮੇਸ਼ਰ ਤੁਹਾਨੂੰ ਲੋੜ ਤੋਂ ਜ਼ਿਆਦਾ ਦੇਣ ਦੀ ਸਮਰੱਥਾ ਰੱਖਦੇ ਹਨ ਤਾਂ ਜੋ ਤੁਹਾਡੇ ਕੋਲ ਨਾ ਕੇਵਲ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਹੋਵੇ ਸਗੋਂ ਹਰ ਭਲੇ ਕੰਮ ਦੇ ਦੇਣ ਲਈ ਵਾਧੂ ਹੋਵੇ । 9#ਭਜਨ 112:9ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ,
“ਉਹਨਾਂ ਨੇ ਖੁੱਲ੍ਹ-ਦਿਲੀ ਨਾਲ ਗਰੀਬਾਂ ਨੂੰ ਦਿੱਤਾ,
ਉਹਨਾਂ ਦੀ ਦਇਆ ਅਨੰਤਕਾਲ ਤੱਕ ਰਹੇਗੀ ।”
10 # ਯਸਾ 55:10 ਉਹ ਜਿਹੜੇ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦੇ ਹਨ, ਉਹ ਤੁਹਾਨੂੰ ਬੀਜਣ ਦੇ ਲਈ ਬੀਜ ਦੇਣਗੇ ਅਤੇ ਉਸ ਨੂੰ ਵਧਾਉਣਗੇ । ਇਸ ਤਰ੍ਹਾਂ ਤੁਹਾਡੀ ਨੇਕੀ ਦੀ ਫ਼ਸਲ ਵਿੱਚ ਵਾਧਾ ਹੋਵੇਗਾ । 11ਉਹ ਤੁਹਾਨੂੰ ਲੋੜ ਤੋਂ ਜ਼ਿਆਦਾ ਅਸੀਸ ਦੇਣਗੇ ਤਾਂ ਜੋ ਤੁਸੀਂ ਹਰ ਸਮੇਂ ਖੁੱਲ੍ਹ-ਦਿਲੀ ਵਾਲਾ ਵਰਤਾਅ ਕਰ ਸਕੋ ਅਤੇ ਇਸ ਤਰ੍ਹਾਂ ਸਾਡੇ ਦੁਆਰਾ ਪਰਮੇਸ਼ਰ ਦਾ ਧੰਨਵਾਦ ਹੋਵੇਗਾ । 12ਕਿਉਂਕਿ ਤੁਹਾਡੀ ਇਸ ਸੇਵਾ ਦੇ ਰਾਹੀਂ ਕੇਵਲ ਪਰਮੇਸ਼ਰ ਦੇ ਲੋਕਾਂ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਸਗੋਂ ਪਰਮੇਸ਼ਰ ਦਾ ਧੰਨਵਾਦ ਬਹੁਤਾਤ ਨਾਲ ਹੁੰਦਾ ਹੈ । 13ਇਹ ਸੇਵਾ ਜਿਹੜੀ ਤੁਹਾਡੇ ਵਿਸ਼ਵਾਸ ਦਾ ਸਬੂਤ ਹੈ, ਇਸ ਨੂੰ ਦੇਖ ਕੇ ਬਹੁਤ ਸਾਰੇ ਪਰਮੇਸ਼ਰ ਦੀ ਵਡਿਆਈ ਕਰਨਗੇ ਕਿਉਂਕਿ ਤੁਸੀਂ ਨਾ ਕੇਵਲ ਮਸੀਹ ਦੇ ਸ਼ੁਭ ਸਮਾਚਾਰ ਨੂੰ ਮੰਨਦੇ ਹੋ ਸਗੋਂ ਤੁਸੀਂ ਖੁੱਲ੍ਹ-ਦਿਲੀ ਨਾਲ ਉਹਨਾਂ ਦੇ ਲਈ ਅਤੇ ਦੂਜੇ ਸਾਰੇ ਲੋਕਾਂ ਦੇ ਲਈ ਦਾਨ ਵੀ ਦਿੰਦੇ ਹੋ 14ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਮਹਾਨ ਕਿਰਪਾ ਨੂੰ ਦੇਖ ਕੇ, ਤੁਹਾਡੇ ਲਈ ਉਹਨਾਂ ਦੇ ਦਿਲਾਂ ਵਿੱਚ ਪਿਆਰ ਪੈਦਾ ਹੋ ਜਾਵੇਗਾ, ਇਸ ਲਈ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ । 15ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹਨਾਂ ਦੇ ਦਾਨ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਹੋ ਸਕਦਾ !

Highlight

Share

ਕਾਪੀ।

None

Want to have your highlights saved across all your devices? Sign up or sign in